ਡਿਪਟੀ ਕਮਿਸ਼ਨਰ ਥੋਰੀ ਵੱਲੋਂ ਚੁੱਕੇ ਕਦਮਾਂ ਸਦਕਾ ਪਰਤਿਆ , ਮੱਧ ਪ੍ਰਦੇਸ਼ ’ਚ ਕਰਫਿਊ ਦੌਰਾਨ ਫਸਿਆ ਸੰਗਰੂਰ ਦਾ ਪਰਿਵਾਰ

Spread the love

* ਨੋਡਲ ਅਧਿਕਾਰੀ ਨੇ ਜਾਣਕਾਰੀ ਮਿਲਣ ਤੋੋਂ ਤੁਰੰਤ ਬਾਅਦ ਮੱਧ ਪ੍ਰਦੇਸ਼ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤਾ ਰਾਬਤਾ
* ਸਿਹਤ ਸਬੰਧੀ ਜਾਂਚ ਤੋਂ ਬਾਅਦ ਪਰਿਵਾਰ ਦੀ ਵਾਪਸੀ ਦਾ ਖੁੱਲਿਆ ਰਾਹ

ਸੰਗਰੂਰ, 2 ਅਪ੍ਰੈਲ:

ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲੇ ਵਿੱਚ ਸੰਗਰੂਰ ਦੇ ਇੱਕ ਪਰਿਵਾਰ ਦੇ 8 ਜੀਆਂ ਦੇ ਕਰਫਿਊ ਕਾਰਨ ਫਸੇ ਹੋਣ ਦੀ ਵੀਡੀਓ ਸਾਹਮਣੇ ਆਉਣ ’ਤੇ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਘਨਸਿਆਮ ਥੋਰੀ ਵੱਲੋਂ ਤੁਰੰਤ ਐਕਸ਼ਨ ਲਿਆ ਗਿਆ ਜਿਸ ਨਾਲ ਇਸ ਪਰਿਵਾਰ ਦੀ ਸੁਰੱਖਿਅਤ ਘਰ ਵਾਪਸੀ ਹੋ ਗਈ। ਇਸ ਵੀਡੀਓ ਵਿੱਚ ਪਰਿਵਾਰ ਦੇ ਮੈਂਬਰ ਲਖਵਿੰਦਰ ਸਿੰਘ ਨੇ ਆਪਣੇ ਫਸੇ ਹੋਣ ਦਾ ਹਵਾਲਾ ਦੇ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮਦਦ ਦੀ ਗੁਹਾਰ ਲਗਾਈ ਸੀ ਜਿਸ ਤੋਂ ਤੁਰੰਤ ਬਾਅਦ ਉਨਾਂ ਦੀ ਮਦਦ ਲਈ ਸਬੰਧਤ ਜ਼ਿਲੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਮਰਜੈਂਸੀ ਸੈੱਲ ਦੇ ਨੋਡਲ ਅਫ਼ਸਰ ਸੰਗਰੂਰ ਸ਼੍ਰੀਮਤੀ ਵਿਦਿਆ ਸਾਗਰੀ ਡੀ.ਐਫ.ਓ ਵੱਲੋਂ ਡਿਪਟੀ ਕਮਿਸ਼ਨਰ ਮੰਦਸੌਰ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਸਿਹਤ ਵਿਭਾਗ ਮੰਦਸੌਰ ਵੱਲੋਂ ਇਸ ਪਰਿਵਾਰ ਦੇ 8 ਜੀਆਂ ਦੀ ਸਿਹਤ ਜਾਂਚ ਤੋਂ ਬਾਅਦ ਸਿਹਤ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਪਰਿਵਾਰ ਦੇ ਮੈਂਬਰ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਤੋਂ ਵਾਪਸੀ ਲਈ ਰਵਾਨਾ ਹੋ ਗਏ ਹਨ ਅਤੇ ਇਸ ਉੱਦਮ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦੀ ਹਨ।
ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਫਸੇ ਸੰਗਰੂਰ ਜ਼ਿਲੇ ਦੇ ਨਿਵਾਸੀਆਂ ਨੂੰ ਕਿਸੇ ਵੀ ਵਸਤੂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਉਦੇਸ਼ ਦੀ ਪੂਰਤੀ ਹਿੱਤ ਦੇਸ਼ ਦੇ ਸਬੰਧਤ ਹਿੱਸੇ ਦੇ ਉਚ ਅਧਿਕਾਰੀਆਂ ਨਾਲ ਪ੍ਰਸ਼ਾਸਨਿਕ ਤੌਰ ’ਤੇ ਤਾਲਮੇਲ ਕਰਕੇ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾਣਗੀਆਂ। ਇਸ ਕਾਰਜ ਲਈ ਜ਼ਿਲੇ ਵਿੱਚ ਜ਼ਿਲਾ ਵਣ ਅਧਿਕਾਰੀ ਸ਼੍ਰੀਮਤੀ ਵਿਦਿਆ ਸਾਗਰੀ ਨੂੰ ਨੋਡਲ ਅਧਿਕਾਰੀ ਲਗਾਇਆ ਗਿਆ ਹੈ ਜਿਸ ਦਾ ਹੈਲਪਲਾਈਨ ਨੰਬਰ 77078-91837 ਹੈ ਜੋ  ਕਿ ਸਬੰਧਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਕੇ ਸੁਵਿਧਾਵਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਏਗਾ।

Spread the love
Scroll to Top