ਥਾਪਰ ਮਾਡਲ ਨਾਲ ਕੀਤਾ ਗਿਐ 2 ਪਿੰਡਾਂ ਦੇ ਛੱਪੜਾਂ ਦਾ ਨਵੀਨੀਕਰਨ, ਲੋਕਾਂ ਨੂੰ ਰਾਹਤ

Spread the love

ਪਿੰਡ ਕੁਰੜ ਅਤੇ ਭੋਤਨਾ ਦੇ ਛੱਪੜ 75 ਲੱਖ ਦੀ ਲਾਗਤ ਨਾਲ ਨਵਿਆਏ
ਰਵੀ ਸੈਣ , ਬਰਨਾਲਾ, 24 ਫਰਵਰੀ 2023
  ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਰਾਜ ਵਿਭਾਗ ਰਾਹੀਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਛੱਪੜਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਸ ਤਹਿਤ ਕਰੀਬ 75 ਲੱੱਖ ਦੀ ਲਾਗਤ ਨਾਲ ਪਿੰਡ ਭੋਤਨਾ ਅਤੇ ਕੁਰੜ ਦੇ ਛੱਪੜਾਂ ਦਾ ਨਵੀਨੀਕਰਨ ਕੀਤਾ ਗਿਆ ਹੈ।                                                               
   ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ, ਮਗਨਰੇਗਾ ਤੇ 15ਵੇਂ ਵਿੱਤ ਕਮਿਸ਼ਨ ਤਹਿਤ ਫੰਡਾਂ ਨਾਲ ਪਿੰਡਾਂ ’ਚ ਛੱਪੜਾਂ ਦੀ ਸਫਾਈ ਕਰਕੇ ਉਸ ਨੂੰ ਥਾਪਰ ਮਾਡਲ ’ਚ ਤਬਦੀਲ ਕੀਤਾ ਜਾ ਰਿਹਾ ਹੈ। ਥਾਪਰ ਮਾਡਲ ਤਹਿਤ ਚੈਂਬਰ ਬਣਾ ਕੇ ਗੰਦੇ ਪਾਣੀ ਨੂੰ ਵੱਖ ਵੱਖ ਪੜਾਵਾਂ ’ਤੇ ਸੋਧ ਕੇ ਫਿਰ ਛੱਪੜ ਵਿੱਚ ਪਾਇਆ ਜਾਂਦਾ ਹੈ ਤਾਂ ਜੋ ਗੰਦੇ ਪਾਣੀ ਨਾਲ ਪ੍ਰਦੂਸ਼ਣ ਨਾ ਫੈਲੇ ਅਤੇ ਆਲਾ-ਦੁਆਲਾ ਤੇ ਲੋਕਾਂ ਦੀ ਸਿਹਤ ਠੀਕ ਰਹੇ।
      ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਵੀਰ ਸਿੰਘ ਨੇ ਦੱਸਿਆ ਕਿ ਪਿੰਡ ਭੋਤਨਾ ’ਚ ਕਰੀਬ 37 ਲੱਖ ਦੀ ਲਾਗਤ ਨਾਲ ਅਤੇ ਪਿੰਡ ਕੁਰੜ ’ਚ 38 ਲੱਖ ਦੀ ਲਾਗਤ ਨਾਲ ਗੰਦੇ ਪਾਣੀ ਵਾਲੇ ਛੱਪੜਾਂ ਦੀ ਸਫਾਈ ਕਰਵਾ ਕੇ ਉਨ੍ਹਾਂ ਨੂੰ ਥਾਪਰ ਮਾਡਲ ਵਿੱਚ ਤਬਦੀਲ ਕੀਤਾ ਗਿਆ ਹੈੇ, ਜਿਸ ਵਾਸਤੇ ਸਵੱਛ ਭਾਰਤ ਮਿਸ਼ਨ, ਮਗਨਰੇਗਾ ਤੇ 15ਵੇਂ ਵਿੱਤ ਕਮਿਸ਼ਨ ਦੇ ਫੰਡ ਖਰਚੇ ਗਏ ਹਨ। ਉਨ੍ਹਾਂ ਦੱਸਿਆ ਕਿ ਛੱਪੜਾਂ ਦੇ ਸਾਫ ਪਾਣੀ ’ਚ ਮੱਛੀ ਪਾਲਣ ਕਿੱਤੇ ਨੂੰ ਉਤਸ਼ਾਹਿਤ ਕਰਨ ਜਾਂ ਸਿੰਜਾਈ ਆਦਿ ਲਈ ਪਾਣੀ ਵਰਤਣ ਸਬੰਧੀ ਯੋਜਨਾਵਾਂ ’ਤੇ ਕੰਮ ਕੀਤਾ ਜਾ ਰਿਹਾ ਹੈ।                                                       
ਪਿੰਡਾਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ: ਕੁਲਵੰਤ ਸਿੰਘ ਪੰਡੋਰੀ

  ਵਿਧਾਇਕ ਮਹਿਲ ਕਲਾਂ ਸ. ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪਿੰਡਾਂ ਦੀਆਂ ਬੁਨਿਆਦੀ ਸਹੂਲਤਾਂ ’ਚ ਸੁਧਾਰ ਲਿਆਉਣਾ ਪੰਜਾਬ ਸਰਕਾਰ ਦਾ ਮੁੱਖ ਢੀਚਾ ਹੈ, ਜਿਸ ਤਹਿਤ ਲੱਖਾਂ ਰੁਪਏ ਦੀ ਲਾਗਤ ਨਾਲ ਵਿਕਾਸ ਪ੍ਰਾਜੈਕਟ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਛੱਪੜਾਂ ਦੇ ਪਾਣੀ ਨੂੰ ਸੋਧਣ ਲਈ ਅਪਣਾਏ ਗਏ ਥਾਪਰ ਮਾਡਲ ਵੱਡੀ ਰਾਹਤ ਸਾਬਿਤ ਹੋ ਰਹੇ ਹਨ, ਜੋ ਹੋਰ ਹਲਕੇ ਦੇ ਹੋਰ ਪਿੰਡਾਂ ’ਚ ਵੀ ਲਾਏ ਜਾਣਗੇ।
 


Spread the love
Scroll to Top