ਕਰਤਾ ਪਰਚਾ, ਹੋਟਲ ਸੰਚਾਲਕ ਔਰਤ ਦੀ,,, (ਖਬਰ ਦਾ ਅਸਰ)

Spread the love

ਹਰਿੰਦਰ ਨਿੱਕਾ , ਬਰਨਾਲਾ 12 ਜੂਨ 2023

   ਦੇਰ ਨਾਲ ਹੀ ਸਹੀ ,ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੇ ਹੋਟਲ ਸੰਚਾਲਕ ਔਰਤ ਦੀ ਕੁੱਟਮਾਰ ਕਰਨ ਵਾਲੇ ਚਾਰ ਜਣਿਆਂ ਖਿਲਾਫ ਕਈ ਦਿਨਾਂ ਦੀ ਟਾਲਮਟੋਲ ਤੋਂ ਬਾਅਦ ਐਫ.ਆਈ.ਆਰ. ਦਰਜ ਕਰ ਹੀ ਦਿੱਤੀ। ਇਹ ਮਾਮਲਾ ਬਰਨਾਲਾ ਟੂਡੇ ਵੱਲੋਂ 10 ਜੂਨ ਨੂੰ ” Hotel ਸੰਚਾਲਕ ਔਰਤ ਦੀ ਕੁੱਟਮਾਰ , 5 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ” ਸਿਰਲੇਖ ਹੇਠ ਪ੍ਰਮੁੱਖਤਾ ਨਾਲ ਉਭਾਰਿਆ ਗਿਆ ਸੀ। 

ਕੀ ਹੈ ਪੂਰਾ ਮਾਮਲਾ

   ਸੁਖਵਿੰਦਰ ਕੌਰ ਪਤਨੀ ਕਰਮਜੀਤ ਸਿੰਘ ਵਾਸੀ ਹਮੀਦੀ ਹਾਲ ਅਬਾਦ ਗੁਰਦੇਵ ਨਗਰ, ਗਲੀ ਨੰਬਰ-2, ਨਾਨਕਸਰ ਰੋਡ ਬਰਨਾਲਾ ਨੇ ਦੱਸਿਆ ਕਿ 6 ਜੂਨ ਦੀ ਸਵੇਰੇ ਕਰੀਬ 11 ਵਜੇ ਉਹ ਆਪਣੇ ਘਰੋਂ ਦੁੱਧ ਲੈਣ ਲਈ ਜਾ ਰਹੀ ਸੀ। ਉਦੋਂ ਰਾਸਤੇ ਵਿੱਚ ਖੜੀ ਰਾਣੀ ਕੌਰ ਗਾਲਾਂ ਕੱਢਣ ਲੱਗ ਪਈ ਤੇ ਉਸ ਦੇ ਪਤੀ ਜਗਸੀਰ ਸਿੰਘ ਸੀਰਾ, ਮਨੀ ਤੇ ਗੋਰਾ ਆਦਿ ਨੇ ਉਸ ਨੂੰ ਬੇਇੱਜਤ ਕਰਨ ਲਈ ਬੁਰੀ ਨੀਅਤ ਨਾਲ ਫੜ੍ਹ ਲਿਆ ਤੇ ਜਲੀਲ ਕਰਨ ਲਈ,ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ । ਵਿਰੋਧ ਕਰਨ ਤੇ ਸਾਰਿਆਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ। ਮੈਂ ਮਾਰਤੀ ਮਾਰਤੀ ਦਾ ਰੌਲਾ ਪਾਇਆ ਤੇ ਮੇਰਾ ਚੀਕ ਚਿਹਾੜਾ ਸੁਣਕੇ ਮੌਕਾ ਪਰ ਪਹੁੰਚੇ ਮੇਰੇ ਪਤੀ ਨੇ ਮੈਨੂੰ ਛੁਡਾਇਆ ,ਦੋਸ਼ੀ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਅਤੇ ਪੀੜਤ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ । ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ੳ. ਗੁਰਮੇਲ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਕੌਰ ਦੇ ਬਿਆਨ ਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ ਜਗਸੀਰ ਸਿੰਘ ਪੁੱਤਰ ਗੁਰਲਾਭ ਸਿੰਘ, ਉਸ ਦੀ ਪਤਨੀ ਰਾਣੀ ਕੌਰ ,ਜਗਸੀਰ ਸਿੰਘ ਦੇ ਰਿਸ਼ਤੇਦਾਰ ਮਨੀ ਅਤੇ ਰਾਣੀ ਕੌਰ ਦੇ ਮਾਮਾ ਗੋਰਾ ਸਿੰਘ ਦੇ ਖਿਲਾਫ ਅਧੀਨ ਜੁਰਮ 354,323,341, 506,34 ਆਈਪੀਸੀ ਤਹਿਤ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਨ੍ਹਾਂ ਨੂੰ ਗਿਰਫਤਾਰ ਕਰਕੇ,ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਵਰਨਣਯੋਗ ਹੈ ਕਿ ਪੁਲਿਸ ਨੇ 5 ਜੂਨ ਨੂੰ ਆਰ.ਐਨ. ਕਿਚਨ ਵਿਖੇ ਵਾਪਰੀ ਘਟਨਾ ਦੇ ਸਬੰਧ ਵਿੱਚ ਜਗਸੀਰ ਸਿੰਘ ਪੁੱਤਰ ਗੁਰਲਾਭ ਸਿੰਘ ਦੇ ਬਿਆਨ ਪਰ ਸੁਖਵਿੰਦਰ ਕੌਰ ਦੇ ਪਤੀ ਕਰਮਜੀਤ ਸਿੰਘ ਵਾਸੀ ਗੁਰਦੇਵ ਨਗਰ ਦੇ ਖਿਲਾਫ 9 ਜੂਨ ਨੂੰ ਅਧੀਨ ਜੁਰਮ 456/342/323/506 ਆਈਪੀਸੀ ਦੇ ਤਹਿਤ ਕੇਸ ਦਰਜ ਕਰ ਦਿੱਤਾ ਹੈ। ਹੋਟਲ ਮਾਲਿਕ ਜਗਸੀਰ ਸਿੰਘ ਦਾ ਦੋਸ਼ ਹੈ ਕਿ ਹੋਟਲ ਦੇ ਕਿਰਾਏਦਾਰ ਕਰਮਜੀਤ ਸਿੰਘ ਨੇ 5 ਜੂਨ ਦੀ ਰਾਤ ਸਮੇਂ ਜਬਰਦਸਤੀ ਹੋਟਲ ਵਿੱਚ ਵੜ੍ਹ ਕੇ, ਉਸ ਨੂੰ ਗਾਲੀ ਗਲੋਚ ਕੀਤਾ ਅਤੇ ਥੱਪੜਾਂ ਨਾਲ ਕੁੱਟਮਾਰ ਵੀ ਕੀਤੀ ਸੀ। 

ਹਰਕਤ ਵਿੱਚ ਆਈ ਪੁਲਿਸ

   ਜਦੋਂ ਮੁਕਾਮੀ ਪੁਲਿਸ ਨੇ ਹਸਪਤਾਲ ਦਾਖਿਲ ਸੁਖਵਿੰਦਰ ਕੌਰ ਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਵੀ 10 ਜੂਨ ਤੱਕ ਕੋਈ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਬੇਵੱਸ ਪੀੜਤਾ ਨੇ ਖੁਦ ਤੇ ਹੋਏ ਅੱਤਿਆਚਾਰ ਦੀ ਦਰਦ ਭਰੀ ਦਾਸਤਾਂ ਬਰਨਾਲਾ ਟੂਡੇ ਦੀ ਟੀਮ ਨੂੰ ਭਰੇ ਮਨ ਨਾਲ ਸੁਣਾਈ। ਬਰਨਾਲਾ ਟੂਡੇ ਨੇ ਉਸੇ ਦਿਨ ਹੀ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਆਪਣਾ ਪੱਖ ਰੱਖਦਿਆਂ ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ੳ. ਗੁਰਮੇਲ ਸਿੰਘ ਨੇ ਕਿਹਾ ਸੀ ਕਿ ਦੋਵਾਂ ਧਿਰਾਂ ਦਰਮਿਆਨ ਸਮਝੌਤੇ ਦੀ ਗੱਲਬਾਤ ਚੱਲ ਰਹੀ ਹੈ। ਸਮਝੌਤਾ ਸਿਰੇ ਨਾ ਚੜ੍ਹਿਆ ਤਾਂ ਕੇਸ ਜਰੂਰ ਦਰਜ ਕਰਾਂਗੇ ‘ਤੇ ਆਖਿਰ ਉਹੀ ਹੋਇਆ। 

ਇਹ ਬਣੀ ਲੜਾਈ ਦੀ ਵਜ੍ਹਾ

    ਸੁਖਵਿੰਦਰ ਕੌਰ ਅਤੇ ਉਸ ਦੇ ਪਤੀ ਕਰਮਜੀਤ ਸਿੰਘ ਨੇ ਦੱਸਿਆ ਕਿ ਅਸੀਂ 4 ਵਰ੍ਹਿਆਂ ਤੋਂ ਨਾਨਕਸਰ ਰੋਡ ਤੇ ਪੈਟਰੌਲ ਪੰਪ ਦੇ ਸਾਹਮਣੇ ਆਰ.ਐਨ. ਕਿਚਨ  ਹੋਟਲ ਚਲਾ ਰਹੇ ਹਾਂ । ਇਹ ਹੋਟਲ ਗੁਰਲਾਭ ਸਿੰਘ ਤੋਂ ਕਿਰਾਏ ਪਰ ਲਿਆ ਹੋਇਆ ਸੀ। ਹੋਟਲ ਪਰ ਅਸੀਂ ਲੱਖਾਂ ਰੁਪਏ ਖੁਦ ਖਰਚ ਕੀਤਾ ਸੀ। ਪਰੰਤੂ ਜਗ੍ਹਾ ਦੇ ਮਾਲਿਕ ਗੁਰਲਾਭ ਸਿੰਘ ਦੀ ਮੌਤ ਉਪਰੰਤ ਉਸਦੇ ਪੁੱਤਰ ਜਗਸੀਰ ਸਿੰਘ ਸੀਰਾ ਤੇ ਉਸ ਦੀ ਪਤਨੀ ਰਾਣੀ ਕੌਰ ਨੇ ਹੋਟਲ ਛੁੜਾਉਣ ਲਈ ਝਗੜਾ ਸ਼ੁਰੂ ਕਰ ਦਿੱਤਾ। ਉਹ ਆਪਣੇ ਰਾਜਸੀ ਪ੍ਰਭਾਵ ਅਤੇ ਪੈਸੇ ਦੇ ਜ਼ੋਰ ਤੇ, ਧੱਕੇ ਨਾਲ ਹੋਟਲ ਖਾਲੀ ਕਰਵਾਉਣਾ ਚਾਹੁੰਦੇ ਸਨ। ਇਸ ਲਈ ਅਸੀਂ ਮਾਨਯੋਗ ਅਦਾਲਤ ਵਿੱਚ ਕੇਸ ਦਾਇਰ ਕੀਤਾ , ਅਦਾਲਤ ਨੇ ਜਬਰਦਸਤੀ ਹੋਟਲ ਖਾਲੀ ਕਰਵਾਉਣ ਤੇ ਸਟੇਅ ਦਾ ਹੁਕਮ ਦੇ ਦਿੱਤਾ ਸੀ। 14 ਮਈ 2023 ਨੂੰ ਕੁੱਝ ਮੋਹਤਬਰ ਵਿਅਕਤੀਆਂ ਨੇ ਹੋਟਲ ਉੱਤੇ ਖਰਚ ਕੀਤੇ ਲੱਖਾਂ ਰੁਪਏ ਦੇਣ ਅਤੇ ਹੋਟਲ ਵਿੱਚੋਂ ਸਾਡਾ ਸਮਾਨ ਚੁੱਕਵਾਉਣ ਦਾ ਭਰੋਸਾ ਦੇ ਕੇ ਸਾਡਾ ਜੁਬਾਨੀ ਸਮਝੌਤਾ ਕਰਵਾਇਆ। ਪਰੰਤੂ ਸਮਝੌਤਾ ਸਿਰੇ ਨਹੀਂ ਚੜਿਆ, ਹੁਣ ਨਾਮਜ਼ਦ ਦੋਸ਼ੀ , ਸਟੇਅ ਆਰਡਰ ਹੋਣ ਤੇ ਬਾਵਜੂਦ ਵੀ ਮੁਕਾਮੀ ਪੁਲਿਸ ਨਾਲ ਸਾਜਬਾਜ ਕਰਕੇ, ਧੱਕੇ ਨਾਲ ਹੋਟਲ ਤੇ ਕਬਜਾ ਕਰਕੇ,ਸਾਡਾ ਸਮਾਨ ਖੁਰਦ ਬੁਰਦ ਕਰਨਾ ਚਾਹੁੰਦੇ ਹਨ। ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ੳ. ਗੁਰਮੇਲ ਸਿੰਘ ਨੇ ਪੁਲਿਸ ਦੀ ਸਾਜਬਾਜ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਤਫਤੀਸ਼ ਅਧਿਕਾਰੀ ਏ.ਐਸ.ਆਈ. ਜਗਸੀਰ ਸਿੰਘ ਨੇ ਸੁਖਵਿੰਦਰ ਕੌਰ ਦੇ ਬਿਆਨ ਕਲਮਬੰਦ ਕਰ ਲਏ ਹਨ, ਘਟਨਾ ਦੀ ਪੜਤਾਲ ਵੀ ਜ਼ਾਰੀ ਹੈ। ਪਰੰਤੂ ਦੋਵਾਂ ਧਿਰਾਂ ਦੇ ਮੋਹਤਬਰ ਵਿਅਕਤੀ ਸਮਝੌਤੇ ਦੀ ਗੱਲ ਕਹਿ ਕੇ ਕਾਨੂੰਨੀ ਕਾਰਵਾਈ ਫਿਲਹਾਲ ਨਾ ਕਰਨ ਬਾਰੇ ਸਾਨੂੰ ਮਿਲੇ ਸਨ। ਜੇਕਰ ਸਮਝੌਤਾ ਸਿਰੇ ਨਹੀਂ ਚੜ੍ਹਿਆ ਤਾਂ ਨਾਮਜ਼ਦ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਰੂਰ ਅਮਲ ਵਿੱਚ ਲਿਆਂਦੀ ਜਾਵੇਗੀ।


Spread the love
Scroll to Top