ਬਰਨਾਲਾ, 24 ਮਾਰਚ
ਪੰਜਾਬ ਵਿੱਚ ਬਰਨਾਲਾ ਇਲਾਕਾ ਪੋਲਟਰੀ ਫਾਰਮ ਦੀ ਹੱਬ ਵਜੋਂ ਪਹਿਚਾਣਿਆਂ ਜਾਂਦਾ ਹੈ। ਜਿੱਥੇ ਸਭ ਤੋਂ ਵੱਧ ਪੋਲਟਰੀ ਫਾਰਮ ਹਨ। ਪ੍ਰਾਈਵੇਟ ਸੰਸਥਾਂ ਵੱਲੋਂ ਪੋਲਟਰੀ ਫਾਰਮਾਂ ਬਾਰੇ ਕੀਤੇ ਸਰਵੇ ਮੁਤਾਬਿਕ ਬਰਨਾਲਾ ਜਿਲ੍ਹੇ ਵਿੱਚ 200 ਦੇ ਲੱਗਭੱਗ ਛੋਟੇ ਵੱਡੇ ਪੋਲਟਰੀ ਫਾਰਮ ਹਨ। ਇੰਨ੍ਹਾ ਪੋਲਟਰੀ ਫਾਰਮਾਂ ਵਿੱਚ ਔਸਤਨ 1 ਕਰੋੜ ਦੇ ਲੱਗਭੱਗ ਮੁਰਗੀ ਪਾਲੀ ਜਾ ਰਹੀ ਹੈ। ਇਹ ਮੁਰਗੀਆਂ ਕਈ ਟਨ ਖੁਰਾਕ ਰੋਜ਼ਾਨਾਂ ਖਾਂਦੀਆਂ ਹਨ। ਪੰਜਾਬ ਵਿੱਚ ਕਰਫਿਊ ਦੇ ਚੱਲਦਿਆਂ ਇਹਨਾਂ ਫਾਰਮਾਂ ਵਿੱਚ ਫੀਡ ਦਾ ਇੱਕ ਵੱਡਾ ਸੰਕਟ ਖੜ੍ਹਾ ਹੋਣ ਜਾ ਰਿਹਾ ਹੈ। ਪੰਜਾਬ ਵਿੱਚ ਸਰਕਾਰ ਦੀ ਕਰਫਿਊ ਸਬੰਧੀ ਕੋਈ ਸਪੱਸ਼ਟ ਨੀਤੀ ਨਾ ਹੋਣ ਕਾਰਣ ਮੁਰਗੀਆਂ ਲਈ ਫੀਡ ਤਿਆਰ ਕਰਨ ਵਾਲੀਆਂ ਮਿੱਲਾਂ ਵੀ ਬੰਦ ਕੀਤੀਆਂ ਜਾ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਟਰਾਂਸਪੋਰਟ ਵੀ ਥਾਂ-ਥਾਂ ਤੇ ਰੋਕੀ ਜਾਣ ਕਾਰਣ ਕੋਈ ਟਰੱਕ ਮਾਲਕ ਫੀਡ ਨੂੰ ਇਹਨਾਂ ਫਾਰਮਾਂ ਤੱਕ ਪਹਚਾਉਣ ਲਈ ਤਿਆਰ ਨਹੀਂ ਹੋ ਰਿਹਾ । ਇੱਕ ਪੋਲਟਰੀ ਫਾਰਮ ਮਾਲਕ ਨੇ ਦੱਸਿਆ ਕਿ ਜੇ ਪੰਜਾਬ ਸਰਕਾਰ ਨੇ ਇਸ ਸਮੱਸਿਆ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਜਲਦੀ ਹੀ ਪੋਲਟਰੀ ਫਾਰਮਾਂ ਵਿੱਚ ਪਲ ਰਹੀਆਂ ਇਹ ਕਰੋੜਾਂ ਮੁਰਗੀਆਂ ਭੁੱਖ ਨਾਲ ਹੀ ਮਰ ਜਾਣਗੀਆਂ। ਜੇ ਇੰਝ ਵਾਪਰਦਾ ਹੈ ਤਾਂ ਇਸ ਜਿਲ੍ਹੇ ਅੰਦਰਲੀ ਪੋਲਟਰੀ ਇਡੰਸਟਰੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ । ਕਰਫਿਊ ਵਿੱਚ ਆਪਣੇ ਕਾਰੋਬਾਰ ਨੂੰ ਲੈ ਕੇ ਚਿੰਤਾ ਵਿੱਚ ਡੁੱਬੇ ਪੋਲਟਰੀ ਫਾਰਮਰਾਂ ਦਾ ਕਹਿਣਾ ਹੈ ਕਿ ਸਥਾਨਕ ਪ੍ਰਸ਼ਾਸ਼ਨ ਨੂੰ ਇਸ ਸਮੱਸਿਆ ਵੱਲ ਵੀ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਪੋਲਟਰੀ ਮਾਲਕਾਂ ਦੇ ਕਰਫਿਊ ਪਾਸ ਵੀ ਬਣਾਏ ਜਾਣ ਤਾਂ ਕਿ ਉਹ ਆਪਣੀ ਫਾਰਮਾਂ ਦੀ ਦੇਖ ਭਾਲ ਕਰਵਾ ਸਕਣ।