ਡੀਸੀ ਦੇ ਭਰੋਸੇ ਬਾਅਦ ਵੀ ਬਸਤੀ ਚ, ਨਹੀਂ ਪਹੁੰਚੀ ਏਡੀਸੀ ਰੂਹੀ ਦੁੱਗ-ਨਰਾਇਣ ਦੱਤ
ਕਿਰਨ ਕਹਿੰਦੀ, ਕੋਰੋਨਾ ਨੇ ਕੀ ਕਰਨੈ ? ਬੱਸ ਗਰੀਬਾਂ ਨੇ ਇਲਾਜ਼ ਖੁਣੋ ਹੀ ਮਰਨੈ,,
ਹਰਿੰਦਰ ਨਿੱਕਾ, ਬਰਨਾਲਾ
ਕੋਰੋਨਾ ਵਾਇਰਸ ਤੋਂ ਬਚਾਅ ਲਈ ਦੇਸ਼ ਵਿੱਚ ਲਾਗੂ ਕੀਤੇ 21 ਦਿਨ ਦੇ ਕਰਫਿਊ ਦੇ ਪਹਿਲੇ ਪੰਜ ਕੁ ਦਿਨਾਂ ਨੇ ਹੀ ਰੋਜ ਤਾਜ਼ਾ ਕਮਾ ਕੇ ਖਾਣ ਵਾਲੇ ਮਜਦੂਰਾਂ ਦੀ ਹਾਲਤ ਪਾਣੀਉਂ ਪਤਲੀ ਕਰ ਛੱਡੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਇਸ ਸ਼ਹਿਰ ਦੀਆਂ ਕਈ ਗਰੀਬ ਬਸਤੀਆਂ ,ਚ ਕੁੱਲੀਆਂ ਵਰਗੇ ਘਰਾਂ ਵਿੱਚ ਰਹਿ ਕੇ ਜਿੰਦਗੀ ਦੀ ਗੱਡੀ ਨੂੰ ਕੋਹਲੂ ਦੇ ਬੈਲ ਦੀ ਤਰਾਂ ਗੇੜ ਕੇ ਜੂਨ ਗੁਜਾਰਾ ਕਰਦੇ ਲੋਕ ਹੁਣ ਕਈ ਦਿਨ ਤੋਂ ਭੁੱਖੇ ਸੌਣ ਨੂੰ ਮਜਬੂਰ ਹਨ। ਹਾਕਮ ਪਾਰਟੀ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਐਲਾਨ ਤੇ ਭਰੋਸੇ ਤਾਂ ਇਹ ਮਜਬੂਰ ਲੋਕਾਂ ਦੇ ਕੰਨੀ ਐਧਰ-ਉਧਰ ਤੋਂ ਸੁਣਨ ਨੂੰ ਪੈ ਜਾਂਦੇ ਨੇ, ਪਰ ਢਿੱਡ ਤਾਂ ਦੋ ਡੰਗ ਦੀ ਰੋਟੀ ਨਾਲ ਹੀ ਧਾਫੜਿਆ ਜਾਂਦੈ। ਜਿਸ ਦਾ ਜੁਗਾੜ ਹੁਣ ਕਿਰਤੀ ਲੋਕ ਵਿਹਲੇ ਬਹਿ ਕੇ ਕਰਨ ਤੋਂ ਬੇਬੱਸ ਹੋ ਚੁੱਕੇ ਹਨ। ਪ੍ਰਸ਼ਾਸ਼ਨ ਦੇ ਹਰ ਦਿਨ ਆ ਰਹੇ ਬਿਆਨ ਤੇ ਹਾਕਮਾਂ ਦੇ ਐਲਾਨਾਂ ਦੀ ਹਕੀਕਤ ਜਾਣਨ ਲਈ ਬਰਨਾਲਾ ਟੂਡੇ ਦੀ ਟੀਮ ,ਇਨਕਲਾਬੀ ਕੇਂਦਰ, ਪੰਜਾਬ ਦੇ ਨੌਜਵਾਨ ਆਗੂਆਂ ਸੋਨੀ ਤੇ ਰਿੰਕੂ ਬਰਨਾਲਾ ਆਦਿ ਦੇ ਸਹਿਯੋਗ ਨਾਲ ਰਾਮਗੜੀਆ ਰੋਡ ਤੇ ਸਥਿਤ ਬਰਨਾਲਾ ਦੇ ਵਾਰਡ ਨੰ 12, ਟੋਬਾ ਬਸਤੀ ,ਚ ਕੁੱਲੀਆਂ ਵਰਗੇ ਘਰਾਂ ਚ ਰਹਿੰਦੇ ਮਜਦੂਰ ਪਰਿਵਾਰਾਂ ਦਾ ਹਾਲ ਨੇੜਿਉਂ ਜਾ ਕੇ ਜਾਣਨ ਲਈ ਸ਼ਨੀਵਾਰ ਸ਼ਾਮ ਨੂੰ ਰੋਟੀ ਵੇਲੇ ਪਹੁੰਚੀ। ਬਸਤੀ ਦੇ ਬਹੁਤੇ ਘਰਾਂ ਦੇ ਚੁੱਲ੍ਹੇ ਠੰਡੇ ਸੀਤ ਵੇਖਣ ਨੂੰ ਮਿਲੇ। ਜਿਵੇਂ ਕਈ ਦਿਨਾਂ ਤੋਂ ਚੁੱਲ੍ਹਿਆਂ ਨੂੰ ਬਾਲਣ ਦਾ ਮੱਠਾ ਜਿਹਾ ਸੇਕ ਵੀ ਨਾ ਲੱਗਿਆ ਹੋਵੇ। ਜਿਸ ਕਿਸੇ ਦੀ ਵੀ ਦੁਖਦੀ ਰਗ ਤੇ ਪੋਲਾ ਜਿਹਾ ਹੱਥ ਧਰਿਆ,ਧੁਰ ਅੰਦਰੋਂ ਚੀਕ ਹੀ ਸੁਣਨ ਨੂੰ ਮਿਲੀ। ਮਜਦੂਰਾਂ ਦੇ ਨਾਮ ਜਰੂਰ ਵੱਖਰੇ ਵੱਖਰੇ ਸਨ,ਪਰ ਹਾਲਤ ਸਭ ਦੇ ਇੱਕੋਂ ਜਿਹੇ ਹੀ ਸੁਣਨ ਨੂੰ ਮਿਲੇ। ਬਸਤੀ ਦੇ ਬਹੁਤੇ ਘਰਾਂ ਚ, ਰਹਿਣ ਵਾਲਿਆਂ ਦੇ ਹਾਲ ਕੋਰੋਨਾ ਬਿਮਾਰੀ ਤੋਂ ਵੀ ਭੈੜੇ ਹੋਣ ਦੀ ਕਗਾਰ ‘ਤੇ ਹਨ ਬਸਤੀ ਦੇ ਜਿਆਦਾਤਰ ਘਰਾਂ ਚ, ਸਿਰ ਢਕੀ ਬੈਠੀਆਂ ਔਰਤਾਂ ਝਾੜੂ ਪੋਚਾ ਤੇ ਪੁਰਸ਼ ਦਿਹਾੜੀ ਦੱਪਾ ਕਰਨਾ, ਨੌਜਵਾਨ ਦਾ ਕੰਮ ਦੁਕਾਨਾਂ ‘ਤੇ ਨੌਕਰੀਆਂ ਕਰਨਾ ਹੀ ਹੈ। ਪਰ ਬੰਦ ਕਰਕੇ ਇਹ ਸਾਰੇ ਚਿੰਤਾ ਚ, ਗ੍ਰੱਸੇ ਘਰਾਂ ਵਿੱਚ ਰੁਜਗਾਰ ਵਿਹੂਣੇ ਹੋਏ ਬੈਠੇ ਹਨ ਬਲਜੀਤ ਕੌਰ ਪਤਨੀ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਬਜਾਰ ਵਿੱਚ ਝਾੜੂ ਪੋਚਾ ਕਰਦੀ ਸੀ। ਹੁਣ ਉਸ ਨੂੰ ਕੰਮ ਤੋਂ ਮਾਲਕਾਂ ਨੇ ਹਟਾ ਦਿੱਤਾ ਹੈ,ਜਿਸ ਕਰਕੇ ਹੁਣ ਉਸਦੀ ਮਾਨਸਿਕ ਹਾਲਤ ਵੀ ਠੀਕ ਨਹੀ ਹੈ ਉਸ ਨੇ ਡਾਕਟਰ ਦੀ ਪਰਚੀ ਦਿਖਾਉਂਦਿਆਂ ਕਿਹਾ ਪਹਿਲਾਂ ਉਹ ਕੰਮ ਕਰਕੇ ਦਵਾਈ ਖਰੀਦ ਲੈਂਦੀ ਸੀ, ਹੁਣ ਉਸ ਦੀ ਦਵਾਈ ਸਰਕਾਰੀ ਮੈਡੀਕਲ ਤੋਂ ਮਿਲਦੀ ਨਹੀਂ, ਪ੍ਰਾਈਵੇਟ ਮੈਡੀਕਲ ਸੌਪ ਤੋਂ ਦਵਾਈ ਲੈਣ ਲਈ ਉਸ ਕੋਲ ਕੋਈ ਪੈਸਾ ਨਹੀਂ ਉਸ ਦਾ ਪਤੀ ਸੱਤਪਾਲ ਸਿੰਘ ਰਿਕਸ਼ਾ ਚਾਲਕ ਵੀ ਹੁਣ ਬਾਹਰ ਕੰਮ ਤੇ ਜਾਣ ਤੋਂ ਅਸਮਰੱਥ ਹੈ ਕੌਸ਼ੱਲਿਆ ਪਤਨੀ ਮਮੂਰਾ ਸਿੰਘ ਅਤੇ ਕਰਮਜੀਤ ਕੌਰ ਚਮੜੀ ਦੀਆਂ ਰੋਗਣ ਹਨ ਉਨ੍ਹਾਂ ਕੋਲ ਵੀ ਪ੍ਰਾਈਵੇਟ ਦਵਾਈ ਲੈਣ ਲਈ ਪੈਸੇ ਨਹੀਂ ਹਨ ਕਿਰਨ ਕੌਰ ਪਤਨੀ ਅਮਰੀਕ ਸਿੰਘ ਨੇ ਦਰਦ ਫਰੋਲ਼ਦਿਆਂ ਕਿਹਾ ਉਸ ਦਾ ਪਤੀ ਮਜਦੂਰੀ ਕਰਦਾ ਸੀ, ਹੁਣ ਘਰੇ ਬੈਠਾ ਹੈ। ਲੋਕਾਂ ਨੇ ਕਿਹਾ ਕਿ ਸਾਡੇ ਮੁਹੱਲੇ ਵਿੱਚ ਬਹੁਤ ਸਾਰੇ ਬੰਦੇ ਜਰੂਰਤਮੰਦ ਪਰਿਵਾਰਾਂ ਦੇ ਨਾਮ ਤਾਂ ਲਿਖ ਕੇ ਲੈ ਜਾਂਦੇ ਹਨ। ਪਰ ਹਾਲੇ ਤੱਕ ਲੰਗਰ ਕਿਸੇ ਨੂੰ ਕੋਈ ਦੇਣ ਨਹੀਂ ਆਇਆ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਆਹ ਆਟੇ ਆਲੇ ਪੀਪੇ ਵੀ ਖਾਲੀ ਖੜਕਦੇ ਹਨ। ਉਨ੍ਹਾਂ ਦੀ ਬਸਤੀ ਵਿਚ ਸਬਜ਼ੀ-ਫਲ਼ ਵਾਲੇ ਤਾਂ ਆਏ ਹਨ, ਪਰ ਜੇਬ ਚ, ਖਰੀਦਣ ਲਈ ਕੋਈ ਪੈਸਾ ਧੇਲਾ ਨਹੀਂ ਹੈ ਕਿਰਨ ਨੇ ਲੰਬਾ ਸਾਹ ਭਰਦਿਆਂ ਕਿਹਾ ਕੋਰੋਨਾ ਨੇ ਤਾਂ ਹਾਲੇ ਪਤਾ ਨਹੀਂ, ਕੀ ਕਰਨੈ, ਲੱਗਦੈ ਗਰੀਬਾਂ ਨੇ ਤਾਂ ਭੁੱਖ ਦੇ ਦੁੱਖ ਤੇ ਇਲਾਜ਼ ਖੁਣੋ ਹੀ ਮਰਨੈ। ਹੋਰ ਮਜਦੂਰ ਔਰਤਾਂ ਨੇ ਕਿਹਾ ਉਨ੍ਹਾਂ ਦੇ ਬਸਤੀ ਦੋਧੀ ਤਾਂ ਆਉਂਦੇ ਨੇ,ਹੋਕਾ ਵੀ ਦਿੰਦੇ ਹਨ। ਪਰ ਦੁੱਧ ਕਿਹੜਾ ਬਿਨਾਂ ਪੈਸਿਆਂ ਤੋਂ ਮਿਲਦੈ। ਕਿਰਤੀ ਸੱਤਪਾਲ ,ਰਿਕਸ਼ਾ ਚਲਾ ਕੇ ਪਰਿਵਾਰ ਪਾਲਦਾ ਸੀ, ਪਰ ਹੁਣ ਆਪ ਹੀ ਵਿਹਲਾ ਬੈਠਾ, ਹੋਰਾਂ ਦੇ ਹੱਥਾਂ ਵੱਲ ਰੋਟੀ ਲਈ ਝਾਕਦੈ। ਉਸ ਨੇ ਮੋਦੀ ਸਰਕਾਰ ਖਿਲਾਫ ਭੜਾਸ ਕੱਢਦਿਆਂ ਕਿਹਾ ਕਿ ਉਸ ਨੇ ਕਈ ਤਰ੍ਹਾਂ ਦੇ ਖਾਤੇ ਖੁਲਵਾਏ , ਪਰ ਕਿਸੇ ਵੀ ਖਾਤੇ ਚ, ਫੁੱਟੀ ਕੌੜੀ ਵੀ ਸਰਕਾਰ ਵਾਲਿਆਂ ਨੇ ਨਹੀਂ ਘੱਲੀ। ਇਸ ਬਸਤੀ ਵਿੱਚ ਵੱਸਦੇ ਬਹੁਤ ਸਾਰੇ ਮਜਦੂਰ ਰਜਿਸਟਰਡ ਵੀ ਨਹੀਂ ਹਨ ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਨਕਦ ਪੈਸੇ ਦਿੱਤੇ ਜਾਣ ਤਾਂ ਕਿ ਉਹ ਆਟਾ, ਦਾਲ, ਸਬਜ਼ੀ, ਰਾਸ਼ਨ,ਦੱਧ, ਦਵਾਈ ਆਦਿ ਲੈਕੇ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਚੱਲਦਾ ਰੱਖ ਸਕਣ। ਇਨਕਲਾਬੀ ਕੇਂਦਰ,ਪੰਜਾਬ ਦੇ ਪ੍ਰਧਾਨ ਨੇ ਕਰਫਿਊ ਦੌਰਾਨ ਹਾਲੇ ਪੰਜ ਕੁ ਦਿਨਾਂ ਵਿੱਚ ਹੀ ਮਜਦੂਰਾਂ ਦੀ ਭਿਆਂ ਬੋਲ ਜਾਣ ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਅਜ਼ਿਹੀ ਹਾਲਤ ਤੋਂ ਜਾਣੂ ਕਰਵਾਉਣ ਲਈ ਉਹਨਾਂ ਖੁਦ ਵੀ ਡੀਸੀ ਤੇਜ਼ਪ੍ਰਤਾਪ ਸਿੰਘ ਫੂਲਕਾ ਨਾਲ ਗੱਲ ਕੀਤੀ,ਜਿੰਨ੍ਹਾਂ ਤੁਰੰਤ ਬਸਤੀ ਵਿੱਚ ਏਡੀਸੀ ਰੂਹੀ ਦੁੱਗ ਨੂੰ ਭੇਜ਼ਣ ਦਾ ਭਰੋਸਾ ਵੀ ਦਿੱਤਾ ਸੀ, ਪਰ ਅਫਸੋਸ ਕਿ ਡੀਸੀ ਆਪਣੇ ਵਾਅਦੇ ਤੇ ਖਰਾ ਨਹੀਂ ਉਤਰਿਆ, ਸੈਂਕੜੇ ਲੋਕਾਂ ਨੂੰ ਪ੍ਰਸ਼ਾਸਨ ਦੀ ਲਾਪਰਵਾਹੀ ਦੀ ਬਦੌਲਤ ਇੱਕ ਹੋਰ ਰਾਤ ਭੁੱਖੇ ਢਿੱਡ ਹੀ ਕੱਢਣੀ ਪੈ ਗਈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਰੋਟੀ ਨੂੰ ਤਰਸਦੇ ਮਜਬੂਰਾਂ ਦੀ ਇਸ ਔਖੀ ਘੜੀ ਵਿੱਚ ਵੀ ਸਾਰ ਨਾ ਲਈ ਤਾਂ, ਇਨਕਲਾਬੀ ਕੇਂਦਰ ਚੁੱਪ ਕਰਕੇ ਨਹੀ ਬੈਠੇਗਾ।