ਆਮ ਲੋਕਾਂ ਨੂੰ ਸਮਾਗਮਾਂ ਵਿੱਚ ਰਾਤ 10 ਵਜੇ ਤੋਂ ਬਾਅਦ ਡੀਜੇ/ਲਾੳੂਡ ਸਪੀਕਰ ਨਾ ਚਲਾਉਣ ਦੀ ਅਪੀਲ
ਬਰਨਾਲਾ, 29 ਫਰਵਰੀ
ਜ਼ਿਲਾ ਬਰਨਾਲਾ ਵਿੱਚ ਆਵਾਜ਼ ਪ੍ਰਦੂਸ਼ਣ ਸਬੰਧੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਜ਼ਿਲਾ ਪ੍ਰਸ਼ਾਸਨ ਸਖਤ ਹੈ। ਆਵਾਜ਼ ਪ੍ਰਦੂਸ਼ਣ ਸਬੰਧੀ ਧਾਰਾ 144 ਅਧੀਨ ਜਾਰੀ ਹੁਕਮਾਂ ਅਤੇ ਮਾਣਯੋਗ ਹਾਈ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਜਿਹੇ ਕੇਸਾਂ ਵਿੱਚ ਪਿਛਲੇ ਦਿਨੀਂ ਵੀ ਪੁਲੀਸ ਕਾਰਵਾਈ ਹੋ ਚੁੱਕੀ ਹੈ ਤੇ ਇਹ ਮੁਹਿੰਮ ਆਉਦੇ ਦਿਨੀਂ ਵੀ ਜਾਰੀ ਰਹੇਗੀ।
ਇਹ ਹਦਾਇਤ ਕਰਦਿਆਂ ਵਧੀਕ ਜ਼ਿਲਾ ਮੈਜਿਸਟ੍ਰੇਟ ਮੈਡਮ ਰੂਹੀ ਦੁੱਗ ਨੇ ਆਖਿਆ ਕਿ ਜ਼ਿਲਾ ਬਰਨਾਲਾ ਵਿੱਚ ਜ਼ਾਬਤਾ ਫੌਜ਼ਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਅਣ-ਅਧਿਕਾਰਤ ਆਵਾਜ਼ ਪ੍ਰਦੂਸ਼ਣ ਵਾਲੇ ਯੰਤਰਾਂ ਦੀ ਵਰਤੋਂ ’ਤੇ ਪੂਰਨ ਪਾਬੰਦੀ ਲਾਈ ਹੋਈ ਹੈ। ਮੈਜਿਸ ਪੈਲੇਸਾਂ, ਹੋਟਲ, ਰੈਸਟੋਰੈਂਟ ਜਾਂ ਆਮ ਜਨਤਾ ਵੱਲੋ ਲਾੳੂਡ ਸਪੀਕਰਾਂ/ਆਵਾਜ਼ੀ ਯੰਤਰਾਂ ਦੀ ਵਰਤੋਂ ’ਤੇ ਵੱਖਰੇ ਤੌਰ ’ਤੇ ਉਪ ਮੰਡਲ ਮੈਜਿਸਟ੍ਰੇਟ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਇਹ ਪ੍ਰਵਾਨਗੀ ਲੈਣ ਲਈ ਸੇਵਾ ਕੇਂਦਰਾਂ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ।
ਉਨਾਂ ਆਖਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 6213 ਆਫ 2016, ਫੈਸਲਾ ਮਿਤੀ 22-07-2019 ਵਿੱਚ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਆਰਕੈਸਟਰਾ, ਬੈਂਡ, ਡੀ.ਜੇ ਸਿਸਟਮ ਅਤੇ ਲਾਊਡ ਸਪੀਕਰਾਂ ਦੀ ਮੈਰਿਜ ਪੈਲੇਸਾਂ, ਧਾਰਮਿਕ ਥਾਵਾਂ ਤੇ ਹੋਰ ਪ੍ਰੋਗਰਾਮਾਂ ਵਿੱਚ ਵਰਤੋਂ ਉਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਪੂਰੀ ਪਾਬੰਦੀ ਹੈ। ਇਸ ਤੋਂ ਬਿਨਾਂ ਵੀ ਡੀਜੇ/ਲਾੳੂਡ ਸਪੀਕਰ ਨਿਰਧਾਰਿਤ ਤੋਂ ਉਚੀ ਆਵਾਜ਼ ਵਿੱਚ ਨਾ ਚਲਾਇਆ ਜਾਵੇ। ਅਜਿਹਾ ਕਰਨ ’ਤੇ ਸਬੰਧਤ ਆਰਕੈਸਟਰਾ, ਡੀ.ਜੇ ਅਤੇ ਮੈਰਿਜ ਪੈਲੇਸ ਆਦਿ ਦੇ ਮਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਮੈਡਮ ਰੂਹੀ ਦੁੱਗ ਨੇ ਆਖਿਆ ਕਿ ਇਨੀਂ ਦਿਨੀਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ, ਜਿਸ ਦੇ ਮੱੱਦੇਨਜ਼ਰ ਆਮ ਲੋਕ ਵੀ ਆਵਾਜ਼ ਪ੍ਰਦੂਸ਼ਣ ਸਬੰਧੀ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਪ੍ਰਸ਼ਾਸਨ ਤੇ ਪੁਲੀਸ ਨੂੰ ਸਹਿਯੋਗ ਦੇਣ। ਉਨਾਂ ਕਿਹਾ ਕਿ ਜੇਕਰ ਦੇਰ ਰਾਤ ਕਿਤੇ ਡੀਜੇ ਜਾਂ ਲਾੳੂਡ ਸਪੀਕਰ ਆਦਿ ਚੱਲਣ ਦਾ ਮਾਮਲਾ ਸਾਹਮਣੇ ਆਉਦਾ ਹੈ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ।
ਬੌਕਸ ਲਈ ਪ੍ਰਸਤਾਵਿਤ
ਪਿਛਲੇ ਦਿਨੀਂ ਵੀ ਹੋ ਚੁੱਕੀ ਹੈ ਕਾਨੂੰਨੀ ਕਾਰਵਾਈ
ਪਿਛਲੇ ਦਿਨੀਂ ਜ਼ਿਲਾ ਮੈਜਿਸਟ੍ਰੇਟ ਦੀਆਂ ਹਦਾਇਤਾਂ ’ਤੇ ਸ਼ਕਤੀ ਨਗਰ ਵਿੱਚ ਇਕ ਘਰ ’ਚ ਵਿਆਹ ਸਮਾਗਮ ਵਿਚ ਦੇਰ ਰਾਤ ਡੀਜੇ ਚੱਲਣ ਦੇ ਮਾਮਲੇ ਵਿੱਚ ਡੀਜੇ ਮਾਲਕ ਖਿਲਾਫ ਥਾਣਾ ਸਿਟੀ-1 ਬਰਨਾਲਾ ’ਚ ਕੇਸ ਦਰਜ ਕਰ ਕੇ ਪੁਲੀਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਮਹਾਂ ਸ਼ਿਵਰਾਤਰੀ ਮੌਕੇ ਵਧੀਕ ਜ਼ਿਲਾ ਮੈਜਿਸਟ੍ਰੇਟ ਮੈਡਮ ਰੂਹੀ ਦੁੱਗ ਨੇ ਸਖਤੀ ਵਿਖਾਉਦੇ ਹੋਏ ਰਾਤ ਵੇਲੇ ਖੁਦ ਸ਼ਹਿਰ ਵਿੱਚ ਚੈਕਿੰਗ ਕੀਤੀ ਅਤੇ ਕਈ ਧਾਰਮਿਕ ਸਥਾਨਾਂ ’ਤੇ ਬਿਨਾਂ ਪ੍ਰਵਾਨਗੀ ਤੋਂ ਦੇਰ ਰਾਤ ਚੱਲਦੇ ਲਾੳੂਡ ਸਪੀਕਰ ਬੰਦ ਕਰਵਾਏ। ਇਸੇ ਤਰਾਂ ਥਾਣਾ ਸਿਟੀ-2 ਵਿੱਚ ਵੀ 22 ਅਤੇ 23 ਫਰਵਰੀ ਨੂੰ ਦੇਰ ਰਾਤ ਡੀਜੇ ਚਲਾਉਣ ਦੇ ਮਾਮਲੇ ਵਿੱਚ ਕੇਸ ਦਰਜ ਹੋ ਚੁੱੱਕੇ ਹਨ।