–ਸਾਈਕੋਟਰੋਪਿਕ ਨਸ਼ਾ ਸਮਗਲਿੰਗ ਰੈਕਟ-ਫਰੋਲੇ ਪਰਦੇ, ਉਧੜੀਆਂ ਤੰਦਾਂ
ਬਰਨਾਲਾ ਟੂਡੇ ਬਿਊਰੋ।
ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਦੀ ਕੜੀ ਨਾਲ ਕੜੀ ਜੋੜ ਕੇ ਸੀਆਈਏ ਪੁਲਿਸ ਦੁਆਰਾ ਸ਼ੁਰੂ ਕੀਤੀ ਗਈ ਤਫਤੀਸ਼ ਦੇ ਦੌਰਾਨ ਪੁਲਿਸ ਨੇ ਆਰਕੇ ਫਰਮਾ ਮਲੇਰਕੋਟਲਾ ਦੇ ਮਾਲਿਕ ਰਜਿੰਦਰ ਕੁਮਾਰ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ 1 ਕਰੋੜ 14 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਐਸਐਸਪੀ ਸੰਦੀਪ ਗੋਇਲ ਨੇ ਮੀਡੀਆ ਨੂੰ ਦਿੱਤੀ। ਸ੍ਰੀ ਗੋਇਲ ਨੇ ਕਿਹਾ ਕਿ ਪੁਲਿਸ ਨੇ ਰਜਿੰਦਰ ਕੁਮਾਰ ਨੂੰ ਗਿਰਫਤਾਰ ਕਰਨ ਸਮੇਂ ਹੀ 35 ਲੱਖ 60 ਹਜ਼ਾਰ ਰੁਪਏ ਦੀ ਡਰੱਗ ਮਨੀ ਤੇ 1 ਲੱਖ 60 ਹਜ਼ਾਰ ਗੋਲੀਆਂ ਸਮੇਤ ਕਾਬੂ ਕੀਤਾ ਸੀ। ਪੁਲਿਸ ਰਿਮਾਂਡ ਦੌਰਾਨ ਹੀ ਪੁਲਿਸ ਨੇ ਦੋਸ਼ੀ ਦੀ ਨਿਸ਼ਾਨਦੇਹੀ ਤੇ ਹੋਰ 23 ਲੱਖ ਰੁਪਏ ਦੀ ਡਰੱਗ ਮਨੀ ਤੇ ਢਾਈ ਲੱਖ ਤੋਂ ਵਧੇਰੇ ਹੋਰ ਨਸ਼ੀਲੀਆਂ ਗੋਲੀਆਂ ਤੇ 3 ਹਜ਼ਾਰ ਨਸ਼ੀਲੇ ਟੀਕੇ ਵੀ ਬਰਾਮਦ ਕੀਤੇ ਸਨ। ਹੁਣ ਤੱਕ ਦੀ ਤਫਤੀਸ਼ ਦੌਰਾਨ ਪੁਲਿਸ ਨੇ ਦੋਸ਼ੀ ਦੀ ਮਜੀਦ ਪੁੱਛਗਿੱਛ ਤੇ ਨਿਸ਼ਾਨਦੇਹੀ ਤੇ ਕੁੱਲ 1 ਕਰੋੜ 14 ਲੱਖ ਰੁਪਏ ਦੀ ਡਰੱਗ ਮਨੀ ਤੇ 4 ਲੱਖ ਤੋਂ ਜਿਆਦਾ ਨਸੀਲੀਆਂ ਗੋਲੀਆਂ ਅਤੇ ਟੀਕੇ ਬਰਾਮਦ ਕਰਵਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਸ੍ਰੀ ਗੋਇਲ ਨੇ ਸੀਆਈਏ ਦੀ ਟੀਮ ਦੀ ਪਿੱਠ ਥਾਪੜਦਿਆਂ ਕਿਹਾ ਕਿ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਬਹੁਤ ਹੀ ਪ੍ਰੋਫੈਸ਼ਨਲ ਢੰਗ ਨਾਲ ਤਫਤੀਸ਼ ਕਰਦੇ ਹੋਏ ਤਫਤੀਸ਼ ਦੌਰਾਨ ਰਿਕਵਰੀ ਦਾ ਵੀ ਇੱਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਵਰਨਣਯੋਗ ਹੈ ਕਿ ਪੁਲਿਸ ਨੇ ਮੁਖਬਰੀ ਦੇ ਅਧਾਰ ਤੇ ਮੋਹਨ ਲਾਲ ਕਾਲਾ ਦੇ ਵਿਰੁੱਧ ਥਾਣਾ ਸਿਟੀ 1 ਬਰਨਾਲਾ ਚ, ਮੁਕੱਦਮਾ ਦਰਜ਼ ਕਰਦਿਆਂ ਉਸ ਨੂੰ ਗਿਰਫਤਾਰ ਕਰਕੇ ਨਸ਼ੇ ਦੀ ਸਪਲਾਈ ਲਾਈਨ ਤੱਕ ਪਹੁੰਚਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਜਿਸ ਦੇ ਨਤੀਜ਼ੇ ਸਭ ਨੂੰ ਹੈਰਾਨ ਕਰਨ ਵਾਲੇ ਸਾਬਿਤ ਹੋਏ। ਹਾਲਾਂਕਿ ਇਸ ਤੋਂ ਪਹਿਲਾਂ ਕਦੇ ਵੀ ਪੁਲਿਸ ਨੇ ਸਪਲਾਈ ਲਾਈਨ ਦਾ ਇੱਨ੍ਹਾਂ ਜਿਆਦਾ ਡੂੰਘਾਈ ਤੱਕ ਪੈੜ ਨੱਪ ਕੇ ਪਿੱਛਾ ਨਹੀ ਕੀਤਾ ਸੀ। ਐਸਐਸਪੀ ਗੋਇਲ ਨੇ ਦੱਸਿਆ ਕਿ ਦੋਸ਼ੀ ਰਜਿੰਦਰ ਕੁਮਾਰ ਤੋਂ ਹਾਲੇ ਹੋਰ ਵੀ ਪੁੱਛਗਿੱਛ ਜਾਰੀ ਹੈ। ਹੋਰ ਵੀ ਰਿਕਵਰੀ ਦੀਆਂ ਸੰਭਾਵਨਾਵਾਂ ਮੌਜੂਦ ਹਨ। ਇਸ ਮੌਕੇ ਐਸਪੀਡੀ ਸੁਖਦੇਵ ਸਿੰਘ ਵਿਰਕ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਰਹੇ। ਐਸਐਸਪੀ ਗੋਇਲ ਨੇ ਦੱਸਿਆ ਕਿ ਪੁਲਿਸ ਹੁਣ ਤੱਕ ਇਸ ਰੈਕਟ ਦੇ ਮੁਖੀ ਤੇ ਦਵਾਈਆਂ ਦੀ ਪ੍ਰਸਿੱਧ ਫਰਮ ਬੀਰੂ ਰਾਮ ਠਾਕੁਰ ਦਾਸ ਦੇ ਸੰਚਾਲਕ ਨਰੇਸ਼ ਕੁਮਾਰ ਰਿੰਕੂ ਮਿੱਤਲ ਸਮੇਤ ਰੈਕਟ ਦੇ ਕੁੱਲ 8 ਮੈਂਬਰਾਂ ਨੂੰ ਗਿਰਫਤਾਰ ਕਰ ਚੁੱਕੀ ਹੈ। ਕਾਬੂ ਕੀਤੇ ਦੋਸ਼ੀਆਂ ਚੋਂ 6 ਨਿਆਂਇਕ ਹਿਰਾਸਤ ਵਿੱਚ ਬਰਨਾਲਾ ਜੇਲ੍ਹ ਚ, ਵੀ ਬੰਦ ਹਨ। ਜਦੋਂ ਕਿ ਰੁਪੇਸ਼ ਕੁਮਾਰ ਤੇ ਰਜਿੰਦਰ ਕੁਮਾਰ ਮਲੇਰਕੋਟਲਾ ਪੁਲਿਸ ਰਿਮਾਂਡ ਵਿੱਚ ਹਨ। ਪੁਲਿਸ ਇਸ ਕੇਸ ਵਿੱਚ ਪੰਜਾਬ ਦੀ ਹੁਣ ਤੱਕ ਦੀ ਸਭ ਤੋਂ ਵੱਡੀ 40 ਲੱਖ , 1 ਹਜਾਰ 40 ਤੋਂ ਵਧੇਰੇ ਨਸ਼ੀਲੀਆਂ ਗੋਲੀਆਂ,ਕੈਪਸੂਲ ਤੇ ਟੀਕਿਆਂ ਦੀ ਵੱਡੀ ਬਰਾਮਦਗੀ ਪਹਿਲਾਂ ਹੀ ਕਰ ਚੁੱਕੀ ਹੈ।