ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ

Spread the love

ਹਰਪ੍ਰੀਤ ਕੌਰ ਬਬਲੀ ,ਮੂਨਕ, 17 ਜੁਲਾਈ 2023

     ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸ. ਸਿਮਨਰਜੀਤ ਸਿੰਘ ਮਾਨ ਵੱਲੋਂ ਅੱਜ ਮੂਨਕ ਖੇਤਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ | ਐਮ.ਪੀ. ਸ. ਮਾਨ ਨੇ ਮੂਨਕ ਬੰਨ੍ਹ, ਚੋਟੀਆਂ ਕੈਂਚੀਆਂ, ਕੜੈਲ ਬੰਨ੍ਹ ਅਤੇ ਬੱਲਰ੍ਹਾਂ ਬੰਨ ‘ਤੇ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ  ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਸੰਬੰਧੀ ਮੌਕੇ ‘ਤੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਫੋਨ ‘ਤੇ ਗੱਲਬਾਤ ਕੀਤੀ |           

      ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮ.ਪੀ. ਸ. ਮਾਨ ਨੇ ਕਿਹਾ ਕਿ ਹੜ੍ਹਾਂ ਕਾਰਨ ਪੂਰੇ ਇਲਾਕੇ ਵਿਚ ਮਾੜੇ ਹਾਲਾਤ ਬਣੇ ਹੋਏ ਹਨ | ਲੋਕਾਂ ਦੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ | ਲੋਕ ਬੇਹਾਲ ਹਨ, ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮੱਦਦ ਨਾ ਮਿਲਣ ਕਰਕੇ ਲੋਕ ਸਰਕਾਰ ਦੀ ਕਾਰਗੁਜਾਰੀ ਤੋਂ ਨਾਰਾਜ ਹਨ | ਲੋਕਾਂ ਵਿੱਚ ਸਰਕਾਰ ਪ੍ਰਤੀ ਗੁੱਸਾ ਸਾਫ ਨਜਰ ਆ ਰਿਹਾ ਹੈ, ਕਿਉਂਕਿ ਲੋਕ ਇਸ ਗੱਲ ਨੂੰ  ਚੰਗੀ ਤਰ੍ਹਾਂ ਸਮਝਦੇ ਹਨ ਕਿ ਜੇਕਰ ਸਰਕਾਰ ਨੇ ਸਮੇਂ ਰਹਿੰਦੇ ਪ੍ਰਬੰਧ ਕੀਤੇ ਹੁੰਦੇ ਤਾਂ ਇਹ ਬਰਬਾਦੀ ਨਾ ਹੁੰਦੀ | ਉਨ੍ਹਾਂ ਪੰਜਾਬ ਸਰਕਾਰ ਨੂੰ  ਸੁਝਾਅ ਦਿੰਦਿਆਂ ਕਿਹਾ ਕਿ ਅਜਿਹੇ ਨਾਜੁਕ ਸਮੇਂ ਵਿਚ ਦਿਖਾਵੇ ਵਾਲੀ ਸਿਆਸਤ ਛੱਡ ਕੇ ਲੋਕਾਂ ਦੀ ਪੂਰੀ ਤਨਦੇਹੀ ਨਾਲ ਮੱਦਦ ਕੀਤੀ ਜਾਵੇ |                                   

       ਉਨ੍ਹਾਂ ਮੌਕੇ ‘ਤੇ ਮੂਨਕ ਦੇ ਐਸ.ਡੀ.ਐਮ. ਨੂੰ  ਫੋਨ ਕਰਕੇ ਸਬੰਧਤ ਪਿੰਡਾਂ ਦੇ ਲੋਕਾਂ ਨੂੰ  ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਵੀ ਕਰਵਾਇਆ ਅਤੇ ਉਨ੍ਹਾਂ ਦਾ ਹੱਲ ਕਰਵਾਉਣ ਦੀ ਹਿਦਾਇਤ ਕੀਤੀ | ਸ. ਮਾਨ ਨੇ ਕਿਹਾ ਕਿ ਘੱਗਰ ਦਰਿਆ ਹਰ ਵਾਰ ਪੰਜਾਬ ਅਤੇ ਹਰਿਆਣਾ ਵਿੱਚ ਵੱਡੀ ਤਬਾਹੀ ਮਚਾਉਂਦਾ ਹੈ | ਇਸ ਲਈ ਦੋਵੇਂ ਸਟੇਟਾਂ ਦੀ ਸਰਕਾਰ ਨੂੰ  ਮਿਲ ਕੇ ਇਸਦਾ ਸਥਾਈ ਹੱਲ ਕਰਨਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀ ਬਰਬਾਦੀ ਦੁਬਾਰਾ ਨਾ ਦੇਖਣੀ ਪਵੇ | ਉਨ੍ਹਾਂ ਕਿਹਾ ਕਿ ਪੀੜਿਤ ਕਿਸਾਨਾਂ ਨੂੰ  ਨੁਕਸਾਨੀਆਂ ਫਸਲਾਂ ਦਾ 30 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਰੰਤ ਮੁਆਵਜਾ ਦਿੱਤਾ ਜਾਵੇ | ਇਸ ਤੋਂ ਇਲਾਵਾ ਮਜਦੂਰ ਪਰਿਵਾਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਵੀ ਸਰਕਾਰ ਬਿਨ੍ਹਾਂ ਕਿਸੇ ਦੇਰੀ ਤੋਂ ਕਰੇ |                             

           ਇਸ ਮੌਕੇ ਪਾਰਟੀ ਦੇ ਜਰਨਲ ਸਕੱਤਰ ਮਾਸਟਰ ਕਰਨੈਲ ਸਿੰਘ ਨਾਰੀਕੇ, ਸਪੈਸ਼ਲ ਸਕੱਤਰ ਗੁਰਜੰਟ ਸਿੰਘ ਕੱਟੂ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਜੂਮਾਂ, ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਸੀਨੀਅਰ ਆਗੂ ਹਰਦੇਵ ਸਿੰਘ ਪੱਪੂ, ਬਿੱਟੂ ਚੌਹਾਨ, ਬੀਬੀ ਹਰਪਾਲ ਕੌਰ, ਦਰਸ਼ਨ ਸਿੰਘ ਮੰਡੇਰ, ਸ਼ਾਹਬਾਜ ਸਿੰਘ ਡਸਕਾ, ਨਰਿੰਦਰ ਸਿੰਘ ਕਾਲਾਬੂਲਾ, ਸਾਧੂ ਸਿੰਘ ਪੇਧਨੀ, ਅਮਰਜੀਤ ਕੌਰ ਬਾਦਸ਼ਾਹਪੁਰ, ਐਡਵੋਕੇਟ ਹਰਮੀਤ ਸਿੰਘ ਗਰੇਵਾਲ, ਬਲਜਿੰਦਰ ਸਿੰਘ ਮਲੇਰਕੋਟਲਾ, ਪਹਿਲਵਾਨ ਗੋਲੂ ਚੀਮਾਂ, ਹਰਬੰਸ ਸਿੰਘ ਸਲੇਮਪੁਰ, ਗੁਰਜੀਤ ਸਿੰਘ ਸ਼ਹਿਣਾ, ਸਤਨਾਮ ਸਿੰਘ ਰੱਤੋਕੇ ਸਮੇਤ ਹੋਰ ਆਗੂ ਅਤੇ ਵਰਕਰ ਹਾਜਰ ਸਨ |


Spread the love
Scroll to Top