ਕਾਰਪੋਰੇਟੀ ਹੱਲੇ ਨੇ ਬਲਦੇ ਸਿਵਿਆਂ ਵਾਂਗ ਤਪਾਈ ਅੰਨਦਾਤੇ  ਦੀ ਜ਼ਿੰਦਗੀ

Spread the love

ਅਸ਼ੋਕ ਵਰਮਾ , ਬਠਿੰਡਾ 23 ਮਈ 2023
     ਸਰਕਾਰਾਂ ਵੱਲੋਂ ਕਾਰਪੋਰੇਟ ਕੰਪਨੀਆਂ  ਅਤੇ ਧਨਾਢ ਘਰਾਣਿਆਂ ਦਾ ਪੱਖ ਪੂਰਨ ਦੇ ਵਰਤਾਰੇ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਦੀ ਜ਼ਿੰਦਗੀ ਨੂੰ ਰੋਹੀ ਦਾ ਰੁੱਖ ਬਣਾ ਦਿੱਤਾ ਹੈ। ਕਦੇ  ਗੋਬਿੰਦਪੁਰਾ ਹੱਸਦਾ ਵਸਦਾ ਪਿੰਡ ਹੁੰਦਾ ਸੀ । ਜਦੋਂ ਤੋਂ ਇਸ ਪਿੰਡ ਦੀ ਜ਼ਮੀਨ ਤਾਪ ਬਿਜਲੀ ਘਰ ਬਣਾਉਣ ਲਈ ਐਕੁਆਇਰ ਕੀਤੀ ਗਈ ਹੈ ਉਦੋਂ ਤੋਂ ਪਿੰਡ ਦੀ ਰੂਹ ਹੀ ਗੁਆਚ ਗਈ ਹੈ।
ਪ੍ਰਾਈਵੇਟ ਕੰਪਨੀ ਨੇ ਇਸ ਪਿੰਡ  ਦੀ ਕਰੀਬ  ਅੱਠ ਸੌ  ਏਕੜ ਜ਼ਮੀਨ ‘ਚੋਂ ਕਿਸਾਨ ਬਾਹਰ ਕਰ ਦਿੱਤੇ ਹਨ। ਇਨ੍ਹਾਂ ਪੈਲੀਆਂ  ਦੀ ਮਾਲਕੀ ਜੋ ਪਹਿਲਾਂ ਕਿਸਾਨਾਂ ਦੇ ਨਾਂ ਬੋਲਦੀ ਸੀ,ਉਨ੍ਹਾਂ  ਦੀ ਮਾਲਕੀ ਹੁਣ ਪ੍ਰਾਈਵੇਟ ਕੰਪਨੀ ਕੋਲ ਆ ਗਈ ਹੈ।
                    ਵੇਰਵਿਆਂ ਅਨੁਸਾਰ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗੱਠਜੋੜ ਸਰਕਾਰ ਦੇ ਰਾਜ ਭਾਗ ‘ਚ ਸਾਲ 2010 ਦੌਰਾਨ ਪੁਲਸ ਦੇ ਡੰਡੇ ਦੇ ਜ਼ੋਰ ਤੇ ‘ ਪਿਉਨਾ ਪਾਵਰ ਲਿਮਟਿਡ ’  ਲਈ ਪਿੰਡ ਗੋਬਿੰਦਪੁਰਾ, ਜਲਵੇੜਾ, ਸਿਰਸੀਵਾਲਾ ਤੇ ਬਰੇਟਾ ਦੇ ਕਿਸਾਨਾਂ ਦੀ  ਤਕਰੀਬਨ ਪੌਣੇ ਨੌਂ ਸੌ ਏਕੜ ਜ਼ਮੀਨ ਐਕੁਆਇਰ ਕੀਤੀ ਸੀ। ਇਸ ਪ੍ਰੋਜੈਕਟ ਲਈ ਹਾਸਲ ਕੀਤੀ ਜ਼ਮੀਨ ਵਿੱਚੋਂ ਸਭ ਤੋਂ ਵੱਡਾ ਹਿੱਸਾ ਪਿੰਡ ਗੋਬਿੰਦਪੁਰਾ ਦਾ ਸੀ ਜਿੱਥੋਂ ਦੇ ਪੰਜ ਦਰਜਨ ਤੋਂ ਵੱਧ ਕਿਸਾਨ ਬੇਜ਼ਮੀਨੇ ਹੋਏ ਹਨ। ਕਿਸਾਨ ਧਿਰਾਂ  ਨੇ ਜ਼ਮੀਨ ਬਚਾਉਣ ਲਈ ਵੱਡੀ ਲੜਾਈ ਲੜੀ ਪਰ ਹੱਥ ਪੱਲੇ ਕੁੱਝ ਵੀ ਨਹੀਂ ਪਿਆ।  ਇਸ ਸੰਘਰਸ਼ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਨੂੰ ਪੁਲਿਸ ਦੀਆਂ ਡਾਂਗਾਂ ਆਪਣੇ ਪਿੰਡੇ ਤੇ ਹੰਢਾਉਣੀਆਂ ਪਈਆਂ ।ਪੁਲਿਸ ਜਬਰ ‘ਚ ਪਿੰਡ ਹਮੀਦੀ ਦਾ ਇੱਕ ਕਿਸਾਨ ਸ਼ਹੀਦ ਵੀ ਹੋ ਗਿਆ ਸੀ।
      ਕਿਸਾਨ ਆਖਦੇ ਹਨ ਕਿ ਉਨ੍ਹਾਂ ਨੂੰ ਘਰੋਂ ਬੇਘਰ ਹੋਣਾ ਪਿਆ  ਅਤੇ ਜ਼ਮੀਨਾਂ ਵੀ ਨਹੀ ਬਚੀਆਂ । ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਉਮੀਦ ਸੀ ਕਿ ਤਾਪ ਬਿਜਲੀ ਘਰ ਲੱਗਣ ਤੋਂ ਬਾਅਦ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਦੇ ਉਲਟ ਯੋਗ ਅਤੇ ਸਹੀ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਬਲਕਿ ਘਪਲਾ ਕਰਕੇ ਦੂਸਰੇ ਪਿੰਡਾਂ ਦੇ ਲੋਕ ਨੌਕਰੀਆਂ ਲੈ ਗਏ ਹਨ।ਪਿਛਲੇ 13 ਵਰ੍ਹਿਆਂ ਦੌਰਾਨ ਨਾ ਪ੍ਰਾਜੈਕਟ ਲੱਗਿਆ ਤੇ ਨਾ ਹੀ ਲੋਕਾਂ ਦੀ ਜਿੰਦਗੀ ਸੁਧਰ ਸਕੀ। ਹੁਣ ਤਾਂ ਇਹ ਹਾਲ ਹੈ ਕਿ ਜਿੱਥੇ ਥਰਮਲ ਲੱਗਣਾ ਸੀ, ਉੱਥੇ ਵੱਡਾ ਜੰਗਲ ਬਣ ਗਿਆ ਹੈ। ਪਹਾੜੀ ਕਿੱਕਰਾਂ ਉੱਘ ਆਈਆਂ ਹਨ।ਜੰਗਲ ਵਾਲੀ ਥਾਂ ਤੇ ਹੋਰਨਾਂ ਪਿੰਡਾਂ ਦੇ ਲੋਕ ਆਵਾਰਾ ਪਸ਼ੂ ਛੱਡ ਜਾਂਦੇ ਹਨ। ਜੰਗਲੀ ਸੂਰਾਂ ਵੱਲੋਂ ਫਸਲਾਂ ਦਾ ਉਜਾੜਾ ਕੀਤਾ ਜਾਂਦਾ ਹੈ। ਇਸ ਥਾਂ ਨੂੰ ਗੈਰ ਸਮਾਜੀ ਅਨਸਰਾਂ  ਅਤੇ ਨਸ਼ੇੜੀਆਂ ਨੇ ਅੱਡਾ ਬਣਾਇਆ ਹੋਇਆ ਹੈ। 
         ਜਦੋਂ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਇਸ ਜਗ੍ਹਾ ਤੇ ਸੋਲਰ ਪਾਵਰ ਪਲਾਂਟ ਲਾਉਣ ਦਾ ਐਲਾਨ ਕੀਤਾ ਹੈ ਤਾਂ ਕਿਸਾਨ ਵਿਰੋਧ ਵਿਚ ਉਠ ਖੜ੍ਹੇ ਹੋਏ ਹਨ ਜਿਨ੍ਹਾਂ ਨੇ ਤਾਪ ਬਿਜਲੀ ਘਰ ਦੀ ਮੰਗ ਚੁੱਕੀ ਹੈ। ਕਿਸਾਨਾਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਕਰ ਰਹੀ ਹੈ।ਪੰਜਾਬ ਸਰਕਾਰ ਨੇ ਪਿਉਨਾ ਪਾਵਰ ਲਿਮਟਿਡ ਨੂੰ 230 ਮੈਗਾਵਾਟ ਦਾ ਸੋਲਰ ਪਾਵਰ ਪ੍ਰੋਜੈਕਟ ਲਗਾਉਣ ਲਈ ਪ੍ਰਵਾਨਗੀ  ਦਿੱਤੀ ਹੈ। ਇਹ ਕੰਪਨੀ ਹੁਣ ਜੰਗਲ ਬਣੀ ਜਗ੍ਹਾ ’ਤੇ ਸੋਲਰ ਪਾਵਰ, ਬਾਇਓਮਾਸ ਆਦਿ ਪ੍ਰਾਜੈਕਟ ਦੀ ਉਸਾਰੀ ਕਰ ਸਕਦੀ ਹੈ। ਪਤਾ ਲੱਗਿਆ ਹੈ ਕਿ ਕੰਪਨੀ ਇਸ ਜ਼ਮੀਨ ਤੇ ਸਨਅਤੀ ਪ੍ਰੋਜੈਕਟ  ਲਾਉਣਾ ਚਾਹੁੰਦੀ ਸੀ ਪਰ  ਸਰਕਾਰ ਨੇ ਹਾਮੀ ਨਹੀਂ ਭਰੀ। ਕੰਪਨੀ ਨੇ ਹਾਈਕੋਰਟ ਦਾ ਬੂਹਾ ਵੀ ਖੜਕਾਇਆ  ਪਰ ਗੱਲ ਬਣੀ ਨਹੀਂ।
ਮੁਸੀਬਤਾਂ ਦਾ ਘਰ ਬਣੀ ਜ਼ਮੀਨ
   ਪਿੰਡ ਗੋਬਿੰਦਪੁਰਾ ਦੇ ਸਰਪੰਚ ਗੁਰਲਾਲ ਸਿੰਘ ਦਾ ਕਹਿਣਾ ਸੀ ਕਿ ਅਸਲ ਵਿੱਚ ਤਾਂ ਜਿਸ  ਪ੍ਰਾਜੈਕਟ ਲਈ ਜ਼ਮੀਨ ਐਕੁਆਇਰ ਕੀਤੀ ਗਈ ਹੈ ਉਹੋ ਹੀ ਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਪਿੰਡ  ਲਈ ਮੁਸੀਬਤ ਦਾ ਘਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜੇਕਰ ਨਵਾਂ ਪ੍ਰਾਜੈਕਟ ਲਗਦਾ ਹੈ  ਇਹ ਪਰੇਸ਼ਾਨੀਆਂ ਖ਼ਤਮ ਹੋ ਸਕਦੀਆਂ ਹਨ। ਉਨ੍ਹਾਂ  ਕਿਹਾ ਕਿ ਜ਼ਮੀਨ ਐਕੁਆਇਰ ਕਰਨ ਮਗਰੋਂ ਉਨ੍ਹਾਂ ਦੇ ਮੁਆਵਜ਼ਾ ਅਤੇ ਨੌਕਰੀਆਂ ਆਦਿ ਦੇ ਕੁੱਝ ਕੰਮ ਬਾਕੀ ਹਨ ਜਿਨ੍ਹਾਂ ਦੇ ਨਿਬੇੜੇ ਤੋਂ ਬਾਅਦ ਇਸ ਜ਼ਮੀਨ ਤੇ ਪ੍ਰਾਜੈਕਟ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਜ਼ਿੰਦਗੀ ਨਰਕਮਈ ਹੈ ਇਸ ਲਈ ਸਰਕਾਰ ਪਿੰਡ ਵਾਸੀਆਂ ਦੀ ਨੇੜੇ ਹੋ ਕੇ  ਬਾਂਹ ਫੜੇ।
ਥਰਮਲ ਪਲਾਂਟ ਲੱਗੇ: ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪਿੰਡ ਗੋਬਿੰਦਪੁਰਾ ਵਾਸੀ ਕਿਸਾਨ ਆਗੂ ਤਰਸੇਮ ਸਿੰਘ ਸੇਮਾ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਜਥੇਬੰਦੀ ਥਰਮਲ ਪਲਾਂਟ ਲਾਉਣ ਦੀ ਮੰਗ ਕਰ ਰਹੀ ਹੈ। ਉਹਨਾਂ ਦੱਸਿਆ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਸ਼ੁੱਕਰਵਾਰ ਨੂੰ ਅਗਲੀ ਰਣਨੀਤੀ ਉਲੀਕਣ ਲਈ ਗੋਬਿੰਦਪੁਰਾ ਪੁੱਜ ਰਹੇ ਹਨ। ਉਨ੍ਹਾਂ ਦੱਸਿਆ  ਕਿ ਕਾਗਜ਼ੀ ਪ੍ਰੋਜੈਕਟ ਨੇ ਪਿੰਡ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤਾਂ ਇਨ੍ਹਾਂ ਜ਼ਮੀਨਾਂ ਵਿਚ ਜਾਣ ਤੋਂ ਵੀ ਡਰ ਲਗਦਾ ਹੈ। ਉਨ੍ਹਾਂ ਸੋਲਰ ਪ੍ਰਾਜੈਕਟ ਦੀ ਥਾਂ ਥਰਮਲ ਪਲਾਂਟ ਲਾਉਣ ਦੀ ਮੰਗ ਕੀਤੀ।
      
ਸਰਕਾਰਾਂ ਦੇ ਏਜੰਡੇ ਲੋਕ ਪੱਖੀ ਨਹੀਂ
ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਅਤੇ ਪ੍ਰਚਾਰ ਸਕੱਤਰ ਡਾ. ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਜ਼ਮੀਨਾਂ ਖੋਹਣ ਲਈ ਕਾਰਪੋਰੇਟ ਪੱਖੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਕਾਰਨ ਕਿਸਾਨ ਆਪਣੇ ਹੀ ਮੁਲਕ ਵਿਚ ਸ਼ਰਨਾਰਥੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਿਰਫ਼ ਜ਼ਮੀਨ ਨਹੀਂ ਗਈ, ਉਨ੍ਹਾਂ ਦਾ ਜ਼ਮੀਨ ਨਾਲ ਭਾਵੁਕ ਲਗਾਅ ਦਾ ਵੀ ਕਤਲ ਹੋਇਆ ਹੈ।ਉਨ੍ਹਾਂ ਕਿਹਾ ਕਿ ਸਰਕਾਰੀ ਏਜੰਡਾ ਲੋਕ ਪੱਖੀ ਹੁੰਦਾ ਤਾਂ ਅੱਜ ਖੋਹੀ ਜ਼ਮੀਨ ’ਤੇ ਤਾਪ ਬਿਜਲੀ ਘਰ ਲੱਗਿਆ ਹੋਣਾ ਸੀ। 

Spread the love
Scroll to Top