ਅਗਾਂਹਵਧੂ ਕਿਸਾਨ ਮਲਕੀਤ ,ਨਿਭਾ ਰਿਹੈ ਵਾਤਾਵਰਣ ਨਾਲ ਪ੍ਰੀਤ  

Spread the love

ਤਿੰਨ ਪੁੱਤਾਂ ਸਣੇ 18 ਏਕੜ ‘ਚ ਕਰਦਾ ਹੈ ਵਾਹੀ, 5 ਸਾਲਾਂ ਤੋਂ ਫਸਲੀ ਰਹਿੰਦ-ਖੂੰਹਦ ਨੂੰ ਨਹੀਂ ਲਾਈ ਅੱਗ


ਸੋਨੀ ਪਨੇਸਰ , ਬਰਨਾਲਾ, 26 ਅਕਤੂਬਰ 2022 

      ਜ਼ਿਲ੍ਹੇ ਦੇ ਬਲਾਕ ਮਹਿਲ ਕਲਾਂ ਦਾ ਅਗਾਂਹਵਧੂ ਕਿਸਾਨ ਮਲਕੀਤ ਸਿੰਘ ਆਪਣੀ ਵੱਖਰੀ ਕਾਰਜ਼ਸ਼ੈਲੀ ਸਦਕਾ ਹੋਰਨਾਂ ਕਿਸਾਨਾਂ ਲਈ ਇੱਕ ਮਿਸਾਲ ਬਣ ਚੁੱਂਕਿਆ ਹੈ। ਉਹ ਆਪਣੇ ਤਿੰਨ ਪੁੱਤਰਾਂ ਸਮੇਤ ਕਰੀਬ 18 ਏਕੜ ਵਿੱਚ ਵਾਹੀ ਕਰਦਾ ਹੈ ਅਤੇ ਚਾਰਾਂ ਪਿਓ-ਪੁੱਤਾਂ ਨੇ ਕਰੀਬ ਪੰਜ ਸਾਲ ਤੋਂ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾ ਕੇ ਵਾਤਾਵਰਣ ਨੂੰ ਬਚਾਉਣ ਵਿੱਚ ਲਾਮਿਸਾਲ ਯੋਗਦਾਨ ਪਾਇਆ ਹੈ ।
    ਕਰੀਬ 67 ਕੁ ਵਰ੍ਹਿਆਂ ਦੇ ਕਿਸਾਨ ਮਲਕੀਤ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਮਹਿਲ ਕਲਾਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਿਕ ਮੈਂਬਰਾਂ ਸਣੇ ਮੌਜੂਦਾ ਸਮੇਂ ਵਿਚ ਕਰੀਬ 18 ਕਿੱਲਿਆਂ ਵਿੱਚ ਖੇਤੀ ਕਰ ਰਿਹਾ ਹੈ ਅਤੇ ਝੋਨੇ ਤੋਂ ਇਲਾਵਾ ਆਲੂ, ਮੂੰਗੀ, ਮੱਕੀ ਆਦਿ ਉਗਾਂਉਂਦਾ ਹੈ। ਉਨ੍ਹਾਂ ਦੱਸਿਆ ਕਿ 5 ਸਾਲ ਪਹਿਲਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਝੋਨੇ ਅਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਜਿੱਥੇ ਧਰਤੀ ਦਾ ਸੀਨਾ ਸੜਦਾ ਹੈ, ਉੱਥੇ ਅਸਮਾਨ ਵੀ ਗੰਧਲਾ ਹੁੰਦਾ ਹੈ ਅਤੇ ਇਸ ਨਾਲ ਬੀਮਾਰੀਆਂ ਵੀ ਉਧਾਰ ਲਈ ਰਕਮ ਤੇ ਸੂਦ ਵਾਂਗ ਲੱਗਦੀਆਂ ਹਨ। ਇਸ ਮਗਰੋਂ ਉਨ੍ਹਾਂ ਨੇ ਖੇਤੀਬਾਡ਼ੀ ਵਿਭਾਗ ਤੇ ਹੋਰਨਾਂ ਥਾਵਾਂ ਤੋਂ ਜਾਣਕਾਰੀ ਲੈ ਕੇ ਮਲਚਰ ਤੇ ਉਲਟਾਵੇਂ ਹਲ ਆਦਿ ਮਸ਼ੀਨਰੀ ਸਬਸਿਡੀ ‘ਤੇ ਲਈ।                                       
     ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਤਿੰਨ ਪੁੱਤ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਪਰਮਜੀਤ ਸਿੰਘ ਵੀ ਉਨ੍ਹਾਂ ਨਾਲ ਖੇਤੀ ਕਰਦੇ ਹਨ। ਉਨ੍ਹਾਂ ਚਾਰਾਂ ਨੇ ਪਹਿਲਾਂ ਮਲਚਰ ਤੇ ਉਲਟਾਵੇਂ ਹਲਾਂ ਨਾਲ ਪਰਾਲੀ ਦਾ ਜ਼ਮੀਨ ‘ਚ ਨਿਬੇੜਾ ਸ਼ੁਰੂ ਕੀਤਾ । ਉਸ ਮਗਰੋਂ ਹੁਣ ਪਰਾਲੀ ਦੀ ਤੂੜੀ ਬਣਾ ਕੇ ਅੱਗੇ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਉਹ ਪਰਾਲੀ ਦੀ ਤੂੜੀ ਬਣਾ ਕੇ ਆਪਣੀ ਜ਼ਮੀਨ ਵਿੱਚ ਆਲੂ ਬੀਜ ਚੁੱਕੇ ਹਨ। ਇਸ ਤੋਂ ਇਲਾਵਾ ਓਹ ਮੱਕੀ ਅਤੇ ਮੂੰਗੀ ਆਦਿ ਵੀ ਲਾਉਂਦੇ ਹਨ।
     ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਪਰਾਲੀ ਨੂੰ ਅੱਗ ਲਾਉਣੀ ਬੰਦ ਕੀਤੀ ਹੈ, ਉਦੋਂ ਤੋਂ ਮਿੱਟੀ ਦੀ ਸਿਹਤ ‘ਚ ਸਿਫਤੀ ਸੁਧਾਰ ਹੋਇਆ ਹੈ ਖੇਤੀ ਖਰਚੇ ਘਟੇ ਹਨ ਅਤੇ ਆਮਦਨ ਵਧੀ ਹੈ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਫਸਲੀ ਰਹਿੰਦ ਖੂੰਹਦ ਦਾ ਵਾਤਾਵਰਣ ਪੱਖੀ ਨਿਬੇੜਾ ਕਰਨ ਦੀ ਅਪੀਲ ਕੀਤੀ।
     ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਖੇਤੀਬਾਡ਼ੀ ਅਧਿਕਾਰੀਆਂ ਨੇ ਵੀ ਕਿਸਾਨ ਮਲਕੀਤ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਮਲਕੀਤ ਸਿੰਘ ਨੂੰ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਨ ਦੀ ਅਪੀਲ ਕੀਤੀ। 
    ਇਸ ਮੌਕੇ ਮੁੱਖ ਖੇਤੀਬਾਡ਼ੀ ਅਫਸਰ ਡਾ. ਵਰਿੰਦਰ ਕੁਮਾਰ ਅਤੇ ਬਲਾਕ ਖੇਤੀਬਾਡ਼ੀ ਅਫਸਰ ਜਸਮੀਨ ਸਿੱਧੂ ਨੇ ਆਖਿਆ ਕਿ ਕਿਸਾਨ ਮਲਕੀਅਤ ਸਿੰਘ ਤੇ ਉਨ੍ਹਾਂ ਦੇ ਤਿੰਨੋਂ ਪੁੱਤਰ ਬਾਕੀ ਕਿਸਾਨਾਂ ਲਈ ਵੱਡੀ ਉਦਾਹਰਣ ਹਨ, ਜੋ ਵਾਤਾਵਰਣ ਸੰਭਾਲ ਵਿੱਚ ਯੋਗਦਾਨ ਪਾ ਰਹੇ ਹਨ ਤੇ ਖੇਤੀਬਾਡ਼ੀ ਮਹਿਕਮੇ ਦਾ ਇਸ ਮੁਹਿੰਮ ਵਿੱਚ ਸਾਥ ਦੇ ਰਹੇ ਹਨ। 
ਡੀ.ਸੀ. ਨੇ ਵੀ ਕੀਤੀ ਮਲਕੀਤ ਸਿੰਘ ਦੀ ਸ਼ਲਾਘਾ                                         
  ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਆਖਿਆ ਕਿ  ਮੌਜੂਦਾ ਸਮੇਂ ਵਿੱਚ ਵਾਤਾਵਰਨ ਬੇਹੱਦ ਗੰਧਲਾ ਹੋ ਰਿਹਾ ਹੈ ਤੇ ਇਸ ਵਿੱਚ ਸੁਧਾਰ ਲਈ ਸਾਨੂੰ ਸਭ ਨੂੰ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਸਾਨ ਮਲਕੀਤ ਸਿੰਘ ਦੀ ਸ਼ਲਾਘਾ ਕੀਤੀ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਫਸਲੀ ਰਹਿੰਦ-ਖੂੰਹਦ ਦੇ ਵਾਤਾਵਰਨ ਪੱਖੀ ਨਿਬੇੜੇ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ, ਖੇਤੀਬਾੜੀ ਵਿਭਾਗ ਦੇ ਸੰਪਰਕ ਵਿੱਚ ਰਹਿਣ ਤਾਂ ਜੋ ਉਨ੍ਹਾਂ ਦੀ ਹਰ ਤਰੀਕੇ ਨਾਲ ਮਦਦ ਕੀਤੀ ਜਾ ਸਕੇ।

Spread the love
Scroll to Top