ਡੇਰਾ ਸਿਰਸਾ ਮੁਖੀ ਵੱਲੋਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਦਾ ਸੱਦਾ 

Spread the love

ਅਸ਼ੋਕ ਵਰਮਾ , ਸਿਰਸਾ, 30 ਅਪਰੈਲ 2023
   ਡੇਰਾ ਸੱਚਾ ਸੌਦਾ ਸਿਰਸਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੇ ਪੈਰੋਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ।ਉਨ੍ਹਾਂ ਕਿਹਾ ਕਿ ਤੁਸੀਂਂ ਰੋਜ਼ਾਨਾ ਜਾਂ 7 ਦਿਨਾਂ ’ਚ ਤਿੰਨ ਵਾਰ ਆਪਣੇ ਬੱਚਿਆਂ ਨੂੰ ‘ਮਾਨਵਤਾ ਤੇ ਮਾਨਵਤਾ ਭਲਾਈ, ਸਿ੍ਰਸ਼ਟੀ ਦੀ ਭਲਾਈ ਬਾਰੇ ਸਿੱਖਿਆ ਦਿਓਗੇ, ਪਿਆਰ ਨਾਲ ਸਮਝਾਓਗੇ।ਉਨ੍ਹਾਂ ਇਸ ਭਲਾਈ ਕਾਰਜ ਦਾ ਨਾਮ ‘ਉੱਤਮ ਸੰਸਕਾਰ’ ਰੱਖਿਆ ਹੈ। ਡੇਰਾ ਸਿਰਸਾ ਮੁਖੀ ਨੇ ਆਪਣੇ ਪੈਰੋਕਾਰਾਂ ਨੂੰ ਜੋ ਤਾਜ਼ਾ ਚਿੱਠੀ ਲਿਖੀ ਹੈ ਉਸ ਵਿਚ ਇਹ ਸੁਝਾਅ ਦਿੱਤਾ ਗਿਆ ਹੈ।                 
     ਡੇਰਾ ਮੁਖੀ ਨੇ ਡੇਰਾ ਸੱਚਾ ਸੌਦਾ ਵੱਲੋਂ ਸ਼ੁਰੂ ਕੀਤੇ ਗਏ  ਮਾਨਵਤਾ ਭਲਾਈ ਕਾਰਜਾਂ ਦੀ ਲੜੀ ਵਿੱਚ ਇਸ ਕਾਰਜ ਨੂੰ 157ਵਾਂ  ਨੰਬਰ ਦਿੱਤਾ ਹੈ। ਇਹ ਚਿੱਠੀ ਸ਼ਨੀਵਾਰ ਨੂੰ ਸਰਸਾ ਵਿਖੇ ਡੇਰਾ ਸੱਚਾ ਸੌਦਾ ਦੇ 75ਵੇਂ ਸਥਾਪਨਾ ਦਿਵਸ ਅਤੇ   16ਵੇਂ ‘ਜਾਮ ਏ ਇੰਸਾਂ ਗੁਰੂ ਕਾ ਦਿਵਸ’ ਸਬੰਧੀ ਕਰਵਾਏ ਸਮਾਗਮ ਦੌਰਾਨ ਹੋਏ ਡੇਰਾ ਪੈਰੋਕਾਰਾਂ ਦੇ ਭਾਰੀ ਇਕੱਠ ਦੌਰਾਨ ਪੜ੍ਹ ਕੇ ਸੁਣਾਈ ਗਈ। ਪੱਤਰ ਵਿਚ ਲਿਖਿਆ ਗਿਆ ਹੈ  ਕਿ ਤੁਸੀਂ ਸਭ ਸਾਡੀ ਭਾਵ ਤੁਹਾਡੇ ਐੱਮਐੱਸਜੀ ਗੁਰੂ ਦੀ ਗੱਲ ਮੰਨਦੇ ਹੋਏ  ਏਕਤਾ ਤੇ ਇੱਕ ਰਹਿਣ ਦਾ ਤੇ ਆਪਣੇ ਗੁਰੂ ਦੇ ਹੀ ਬਣੇ ਰਹਿਣ ਦਾ ਪ੍ਰਣ ਕਰਦੇ ਹੋ ਤਾਂ ਉਹ ਵੀ ਤੁਹਾਡਾ ਸਾਰਿਆਂ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ।
        ਇਸ ਮੌਕੇ ਵੱਖ ਵੱਖ ਪੰਡਾਲਾਂ ਵਿੱਚ ਹਾਜ਼ਰ ਡੇਰਾ ਪੈਰੋਕਾਰਾਂ ਵੱਲੋਂ ਦੋਵੇਂ ਹੱਥ ਖੜ੍ਹੇ ਕਰਕੇ ਇਹ ਗੱਲਾਂ ਮੰਨਣ ਦਾ ਵਾਅਦਾ ਵੀ ਕੀਤਾ ਗਿਆ।ਪੱਤਰ ਵਿਚ ਲਿਖਿਆ ਹੈ ਕਿ ਅਸੀਂ 1948 ਤੋਂ ਹੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਊਚ-ਨੀਚ, ਜਾਤ-ਪਾਤ ਦਾ ਭੇਦਭਾਵ ਨਹੀਂ ਕਰਦੇ ਹਾਂ। ਪੱਤਰ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ   ਸ਼ਾਹ ਮਸਤਾਨਾ ਜੀ  ਨੇ 1948 ਦੀ 29 ਅਪਰੈਲ ਨੂੰ ਨੀਂਹ ਰੱਖਣ ਤੋਂ ਬਾਅਦ, ਮਈ ’ਚ ਪਹਿਲਾ ਸਤਿਸੰਗ ਡੇਰੇ ’ਚ ਕੀਤਾ ਸੀ ਤਾਂ ਮਈ ਦੇ ਆਖਰੀ ਐਤਵਾਰ ਨੂੰ ਅੱਜ ਦੀ ਤਰਾਂ ਸਮਾਗਮ ਕਰਵਾਇਆ ਜਾਵੇਗਾ। 
               ਆਪਣੇ ਪੱਤਰ ਵਿੱਚ ਉਨ੍ਹਾਂ ਨੇ ਡੇਰਾ ਪੈਰੋਕਾਰਾਂ  ਨੂੰ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਦੀ ਵਧਾਈ ਵੀ ਦਿੱਤੀ ਹੈ। ਪੱਤਰ ਵਿੱਚ ਉਹਨਾਂ ਨੇ ਡੇਰਾ ਸ਼ਰਧਾਲੂਆਂ ਨੂੰ ਹੋਰ ਵੀ ਵੱਖ-ਵੱਖ ਨਿਰਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਸ਼ਨੀਵਾਰ ਨੂੰ ਆਪਣਾ 75ਵਾਂ ਸਥਾਪਨਾ ਦਿਵਸ ਮਨਾਇਆ ਗਿਆ ਸੀ। ਡੇਰਾ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਇਸ ਸਮਾਗਮ ਵਿੱਚ ਕਰੋੜਾਂ ਲੋਕਾਂ ਨੇ ਸ਼ਿਰਕਤ ਕੀਤੀ ਹੈ।  ਇਸ ਸਮਾਗਮ ਦੇ ਸਬੰਧ ਵਿੱਚ ਡੇਰਾ ਸੱਚਾ ਸੌਦਾ ਵੱਲੋਂ ਸ਼ਰਧਾਲੂਆਂ ਦੇ ਬੈਠਣ, ਖਾਣ-ਪੀਣ ਅਤੇ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਵੱਡੇ ਪ੍ਰਬੰਧ ਕੀਤੇ ਗਏ ਸਨ।  ਸਮਾਗਮ ਵਿੱਚ ਡੇਰਾ ਸਿਰਸਾ ਮੁਖੀ ਡਾ ਪਹਿਲਾਂ ਤੋਂ ਰਿਕਾਰਡ ਕੀਤੀ ਵੀਡੀਓ ਵੀ ਸੁਣਾਈ ਗਈ।
       ਸਿਰਸਾ ਵਿੱਚ ਸੜਕਾਂ ਤੇ ਜਾਮ ਲੱਗਿਆ
    ਡੇਰਾ ਸੱਚਾ ਸੌਦਾ ਵੱਲੋਂ ਕਰਵਾਏ ਗਏ ਸਥਾਪਨਾ ਦਿਵਸ ਸਮਾਗਮਾਂ ਕਾਰਨ ਸਿਰਸਾ ਦੀਆਂ ਵੱਖ-ਵੱਖ ਸੜਕਾਂ ਤੇ ਲੰਮਾ ਸਮਾਂ ਜਾਮ ਲੱਗਿਆ ਰਿਹਾ। ਹਾਲਾਂ ਕਿ ਪ੍ਰਬੰਧਕਾਂ ਨੇ ਬੱਸਾਂ ਕਾਰਾਂ ਅਤੇ ਹੋਰ ਸਾਧਨ ਖੜ੍ਹੇ ਕਰਨ ਲਈ ਵੱਖ-ਵੱਖ ਥਾਵਾਂ ਤੇ ਟ੍ਰੈਫਿਕ ਗਰਾਊਂਡ ਬਣਾਏ ਸਨ ਫਿਰ ਵੀ ਆਵਾਜਾਈ ਦੀ ਸਮੱਸਿਆ ਬਣੀ ਰਹੀ। ਡੇਰੇ ਵੱਲੋਂ ਤਾਇਨਾਤ ਵਲੰਟੀਅਰਾਂ ਨੇ ਬੱਸਾਂ ਅਤੇ ਵੱਡੀਆਂ ਗੱਡੀਆਂ ਨੂੰ ਬਦਲਵੇਂ ਰਸਤਿਆਂ ਰਾਹੀਂ ਲੰਘਾਇਆ। ਡੇਰਾ ਪ੍ਰਬੰਧਕਾਂ ਵੱਲੋਂ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਉਣ ਲਈ ਲਗਾਤਾਰ ਹਦਾਇਤਾਂ ਦਿੱਤੀਆਂ ਜਾਂਦੀਆਂ ਰਹੀਆਂ। 
ਮਾਨਵਤਾ ਭਲਾਈ ਕਾਰਜਾਂ ਨੂੰ ਪਹਿਲ
            ਡੇਰਾ ਸੱਚਾ ਸੌਦਾ ਸਿਰਸਾ ਦੇ 85 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਦੱਸਿਆ ਕਿ ਡੇਰੇ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਤਹਿਤ  75 ਲੋੜਵੰਦ ਪਰਿਵਾਰਾਂ ਨੂੰ ਫੂਡ ਬੈਂਕ ਮੁਹਿੰਮ ਤਹਿਤ ਰਾਸ਼ਨ, ਕਲਾਥ ਬੈਂਕ ਮੁਹਿੰਮ ਤਹਿਤ 75 ਬੱਚਿਆਂ ਨੂੰ ਮੌਸਮ ਅਨੁਸਾਰ ਕੱਪੜੇ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਭਿਆਨਕ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪੰਛੀ ਉਧਾਰ ਮੁਹਿੰਮ ਤਹਿਤ ਪੰਛੀਆਂ ਦੇ ਰਹਿਣ ਲਈ ਆਲ੍ਹਣੇ ਲਗਾਏ ਗਏ। ਇਸ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਜਨ ਕਲਿਆਣ ਪਰਮਾਰਥੀ ਕੈਂਪ ਲਗਾ ਕੇ ਹਜ਼ਾਰਾਂ ਲੋੜਵੰਦਾਂ ਦੀ ਮੁਫਤ ਜਾਂਚ ਕਰਕੇ ਉਹਨਾਂ ਨੂੰ ਸਹੀ ਸਲਾਹ ਦਿੱਤੀ ਗਈ। ਇਸ ਮੌਕੇ ਹੀ ਕੈਰੀਅਰ ਸਲਾਹ ਕੈਂਪ ਲਗਾ ਕੇ ਹਜ਼ਾਰਾਂ ਬੱਚਿਆਂ ਨੂੰ  ਆਪਣੇ ਭਵਿੱਖ ਦਾ ਸਹੀ ਰਸਤਾ ਚੁਣਨ ਲਈ ਮਾਰਗਦਰਸ਼ਨ ਕੀਤਾ ਗਿਆ।


Spread the love
Scroll to Top