ਤਨਖਾਹਾਂ ਬਾਝੋਂ ਅਧਿਆਪਕ ਹੋ ਰਹੇ ਨੇ ਵਿੱਤੀ ਸੰਕਟ ਦਾ ਸ਼ਿਕਾਰ  

Spread the love

ਤਨਖਾਹਾਂ ਬਾਝੋਂ ਅਧਿਆਪਕ ਹੋ ਰਹੇ ਨੇ ਵਿੱਤੀ ਸੰਕਟ ਦਾ ਸ਼ਿਕਾਰ
ਸੰਗਰੂਰ, 6 ਸਤੰਬਰ, 2022 (ਹਰਪ੍ਰੀਤ ਕੌਰ ਬਬਲੀ)
ਪੰਜਾਬ ਸਰਕਾਰ ਵੱਲੋਂ ਏ ਬੀ ਅਤੇ ਸੀ ਕੈਟਾਗਿਰੀ ਦੇ ਲੱਖਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਕਢਵਾਉਣ ‘ਤੇ ਖ਼ਜ਼ਾਨਿਆਂ ਨੂੰ ਜ਼ੁਬਾਨੀ ਰੋਕ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਕਾਰਨ ਮੁਲਾਜ਼ਮਾਂ ਨੂੰ ਇੱਕ ਹਫਤਾ ਬੀਤਣ ਦੇ ਬਾਵਜੂਦ ਲੰਘੇ ਮਹੀਨੇ ਦੀ ਤਨਖਾਹ ਨਹੀਂ ਨਸੀਬ ਹੋ ਸਕੀ ਹੈ। ਦੂਜੇ ਪਾਸੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦੇ ਮਾਣ ਸਨਮਾਨ ਦੇ ਦਾਅਵੇ ਫੋਕੇ ਸਾਬਤ ਹੋਏ ਹਨ, ਕਿਉਂਕਿ ਮਾੜੇ ਆਰਥਿਕ ਪ੍ਰਬੰਧ ਕਾਰਨ ਹਜ਼ਾਰਾਂ ਅਧਿਆਪਕ ਵੀ ਤਨਖਾਹ ਨਾ ਮਿਲਣ ਪੱਖੋਂ ਨਿਰਾਸ਼ ਰਹੇ ਹਨ। ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਨੇ ਇਸ ਮਾਮਲੇ ਵਿੱਚ ਆਪ ਸਰਕਾਰ ਦੀ ਗ਼ੈਰ ਜ਼ਿੰਮੇਵਾਰਾਨਾ ਕਾਰਜਸ਼ੈਲੀ ਦੀ ਸਖਤ ਨਿਖੇਧੀ ਕੀਤੀ ਹੈ।
ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸਯੁੰਕਤ ਸਕੱਤਰ ਦਲਜੀਤ ਸਫੀਪੁਰ, ਸੂਬਾ ਕਮੇਟੀ ਮੈਂਬਰ ਮੇਘ ਰਾਜ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਮਾਨ ਸਰਕਾਰ ਵਲੋਂ ਵੀ ਪਹਿਲੀਆਂ ਸਰਕਾਰਾਂ ਵਾਂਗ ਮਾੜੇ ਵਿੱਤੀ ਪ੍ਰਬੰਧ ਕਾਰਨ ਖਜਾਨੇ ਦਾ ਜਨਾਜ਼ਾ ਕੱਢਿਆ ਜਾ ਰਿਹਾ ਹੈ, ਜਿਸ ਦਾ ਖਮਿਆਜਾ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ। ਤਨਖਾਹਾਂ ਤੋਂ ਵਿਰਵੇ ਮੁਲਜ਼ਮਾਂ ਵਲੋਂ ਲਏ ਘਰੇਲੂ ਕਰਜ਼ਿਆਂ ਦੀਆਂ ਅਗਲੇ ਦਿਨਾਂ ਵਿੱਚ ਭਰੀਆਂ ਜਾਣ ਵਾਲੀਆਂ ਕਿਸ਼ਤਾਂ ਉਪਰ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਆਗੂਆਂ ਨੇ ਦੱਸਿਆ ਕਿ ਦਰਅਸਲ ਆਪ ਸਰਕਾਰ ਦੀਆਂ ਆਰਥਿਕ ਨੀਤੀਆਂ ਵੀ ਕਾਰਪੋਰੇਟਾਂ ਤੇ ਨਿੱਜੀ ਅਦਾਰਿਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਅਤੇ ਮਿਹਨਤਕਸ਼ ਲੋਕਾਂ ਦਾ ਕਚੂੰਬਰ ਕੱਢਣ ਵਾਲੀਆਂ ਹੀ ਹਨ।
ਡੀ.ਟੀ.ਐੱਫ. ਦੇ ਜ਼ਿਲ੍ਹਾ ਸੰਗਰੂਰ ਦੇ ਆਗੂਆਂ ਅਮਨ ਵਸ਼ਿਸ਼ਟ, ਕਰਮਜੀਤ ਨਦਾਮਪੁਰ, ਗੁਰਜੀਤ ਸ਼ਰਮਾ, ਕਮਲਜੀਤ ਘੋੜੇਨਾਬ, ਦੀਨਾਨਾਥ, ਕੁਲਵੰਤ ਖਨੌਰੀ, ਰਾਜ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵਲੋਂ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਮਾਣ ਸਨਮਾਨ ਦੇਣ ਦੇ ਫੋਕੇ ਦਾਅਵੇ ਕੀਤੇ ਜਾ ਰਹੇ ਹਨ, ਜਦ ਕਿ ਪੰਜਾਬ ਸਰਕਾਰ ਤਾਂ ਅਧਿਆਪਕਾਂ ਦੀ ਲੰਘੇ ਮਹੀਨੇ ਦੀ ਤਨਖ਼ਾਹ ਨੂੰ ਵੀ ਸਮੇਂ ਸਿਰ ਦੇਣ ਵਿੱਚ ਨਾਕਾਮਯਾਬ ਹੋ ਰਹੀ ਹੈ।
ਡੀਟੀਐੱਫ ਦੇ ਆਗੂਆਂ ਰਵਿੰਦਰ ਦਿੜ੍ਹਬਾ, ਰਮਨ ਗੋਇਲ, ਮਨਜੀਤ ਲਹਿਰਾ, ਡਾ. ਗੌਰਵਜੀਤ, ਕੰਵਰਜੀਤ ਸਿੰਘ, ਦੀਪਕ ਕੁਮਾਰ, ਗੁਰਦੀਪ ਚੀਮਾ, ਸੁਖਵਿੰਦਰ ਸੁਖ, ਗੁਰਜੰਟ ਸਿੰਘ ਲਹਿਲ ਕਲਾਂ, ਸੁਖਬੀਰ ਸਿੰਘ ਆਦਿ ਨੇ ਮੰਗ ਕੀਤੀ ਕਿ ਏ, ਬੀ ਅਤੇ ਸੀ ਕੈਟਾਗਿਰੀ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਕਢਵਾਉਣ ‘ਤੇ ਖ਼ਜ਼ਾਨਿਆਂ ਨੂੰ ਲਗਾਏ ਜ਼ੁਬਾਨੀ ਰੋਕ ਦੇ ਹੁਕਮ ਫੌਰੀ ਵਾਪਸ ਲਏ ਜਾਣ, ਅਜਿਹਾ ਨਾ ਹੋਣ ਦੀ ਸੂਰਤ ਵਿਚ ਮੁਲਾਜ਼ਮ ਵਰਗ ਪੰਜਾਬ ਸਰਕਾਰ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।

Spread the love

1 thought on “ਤਨਖਾਹਾਂ ਬਾਝੋਂ ਅਧਿਆਪਕ ਹੋ ਰਹੇ ਨੇ ਵਿੱਤੀ ਸੰਕਟ ਦਾ ਸ਼ਿਕਾਰ  ”

  1. Pingback: ਤਨਖਾਹਾਂ ਬਾਝੋਂ ਅਧਿਆਪਕ ਹੋ ਰਹੇ ਨੇ ਵਿੱਤੀ ਸੰਕਟ ਦਾ ਸ਼ਿਕਾਰ  

Comments are closed.

Scroll to Top