‘ਆਪ’ ਸਰਕਾਰ ਨੇ ਪਹਿਲੇ ਸਾਲ ‘ਚ ਲਿਆ ਵੱਡਾ ਕਰਜ਼ਾ, ਆਪਣੇ ਵਾਅਦੇ ਕਿਵੇਂ ਪੂਰੇ ਕਰੇਗੀ ਆਪ :- ਸੰਦੀਪ ਅਗਰਵਾਲ

Spread the love

ਪੰਜਾਬ ਸਰਕਾਰ ਦਾ ਬਜਟ ਖੋਖਲਾ , ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਨਹੀਂ ਕੋਈ ਯੋਜਨਾ  :- ਸੰਦੀਪ ਅਗਰਵਾਲ

ਅਸ਼ੋਕ ਵਰਮਾ , ਬਠਿੰਡਾ 10 ਮਾਰਚ 2023
    ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਝੂਠ ਦਾ ਪੁਲੰਦਾ ਪੇਸ਼ ਕੀਤਾ ਗਿਆ। ਭਾਜਪਾ ਦੇ ਨੌਜਵਾਨ ਆਗੂ ਸੰਦੀਪ ਅਗਰਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਰਕਾਰ ਦੇ ਬਜਟ ਤੋਂ ਇਸ ਬਦਲਾਅ ਦੀਆਂ ਬਹੁਤ ਉਮੀਦਾਂ ਸਨ। ਪਰ ਝੂਠ ਬੋਲਣ ਵਿੱਚ ਮਾਹਿਰ ਆਮ ਆਦਮੀ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਨੇ ਸੂਬੇ ਦੇ ਕਿਸਾਨਾਂ, ਨੌਜਵਾਨਾਂ, ਔਰਤਾਂ, ਵਪਾਰੀਆਂ ਅਤੇ ਹਰ ਵਰਗ ਨੂੰ ਨਿਰਾਸ਼ ਕੀਤਾ ਹੈ। ਭਾਜਪਾ ਦੇ ਨੌਜਵਾਨ ਆਗੂ ਸੰਦੀਪ ਅਗਰਵਾਲ ਨੇ ਕਿਹਾ ਕਿ ਸੂਬੇ ਦੀ ਸਭ ਤੋਂ ਵੱਡੀ ਤ੍ਰਾਸਦੀ ਨਸ਼ਾਖੋਰੀ ਹੈ। ਇਸ ਨੂੰ ਖਤਮ ਕਰਨ ਲਈ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕੇ। ਦੂਜੇ ਪਾਸੇ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦੀ ਗੱਲ ਕਰਨ ਵਾਲੀ ਝੂਠੀ ਸਰਕਾਰ ਨੇ ਸੱਤਾ ਵਿੱਚ ਇੱਕ ਸਾਲ ਬਾਅਦ ਵੀ ਬਜਟ ਵਿੱਚ ਕੋਈ ਵਿਵਸਥਾ ਨਹੀਂ ਕੀਤੀ। ਨਾ ਹੀ ਸੂਬੇ ਵਿੱਚ ਹੋ ਰਹੀ ਲੁੱਟ-ਖਸੁੱਟ ਨੂੰ ਰੋਕਣ ਲਈ ਐਕਸ਼ਨ ਪਲਾਨ ’ਤੇ ਖਰਚ ਕਰਨ ਦੀ ਕੋਈ ਗੱਲ ਕੀਤੀ ਗਈ। ਸੰਦੀਪ ਅਗਰਵਾਲ ਨੇ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ। ਪੰਜਾਬ ਦੇ ਮਾੜੇ ਹਾਲਤ ਦੇਖ ਕੇ ਕੋਈ ਵੀ ਨਵਾਂ ਉਦਯੋਗ ਨਿਵੇਸ਼ ਨਹੀਂ ਕਰ ਰਿਹਾ।                        ਉਲਟਾ ਪੰਜਾਬ ਦੇ ਵਪਾਰੀ ਭਾਜਪਾ ਸ਼ਾਸ਼ਿਤ ਸੂਬਿਆਂ ਵਿੱਚ ਨਿਵੇਸ਼ ਕਰ ਰਹੇ ਹਨ। ਤਾਂ ਜੋ ਸੁਰੱਖਿਆ ਦਾ ਮਾਹੌਲ ਮਿਲ ਸਕੇ।ਇਸ ਦੇ ਨਾਲ ਹੀ ਮਾੜੇ ਹਾਲਾਤਾਂ ਕਾਰਨ ਛੋਟੇ ਕਾਰੋਬਾਰੀ ਵੀ ਡਰੇ ਹੋਏ ਹਨ। ਅਤੇ ਉਹ ਵਾਰ-ਵਾਰ ਸਰਕਾਰ ਕੋਲ ਆਪਣੀ ਜਾਨ-ਮਾਲ ਦੀ ਸੁਰੱਖਿਆ ਲਈ ਤਰਲੇ ਕਰ ਰਿਹਾ ਹੈ। ਪਰ ਸਰਕਾਰ ਵੱਲੋਂ ਬਜਟ ਵਿੱਚ ਕਿਸੇ ਵੀ ਵਪਾਰੀ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਨਾ ਹੀ ਸਰਕਾਰ ਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਕੋਈ ਕਰਜ਼ਾ ਮੁਆਫੀ ਦਾ ਐਲਾਨ ਕੀਤਾ।
   ਭਾਜਪਾ ਆਗੂ ਸੰਦੀਪ ਅਗਰਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਇੱਕ ਸਾਲ ਦਾ ਗੁਜ਼ਾਰਾ ਕਰਜਾ ਚੁੱਕ ਕੇ ਕੀਤਾ ਹੈ।  ਇਸ ਦੇ ਨਾਲ ਹੀ ਸੂਬਾ ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਹਨ। ਅਜਿਹੀ ਝੂਠੀ ਸਰਕਾਰ ਪੰਜਾਬੀਆਂ ਨਾਲ ਕੀਤੇ ਵਾਅਦੇ ਕਿਵੇਂ ਪੂਰੇ ਕਰੇਗੀ। ਪੰਜਾਬ ਦੇ ਲੋਕ ਕੇਜਰੀਵਾਲ ਤੋਂ ਇਸ ਦਾ ਜਵਾਬ ਚਾਹੁੰਦੇ ਹਨ। ਅਗਰਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਿਲੇ ਫੰਡਾਂ ਦੀ ਦੁਰਵਰਤੋਂ ਕਰਨਾ ਚਾਹੁੰਦੀ ਹੈ ਅਤੇ ਪੰਜਾਬ ਵਿੱਚ ਕੇਂਦਰ ਦੀਆਂ ਸਕੀਮਾਂ ਬੰਦ ਕਰਕੇ ਲੋਕਾਂ ਨੂੰ ਲਾਭ ਤੋਂ ਵਾਂਝਾ ਕਰਨਾ ਚਾਹੁੰਦੀ ਹੈ।  ਅਤੇ ਵੇਲਨੇਸ ਸੈਂਟਰ ਦੀ ਥਾਂ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕ ਵਿਖਾ ਕੇ ਫੋਕੀ ਵਾਹਾਵਾਹੀ ਲੁੱਟਣੀ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੱਕ ਸਾਲ ਵਿੱਚ ਬਣੀ ਤਰਸਯੋਗ ਹਾਲਤ ਕਾਰਨ ਸੂਬੇ ਦੇ ਲੋਕਾਂ ਵਿੱਚ ਗੁੱਸਾ ਹੈ।

Spread the love
Scroll to Top