ਇਸ ਤਰਾਂ ਕਰਦੇ ਰਹੇ ਕੁੱਖਾਂ ‘ਚ ਧੀਆਂ ਨੂੰ ਕਤਲ ! ਲੱਖਾਂ ਰੁਪਏ ਦੀ ਨਗਦੀ ਬਰਾਮਦ 3 ਜਣੇ ਕਾਬੂ

Spread the love

ਅਸ਼ੋਕ ਵਰਮਾ , ਬਠਿੰਡਾ 17 ਮਈ 2023
 
         ਬਠਿੰਡਾ ਜ਼ਿਲ੍ਹੇ ਦੇ ਭੁੱਚੋ ਮੰਡੀ ਸ਼ਹਿਰ ਵਿੱਚ ਰੋਇਲ ਇਨਕਲੇਵ ਨਾਂ ਦੀ ਇੱਕ ਕਲੋਨੀ ਦੀ ਇੱਕ ਰਿਹਾਇਸ਼ੀ ਕੋਠੀ ਅੰਦਰ ਚਲਾਏ ਜਾ ਰਹੇ ਪ੍ਰਾਈਵੇਟ ਕਲੀਨਿਕ ਵਿੱਚ ਨਾਜਾਇਜ਼ ਤਰੀਕੇ ਨਾਲ ਗਰਭਪਾਤ ਕੀਤੇ ਜਾਣ ਦਾ ਕਾਰੋਬਾਰ ਬੇਪਰਦ ਹੋਇਆ ਹੈ । ਪੁਲੀਸ ਨੇ ਅੱਜ ਕਲੀਨਿਕ ਚਲਾਉਣ ਵਾਲੇ ਤਿੰਨ ਵਿਅਕਤੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਲੁਧਿਆਣਾ ਤੋਂ ਸਿਹਤ ਵਿਭਾਗ ਦੀ ਟੀਮ ਨੇ ਬਠਿੰਡਾ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਕੋਠੀ ਵਿੱਚ ਚੱਲ ਰਹੇ ਕਲੀਨਿਕ ‘ਚ ਛਾਪਾ ਮਾਰਿਆ ਤਾਂ ਇਹ ਗੋਰਖਧੰਦਾ ਬੇਪਰਦ ਹੋਇਆ ਹੈ।ਸਿਹਤ ਵਿਭਾਗ  ਅਤੇ ਪੁਲਸ ਵੱਲੋਂ ਗ੍ਰਿਫਤਾਰ ਵਿਅਕਤੀਆਂ ਦੀ ਪਛਾਣ  ਆਰਐਮਪੀ ਗੁਰਮੇਲ ਸਿੰਘ ਪੁੱਤਰ ਨਾਜਰ ਸਿੰਘ, ਬਿੰਦਰ ਕੌਰ ਪਤਨੀ ਗੁਰਮੇਲ ਸਿੰਘ ਵਾਸੀਅਨ ਭੁੱਚੋ ਮੰਡੀ ਅਤੇ  ਦਲਾਲ ਰਜਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਢੇਲਵਾਂ  ਵਜੋਂ ਕੀਤੀ ਗਈ  ਹੈ। ਥਾਣਾ ਕੈਂਟ ਪੁਲੀਸ ਨੇ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਕੋਠੀ ਦੇ  ਜ਼ਮੀਨਦੋਜ਼ ਕਮਰੇ ਵਿੱਚ ਤਿੰਨ ਘੰਟੇ ਤੱਕ ਚੱਲੀ ਤਲਾਸ਼ੀ ਦੌਰਾਨ ਟੀਮ ਨੇ 30 ਲੱਖ ਰੁਪਏ ਦੀ ਨਕਦੀ, ਗਰਭਪਾਤ ਦੀਆਂ ਦਵਾਈਆਂ, ਵੱਖ ਵੱਖ ਤਰ੍ਹਾਂ ਦਾ ਸਾਜੋ ਸਮਾਨ ਅਤੇ ਕੁਝ ਐਫੀਡੈਵਿਟ ਬਰਾਮਦ ਕੀਤੇ ਹਨ।
 ਮੌਕੇ ਤੋਂ  ਫੜਿਆ ਸਾਜ਼ੋ ਸਾਮਾਨ ਵਗੈਰਾ ਵੀ ਪੁਲੀਸ ਨੇ ਸੀਲ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਇਹ ਪਤਾ ਲਾਉਣ ਵਿੱਚ ਜੁਟ ਗਈ ਹੈ ਕਿ ਮੁਲਜ਼ਮਾਂ ਨੇ ਕਿੰਨੀਆਂ ਔਰਤਾਂ ਦਾ ਗਰਭਪਾਤ ਕੀਤਾ ਹੈ ਅਤੇ ਉਨ੍ਹਾਂ ਦੇ ਕਿਸ ਕਿਸ ਨਾਲ ਸੰਬੰਧ ਹਨ। ਭਾਰੀ ਮਾਤਰਾ ਵਿਚ ਨਕਦੀ ਅਤੇ ਹਲਫੀਆ ਬਿਆਨ ਬਰਾਮਦ ਹੋਣ ਕਾਰਨ ਪੁਲਿਸ ਨੂੰ ਸ਼ੱਕ ਹੈ ਕੀ ਇਸ ਗਿਰੋਹ ਵੱਲੋਂ ਗਰਭਪਾਤ ਵਰਗਾ ਗੈਰਕਨੂੰਨੀ ਕਾਰਾ ਵੱਡੇ ਪੱਧਰ ਤੇ ਕੀਤਾ ਗਿਆ ਹੋ ਸਕਦਾ ਹੈ। ਪੁਲਸ ਦੇ ਰਡਾਰ ਤੇ ਸਭ ਤੋਂ ਵੱਧ ਕਾਬੂ ਕੀਤਾ ਦਲਾਲ ਹੈ ਜੋ ਵੱਡੇ ਭੇਦ ਖੋਲ ਸਕਦਾ ਹੈ।  ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ
     ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ  ਨੂੰ ਇਸ ਸੰਬੰਧ ਵਿੱਚ ਗੁਪਤ ਸੂਚਨਾ ਮਿਲੀ ਸੀ ਕਿ ਲੁਧਿਆਣਾ ਦੇ  ਮਰੀਜ਼ ਭੁੱਚੋ ਮੰਡੀ ਵਿਖੇ ਲਿੰਗ ਟੈਸਟ ਕਰਵਾਉਂਦੇ ਹਨ। ਇਸ ਤੋਂ ਬਾਅਦ ਕਾਰਵਾਈ ਦਾ ਫੈਸਲਾ ਲੈਂਦਿਆਂ ਇੱਕ ਗਰਭਵਤੀ ਔਰਤ ਨੂੰ ਤਿਆਰ ਕੀਤਾ ਗਿਆ , ਜਿਸ ਨੂੰ ਸਿਹਤ ਵਿਭਾਗ ਦੀ ਟੀਮ ਰਾਇਲ ਐਨਕਲੇਵ ਲੈ ਕੇ ਆਈ । ਇਸ ਮੌਕੇ ਲਿੰਗ ਜਾਂਚ ਕਰਨ ਦਾ ਸੌਦਾ 50 ਹਜ਼ਾਰ ਰੁਪਏ ਵਿੱਚ ਤੈਅ ਹੋਇਆ , ਜਿਸ ਦੀ ਅਦਾਇਗੀ ਸੈਂਟਰ ਸੰਚਾਲਕਾਂ ਨੂੰ ਕਰ ਦਿੱਤੀ ਗਈ। ਜਦੋਂ ਔਰਤ ਨੂੰ ਕੋਠੀ ਦੇ ਅੰਦਰ ਕਮਰੇ ਵਿੱਚ ਲਿਜਾਇਆ ਗਿਆ ਤਾਂ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰ ਲਿਆ।
ਗੁਪਤ ਕਮਰੇ ਵਿੱਚ ਹੁੰਦੀ ਸੀ ਜਾਂਚ
    ਸਿਹਤ ਵਿਭਾਗ ਲੁਧਿਆਣਾ ਦੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਅੰਜਾਮ ਦਿੱਤੀ ਗਈ ।  ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਮੈਡੀਕਲ ਟਰਮੀਨੇਸ਼ਨ ਕਿੱਟ ਅਤੇ ਕੁਝ ਸੰਦਾਂ ਤੋਂ ਇਲਾਵਾ 30 ਲੱਖ ਰੁਪਏ ਦੀ ਨਕਦੀ , ਸਵੇਰੇ ਦਿੱਤੇ ਗਏ 50 ਹਜ਼ਾਰ ਰੁਪਏ, ਗਰਭਪਾਤ ਕਰਵਾਉਣ ਵਾਲੀਆਂ ਔਰਤਾਂ ਦੇ ਆਧਾਰ ਕਾਰਡ ਅਤੇ ਹਲਫੀਆ ਬਿਆਨ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਨਿਯਮਾਂ ਅਨੁਸਾਰ ਹੁਣ ਅਗਲੀ ਕਾਰਵਾਈ ਕੀਤੀ ਜਾਏਗੀ।
ਉੱਚ ਪੱਧਰੀ ਜਾਂਚ ਹੋਵੇ: ਕੁਸਲਾ 
     ਪੀ. ਐਨ. ਡੀ. ਟੀ. ਸੈੱਲ ਬਠਿੰਡਾ ਦੇ ਸਾਬਕਾ ਪ੍ਰੋਜੈਕਟ ਕੋਆਰਡੀਨੇਟਰ ਸਾਧੂ ਰਾਮ ਕੁਸਲਾ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਅਸਲੀਅਤ ਸਾਹਮਣੇ ਆ ਸਕੇ। ਉਨਾਂ ਆਖਿਆ ਕਿ ਜਾਂਚ ਦੇ ਘੇਰੇ ਵਿੱਚ ਸਿਹਤ ਵਿਭਾਗ ਨੂੰ ਵੀ ਲਿਆਂਦਾ ਜਾਣਾ ਚਾਹੀਦਾ ਹੈ , ਕਿਉਂਕਿ ਸਿਹਤ ਮਹਿਕਮੇ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਤੋਂ ਬਿਨਾਂ ਏਨਾ ਵੱਡਾ ਗੈਰ-ਕਨੂੰਨੀ ਕਾਰੋਬਾਰ ਚਲਾਉਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰਾਂ ਵੀ ਜਿੰਮੇਵਾਰ ਹਨ। ਉਨ੍ਹਾਂ ਆਖਿਆ ਕਿ ਭਰੂਣ ਹੱਤਿਆ ਨਾਲ ਜੁੜਿਆ ਇਹ ਬੇਹੱਦ ਗੰਭੀਰ ਮਾਮਲਾ ਹੈ । ਇਸ ਲਈ ਕਸੂਰਵਾਰ ਵਿਅਕਤੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵਿਅਕਤੀ ਅਜਿਹਾ ਕੰਮ ਕਰਨ ਤੋਂ ਪਹਿਲਾਂ ਸੌ ਵਾਰ ਸੋਚੋ।

Spread the love
Scroll to Top