ਜਾਤਾਂ ਧਰਮਾਂ ਦੀਆਂ ਵੰਡੀਆਂ ਦੀ ਆੜ ‘ਚ ਕਾਮਿਆਂ ਦੀ ਏਕਤਾ ਨੂੰ ਲਾਈ ਜਾ ਰਹੀ ਸੰਨ੍ਹ !

Spread the love

ਜਮਹੂਰੀ ਅਧਿਕਾਰ ਸਭਾ ਨੇ ਸੂਬਾਈ ਕਨਵੈਨਸ਼ਨ ‘ਚ ‘ਜਮਹੂਰੀ ਹੱਕਾਂ ਨੂੰ ਦਰਪੇਸ਼ ਚੁਣੌਤੀਆਂ’ ‘ਬਾਰੇ ਚਰਚਾ; ਕਾਲੇ ਕਾਨੂੰਨਾਂ ਵਿਰੁੱਧ ਖਬਰਦਾਰ ਕੀਤਾ 

ਸੰਘਰਸ਼ ਕਰਨ ਦੇ ਹੱਕਾਂ ਉਪਰ ਕਾਰਪੋਰੇਟੀ ਤੇ ਫ਼ਿਰਕੂ ਰਾਸ਼ਟਰਵਾਦ ਦੇ ਹਮਲਿਆਂ ਖ਼ਿਲਾਫ਼ ਇੱਕ ਜੁੱਟ ਜਾਗਰੂਕਤਾ ਦੀ ਲੋੜ-ਨਵਸ਼ਰਨ ਸਿੰਘ 

ਰਘਵੀਰ ਹੈਪੀ , ਬਰਨਾਲਾ 8 ਅਪ੍ਰੈਲ 2023
        ਦੇਸ਼ ਅੰਦਰ ਅੱਜ ਦੇ ਸਮਿਆਂ ਦੀ ਆਰਥਿਕ ਨਾਬਰਾਬਰੀ ਉਸ ਨਾਬਰਾਬਰੀ ਨਾਲੋਂ ਕਿਤੇ ਵਧੇਰੀ ਹੈ, ਜਿਸ ਨੇ ਸ਼ਹੀਦ ਭਗਤ ਤੇ ਸਾਥੀਆਂ ਨੂੰ ਅੱਠ,ਅਪਰੈਲ,1929 ਦਾ ਇਤਿਹਾਸਕ ਕਾਰਨਾਮਾ ਕਰਨ ਦੇ ਰਾਹ ਤੋਰਿਆ। ਇਹ ਸ਼ਬਦ ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਕਨਵੈਨਸ਼ਨ ਦੇ ਮੁੱਖ ਬੁਲਾਰੇ ਡਾ: ਨਵਸ਼ਰਨ ਸਿੰਘ ਨੇ ਤਰਕਸ਼ੀਲ ਭਵਨ ਬਰਨਾਲਾ ਦੇ ਖਚਾਖਚ ਭਰੇ ਹਾਲ ਨੂੰ ਸੰਬੋਧਨ ਕਰਦਿਆਂ ਕਹੇ।                                                  ਉਨ੍ਹਾਂ ਕਿਹਾ ਕਿ ਦੇਸ਼ ਦੇ ਧਨ ਦੌਲਤ ਨੂੰ ਅਡਾਨੀ-ਅੰਬਾਨੀ ਵਰਗੇ ਕਾਰਪੋਰੇਟ ਘਰਾਣੇ ਆਪਣੇ ਪੇਟੇ ਪਾ ਰਹੇ ਹਨ। ਇੱਕ ਟੀਵੀ ਚੈਨਲ ‘ਤੇ ਹਿੰਡਨਬਰਗ ਦੀ ਰਿਪੋਰਟ ਦਾ ਜਵਾਬ ਦਿੰਦੇ ਹੋਏ ਗੌਤਮ ਅਡਾਨੀ ਨੇ ਕੁੜਤੇ ਪਜਾਮੇ ਦਾ ਇਕ ਖਾਸ ਕਿਸਮ ਦਾ ਲਿਬਾਸ ਪਹਿਨਿਆ ਅਤੇ ਆਪਣੇ ਪਿੱਛੇ ਤਿਰੰਗਾ ਖੜ੍ਹਾ ਕੀਤਾ। ਜਿਸਦਾ ਸਾਫ਼ ਅਰਥ ਸੀ ਕਿ ਸਰਕਾਰ ਉਸ ਦੇ ਨਾਲ ਹੈ ਅਤੇ ਹੋਇਆ ਵੀ ਇੰਝ ਹੀ ਹੈ। ਉਸਦੇ ਮਾਮਲੇ ਦੀ ਛਾਣ ਬੀਨ ਦੀ ਸਾਂਝੀ ਪਾਰਲੀਮੈਂਟਰੀ ਕਮੇਟੀ ਦੀ ਮੰਗ ਨੂੰ, ਪੰਜਾਬ ਅੰਦਰ ਅੰਮ੍ਰਿਤਪਾਲ ਦੇ ਵਰਤਾਰੇ ਅਤੇ ਦੇਸ਼ ਅੰਦਰ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਖਤਮ ਕਰਨ ਦੇ ਰੋਲੇ ਵਿੱਚ ਰੋਲ ਦਿੱਤਾ ਹੈ। ਇਸ ਤੋਂ ਅੱਗੇ ਇੱਕ ਰਾਸ਼ਟਰ,ਇੱਕ ਮੰਡੀ,ਇੱਕ ਧਰਮ,ਇੱਕ ਪਾਰਟੀ,ਇੱਕ ਚੋਣ,ਇੱਕ ਆਗੂ ਦੇ ਨਾਅਰੇ ਹੇਠ ਕਾਮੇ ਲੋਕਾਂ ਦੇ ਰੋਟੀ ਰੋਜ਼ੀ ਦੇ ਵਸੀਲਿਆਂ ਅਤੇ ਜਮਹੂਰੀ ਅਧਿਕਾਰਾਂ ਉੱਪਰ ਵੱਡੇ ਹਮਲੇ ਕੀਤੇ ਜਾ ਰਹੇ ਹਨ। ਦੇਸ਼ ਅੰਦਰ ਫਿਰਕਾਪ੍ਰਸਤੀ ਦੇ ਨਾਮ ਹੇਠ ਜਾਤਾਂ ਧਰਮਾਂ ਦੀਆਂ ਵੰਡੀਆਂ ਹੇਠ ਕਾਮਿਆਂ ਦੀ ਏਕਤਾ ਨੂੰ ਸੰਨ੍ਹ ਲਾਈ ਜਾ ਰਹੀ ਹੈ।                                          ਆਪਣੇ ਸੰਬੋਧਨ ਵਿੱਚ ਡਾ ਪਰਮਿੰਦਰ ਨੇ ਪੰਜਾਬ ਦੇ ਲੋਕਾਂ ਵੱਲੋਂ ਫਿਰਕਾਪ੍ਰਸਤ ਤਾਕਤਾਂ ਦੀ ਚਾਲ ਨੂੰ ਹੁੰਗਾਰਾ ਭਰਨ ਤੋਂ ਇਨਕਾਰ ਕਰਨ ਦੇ ਹਾਂਦਰੂ ਪੱਖ ਨੂੰ ਉਭਾਰਦਿਆਂ ਕਿਹਾ ਕਿ ਕਵੀ ਪੂਰਨ ਸਿੰਘ ਦੇ ਬੋਲ ਕਿ ‘ਪੰਜਾਬ ਵਸਦਾ ਗੁਰਾਂ ਦੇ ਨਾਮ ’ਤੇ ਨੂੰ ਸਹੀ ਸੰਦਰਭ ਵਿੱਚ ਸਮਝਣ ਦੀ ਲੋੜ ਹੈ। ਇਹ ਬਾਬੇ ਨਾਨਕ ਬਾਬਾ ਫਰੀਦ ਅਤੇ ਰਾਮ ਕਥਾ ਦਾ ਸਾਂਝਾ ਪੰਜਾਬੀ ਸੱਭਿਆਚਾਰ ਹੈ ਕੇਵਲ ਸਿੱਖਾਂ ਦਾ ਪੰਜਾਬ ਨਹੀਂ ਜਿਹੜਾ ਅੰਗਰੇਜ਼ਾਂ ਵੱਲੋਂ 1930 ਵਿਆਂ ਅੰਦਰ ਉਭਾਰਨਾ ਸ਼ੁਰੂ ਕੀਤਾ। ਸਭਾ ਦੇ ਜਰਨਲ ਸਕੱਤਰ ਪ੍ਰਿਤਪਾਲ ਸਿੰਘ ਨੇ 8 ਅਪ੍ਰੈਲ 1929 ਨੂੰ ਭਗਤ ਸਿੰਘ,ਬੀਕੇ ਦੱਤ ਵੱਲੋਂ ਗੁੰਜਾਈ ਗਰਜ਼ ਨੂੰ ਯਾਦ ਕਰਦਿਆਂ ਕਿਹਾ ਕਿ ਫਿਰੰਗੀਏ ਸਾਂਝੀਵਾਲਤਾ ਯਾਨੀ ਸਮਾਜਵਾਦੀ ਵਿਚਾਰਾਂ,ਕਾਮਿਆਂ ਦੀ ਰਾਜਨੀਤਕ ਸਰਗਰਮੀ ਅਤੇ ਪ੍ਰੈੱਸ ਦੀ ਆਜ਼ਾਦੀ ਨੂੰ ਦਬਾਉਣਾ ਚਾਹੁੰਦੇ ਸਨ। ਇਵੇਂ ਹੀ ਅੱਜ ਦੀਆ ਸਰਕਾਰਾਂ ਕਰ ਰਹੀਆਂ ਹਨ, ਫ਼ਿਰਕਾਪ੍ਰਸਤੀ ਦਾ ਜਵਾਬ ਕਿਰਤੀ ਲੋਕਾਂ ਦੇ  ਸੰਘਰਸ਼ ਹਨ ਨਾ ਕਿ ਮੁਕਾਬਲੇ ਦੀ ਫਿਰਕਾਪ੍ਰਸਤੀ। ਗੁਰਮੇਲ ਸਿੰਘ ਠੁੱਲੀਵਾਲ ਬਰਨਾਲਾ ਇਕਾਈ ਪ੍ਰਧਾਨ ਨੇ ਮੁੱਖ ਬੁਲਾਰੇ ਬਾਰੇ ਜਾਣਕਾਰੀ ਦਿੱਤੀ ਅਤੇ ਹਾਜ਼ਰੀਨ ਦਾ ਸਵਾਗਤ ਕਰਦਿਆਂ ਵਿਚਾਰਾਂ ਨੂੰ ਗ੍ਰਹਿਣ ਕਰਨ ਦਾ ਸੱਦਾ ਦਿੱਤਾ।  ਸਭਾ ਦੇ ਜਥੇਬੰਦਕ ਸਕੱਤਰ ਨਰਭਿੰਦਰ ਨੇ ਧੰਨਵਾਦ ਕਰਦਿਆਂ ਕਿਹਾ ਜ਼ੋਰ ਦਿੱਤਾ ਕਿ ਫਾਸ਼ੀਵਾਦੀ ਹੱਲਾ ਬੌਧਿਕ ਵਿਕਾਸ ਨੂੰ ਬੌਣਾ ਕਰਦਾ ਹੈ ਜਿਸਦਾ ਮੁਕਾਬਲਾ ਬੁੱਧੀ ਦੇ ਵਿਕਾਸ ਅਤੇ ਇੱਕਮੁੱਠਤਾ ਨਾਲ ਕੀਤਾ ਜਾ ਸਕਦਾ ਹੈ ਅਤੇ ਸਭਾ ਦੇ ਕਾਰਕੁਨਾਂ ਅਤੇ ਜਾਗਰੂਕ ਲੋਕਾਂ ਨੂੰ ਇਹ ਜੁੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਕੱਠ ਨੇ ਸਭਾ ਦੇ ਸੂਬਾ ਵਿੱਤ ਸਕੱਤਰ ਤਰਸੇਮ ਗੋਇਲ ਨੇ ਜਾਣਕਾਰੀ ਅਤੇ ਆਪਾ ਪ੍ਰਗਟਾਵੇ, ਜਥੇਬੰਦ ਹੋਣ ਅਤੇ ਜ਼ਿੰਦਗੀ ਬੇਹਤਰ ਬਣਾਉਣ ਦੇ ਮੁੱਢਲੇ ਹੱਕ ਨੂੰ ਕਾਲੇ ਕਾਨੂੰਨ ਅਤੇ ਹੋਰ ਢੰਗਾਂ ਨਾਲ ਕੁਚਲਣ ਦਾ ਵਿਰੋਧ ਕਰਨ,ਆਦਿਵਾਸੀਆਂ ਉੱਪਰ ਡਰੋਨ ਹਮਲੇ ਬੰਦ ਕਰਨ,ਕਾਲੇ ਕਾਨੂੰਨ ਰੱਦ ਕਰਨ, ਕਾਲੇ ਕਾਨੂੰਨ ਤਹਿਤ ਗ੍ਰਿਫਤਾਰ ਸਾਰੇ ਲੋਕਾਂ ਨੂੰ ਰਿਹਾ ਕਰਨ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ,ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਰੱਦ ਕਰਨ ਅਤੇ ਲੋਕਾਂ ਦੇ ਸਿਹਤ,ਵਿੱਦਿਆ ਅਤੇ ਰੁਜ਼ਗਾਰ ਦੀ ਤਬਾਹੀ ਦਾ ਕਾਰਨ ਨਿੱਜੀਕਰਨ, ਸੰਸਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਰੱਦ ਕਰਨ, ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਦਾ ਵਿਰੋਧ ਕਰਨ ਦੇ ਰੱਖੇ ਮਤੇ ਪਾਸ ਕੀਤੇ। ਡਾ ਨਵਸ਼ਰਨ ਸਿੰਘ,ਸਭਾ ਦੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ,ਐਡਵੋਕੇਟ ਐਨ ਕੇ ਜੀਤ,ਸੂਬਾ ਕਮੇਟੀ ਮੈਂਬਰ ਪਰਮਜੀਤ ਕੌਰ ਜੋਧਪੁਰ,ਸੁਖਦੇਵ ਸਿੰਘ ਹੁੰਦਲ ਅਤੇ ਅੱਛਰ ਸਿੰਘ ਖਰਲਵੀਰ ਅਧਾਰਤ ਪ੍ਰਧਾਨਗੀ ਮੰਡਲ ਅਤੇ ਸਟੇਜ ਦੀ ਭੂਮਿਕਾ ਸੋਹਨ ਸਿੰਘ ਮਾਝੀ ਨੇ ਨਿਭਾਈ। ਕੁਲਦੀਪ ਸਿਰਸਾ, ਮੰਦਰ ਜੱਸੀ ਅਤੇ ਅਜਮੇਰ ਅਕਲੀਆ ਨੇ ਇਨਕਲਾਬੀ ਗੀਤ ਪੇਸ਼ ਕੀਤੇ ।ਬਰਨਾਲ਼ਾ ਇਕਾਈ ਨੇ ਅਮਨਦੀਪ ਬਖਤਗੜ੍ਹ ਨੂੰ ਪਿੰਡ ਵਿੱਚ ਸਾਂਝੀਵਾਲਤਾ ਦੀ ਨਵੀਂ ਪਿਰਤ ਪਾਉਂਦਿਆਂ ਮਸਜਿਦ ਵਾਸਤੇ ਜਗ੍ਹਾਂ ਦੇਣ ਲਈ ਸਨਮਾਨਿਤ ਕੀਤਾ ਗਿਆ। 

Spread the love
Scroll to Top