ਧਰਤੀ ਤੇ ਪੌਣ-ਪਾਣੀ ਬਚਾਉਣ ਵਾਸਤੇ ਸਾਂਝੇ ਹੰਭਲੇ ਜ਼ਰੂਰੀ: ਮੀਤ ਹੇਅਰ

Spread the love

ਕੈਬਨਿਟ ਮੰਤਰੀ ਨੇ ਕਿਹਾ ‘ਮੇਲਾ ਜਾਗਦੇ ਜੁਗਨੂੰਆਂ ਦਾ’ ਮੁਬਾਰਕ ਕਦਮ 

ਸਟਾਲਾਂ ਦਾ ਦੌਰਾ ਕਰਕੇ ਸਵੈ ਸਹਾਇਤਾ ਗਰੁੱਪਾਂ ਦੀ ਕੀਤੀ ਸ਼ਲਾਘਾ


ਰਘਵੀਰ ਹੈਪੀ , ਬਰਨਾਲਾ, 8 ਜਨਵਰੀ 2023
  ‘‘ਜੇਕਰ ਅਸੀਂ ਆਪਣੀ ਧਰਤੀ, ਪੌਣ ਪਾਣੀ ਬਚਾਵਾਂਗੇ ਤਾਂ ਹੀ ਅਗਲੀਆਂ ਪੀੜ੍ਹੀਆਂ ਬਚਾ ਸਕਾਂਗੇ ਤੇ ਇਸ ਬਾਬਤ ਸਾਂਝੇ ਹੰਭਲੇ ਬੇਹੱਦ ਜ਼ਰੂਰੀ ਹਨ। ਇਸ ਸੁਨੇਹੇ ਨਾਲ ਬਰਨਾਲਾ ’ਚ ਕਰਵਾਇਆ ਗਿਆ ‘ਮੇਲਾ ਜਾਗਦੇ ਜੁਗਨੂੰਆਂ ਦਾ’ ਇਕ ਮੁਬਾਰਕ ਕਦਮ ਹੈ।’’
ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੇ ਅਨਾਜ ਮੰਡੀ ਵਿਚ ‘ਮੇਲਾ ਜਾਗਦੇ ਜੁਗਨੂੰਆਂ ਦਾ’ ਦੌਰਾਨ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਆਖਿਆ ਕਿ ਇਸ ਮੇਲੇ ਰਾਹੀਂ ਪ੍ਰਬੰਧਕਾਂ ਵੱਲੋਂ ਜਿੱਥੇ ਧਰਤੀ ਅਤੇ ਪੌਣ-ਪਾਣੀ ਬਚਾਉਣ ਤੇ ਜੈਵਿਕ ਖੇਤੀ ਦਾ ਸੁਨੇਹਾ ਦਿੱਤਾ ਗਿਆ ਹੈ, ਉਥੇ ਪੰਜਾਬ ਦੇ ਦੇਸੀ ਖਾਣਿਆਂ ਤੋਂ ਵੀ ਨਵੀਂ ਪੀੜ੍ਹੀ ਨੂੰ ਜਾਣੂੰ ਕਰਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਮੇਲੇ ’ਚ ਜਿੱਥੇ ਪੰਜਾਬੀ ਭਾਸ਼ਾ ਨੂੰ ਹੁਲਾਰਾ ਦਿੰਦੀਆਂ ਸਟਾਲਾਂ ਸ਼ਲਾਘਾਯੋਗ ਕਦਮ ਹੈ, ਉਥੇ ਕਿਤਾਬਾਂ ਰਾਹੀਂ ਬੌਧਿਕਤਾ ਨੂੰ ਜਗਾਉਣ ਦਾ ਵੱਡਾ ਉਪਰਾਲਾ ਇਕ ਸ਼ਲਾਘਾਯੋਗ ਕਦਮ ਹੈ।                         
     ਉਨ੍ਹਾਂ ਮੇਲੇ ’ਚ ਲੱਗੀਆਂ ਸਟਾਲਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ, ਕਿਸਾਨ ਬੀਬੀਆਂ ਅਤੇ ਉਦਮੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਜ਼ਿਲ੍ਹੇ ਦੇ ਪਿੰਡ ਭੋਤਨੇ ਤੇ ਹੋਰ ਸਵੈ ਸਹਾਇਤਾ ਗਰੁੱਪਾਂ ਦੀ ਸ਼ਲਾਘਾ ਕੀਤੀ, ਜਿਹੜੇ ਗਰੁੱਪ ਜੈਵਿਕ ਪਦਾਰਥਾਂ ਅਤੇ ਪੰਜਾਬੀ ਖਾਣਿਆਂ ਦੀਆਂ ਸਟਾਲਾਂ ਹੋਰਾਂ ਸੂਬਿਆਂ ’ਚ ਲਗਾ ਕੇ ਪੰਜਾਬੀ ਵਿਰਸੇ ਦੀਆਂ ਬਾਤਾਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਈ ਗਰੁੱਪ ਦਿੱਲੀ ਤੇ ਕੇਰਲਾ ਆਦਿ ਤੱਕ ਜੈਵਿਕ ਉਤਪਾਦਾਂ ਦੀਆਂ ਸਟਾਲਾਂ ਕਈ ਸਾਲਾਂ ਤੋਂ ਲਾਉਂਦੇ ਆ ਰਹੇ ਹਨ ਅਤੇ ਆਪਣਾ ਵੱਖਰਾ ਨਾਮ ਬਣਾਇਆ ਹੈ ਤੇ ਇਨ੍ਹਾਂ ’ਚ ਔਰਤਾਂ ਦੇ ਗਰੁੱਪ ਮੋਹਰੀ ਹਨ।                                                
    ਉਨ੍ਹਾਂ ਕਿਹਾ ਕਿ ਇਸ ਮੇਲੇ ’ਚ ਸ਼ਿਰਕਤ ਕਰਨ ਵਾਲੇ ਸਵੈ ਸਹਾਇਤਾ ਗਰੁੱਪਾਂ ਤੋਂ ਸਾਡੇ ਨੌਜਵਾਨ ਜ਼ਰੂਰ ਸੇਧ ਲੈਣ ਤਾਂ ਜੋ ਉਹ ਉਦਮੀ ਬਣ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ। ਉਨ੍ਹਾਂ ‘ਮੇਲਾ ਜਾਗਦੇ ਜੁਗਨੂੰਆਂ ਦਾ ਵੈੱਲਫੇਅਰ ਸੁਸਾਇਟੀ ਤੇ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ।  

Spread the love
Scroll to Top