ਨਗਰ ਕੌਂਸਲ ‘ਚ ਖੜਕੀਆਂ ਡਾਂਗਾਂ ! J.E ਤੇ ਲੱਗਿਆ ਜਾਨਲੇਵਾ ਹਮਲੇ ਦਾ ਦੋਸ਼, 2 ਜਖਮੀ

Spread the love

ਪੁਲਿਸ ਅਧਿਕਾਰੀਆਂ ਨੂੰ ਮਿਲਿਆ BKU ਏਕਤਾ ਡਕੌਂਦਾ ਦਾ ਵਫਦ,  ਜੇ.ਈ ਅਤੇ ਕਾਲੋਨਾਈਜ਼ਰ ਖ਼ਿਲਾਫ਼ ਮੰਗੀ ਕਾਰਵਾਈ 

ਆਖਿਰ ਲੜਾਈ ਵੇਲੇ ਕਿਉਂ ਬੰਦ ਹੋ ਗਏ ਸੀਸੀਟੀਵੀ ਕੈਮਰੇ ? 

ਹਰਿੰਦਰ ਨਿੱਕਾ , ਬਰਨਾਲਾ 14 ਜੂਨ 2023
    ਲੰਬੇ ਅਰਸੇ ਤੋਂ ਭ੍ਰਿਸ਼ਟਾਚਾਰ ਕਾਰਣ ਹਮੇਸ਼ਾ ਸੁਰਖੀਆਂ ਵਿੱਚ ਚੱਲੀ ਆ ਰਹੀ ਨਗਰ ਕੌਂਸਲ ਬਰਨਾਲਾ ਅੱਜ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ। ਨਗਰ ਕੌਂਸਲ ਵਿੱਚ ਅੱਜ ਖੜਕੀ ਡਾਂਗ ਦੀ ਵਜ਼੍ਹਾ ਜੇ.ਈ. ਸਲੀਮ ਮੁਹੰਮਦ ਜੱਲ੍ਹਾ ਬਣਿਆ। ਇਹ ਦੋਸ਼ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਾਰਕੁੰਨ ਅਤੇ ਰਾਮ ਢੂਲਾ ਸਟੋਰ ਦਾ ਮਾਲਿਕ ਵਾਹਿਗੁਰੂ ਸਿੰਘ ਉਰਫ ਅਰੁਣ ਕੁਮਾਰ ਵਾਸੀ ਆਸਥਾ ਕਲੋਨੀ ਬਰਨਾਲਾ ਦਾ ਹੈ। ਅਰੁਣ ਕੁਮਾਰ ਸਿਵਲ ਹਸਪਤਾਲ ਬਰਨਾਲਾ ਦੀ ਐਮਰਜੈਂਸੀ ਵਿੱਚ ਜੇਰ ਏ ਇਲਾਜ਼ ਹੈ । ਉਸ ਦਾ ਦੋਸ਼ ਇਹ ਵੀ ਹੈ ਕਿ ਜੇ.ਈ. ਸਲੀਮ ਨੇ ਇਹ ਜਾਨਲੇਵਾ ਹਮਲਾ, ਸ਼ਹਿਰ ਦੇ ਨਾਮੀ ਕਲੋਨਾਈਜ਼ਰ ਦੀ ਸ਼ਹਿ ਤੇ ਕੀਤਾ ਹੈ। ਜਿਸ ਦੀਆਂ ਕਥਿਤ ਬੇਨਿਯਮੀਆਂ ਦੇ ਖਿਲਾਫ ਉਹ ਲੰਬੇ ਅਰਸੇ ਤੋਂ ਲੜਾਈ ਲੜ ਰਿਹਾ ਹੈ। ਦੂਜੇ ਪਾਸੇ ਨਗਰ ਕੌਂਸਲ ਦਾ ਇੱਕ ਕਰਮਚਾਰੀ ਪ੍ਰਿੰਸ ਵੀ ਹਸਪਤਾਲ ਵਿੱਚ ਦਾਖਿਲ ਹੋਇਆ ਹੈ। ਉਧਰ ਕਲੋਨਾਈਜ਼ਰ ਨੇ ਵਾਹਿਗੁਰੂ ਸਿੰਘ ਦੇ ਉਸ ਪਰ ਲਗਾਏ ਜਾ ਰਹੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਨਗਰ ਕੌਂਸਲ ਵਿੱਚ ਅੱਜ ਹੋਈ ਲੜਾਈ ਨਾਲ ਮੇਰਾ ਕੋਈ ਵੀ ਤਾਲੁਕ ਵਾਸਤਾ ਨਹੀਂ ਹੈ। ਉਹ ਬਿਨਾਂ ਵਜ੍ਹਾ ਹੀ ਦੋ ਜਣਿਆਂ ਵਿੱਚ ਹੋਈ ਆਪਸੀ ਲੜਾਈ ਵਿੱਚ ਮੈਨੂੰ ਬਦਨਾਮ ਕਰਨ ਲਈ, ਮੇਰਾ ਨਾਂ ਘੜੀਸ ਰਿਹਾ ਹੈ। ਉੱਧਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਹਮੇਸ਼ਾ ਚਲਦੇ ਰਹਿਣ ਵਾਲੇ ਦਫਤਰ ਦੇ ਸੀਸੀਟੀਵੀ ਕੈਮਰੇ ਲੜਾਈ ਤੋਂ ਪਹਿਲਾਂ ਸਾਜਿਸ਼ ਤਹਿਤ ਬੰਦ ਕਰ ਦਿੱਤੇ ਗਏ ਸਨ। ਤਾਂਕਿ ਲੜਾਈ ਦੀ ਸਚਾਈ ਤਖ਼ ਪਰਦਾ ਪਾਇਆ ਜਾ ਸਕੇ।
      ਹਸਪਤਾਲ ਦਾਖਿਲ ਵਾਹਿਗੁ੍ਰੂ ਸਿੰਘ ਦਾ ਕਹਿਣਾ ਹੈ ਕਿ ਉਹ ਅੱਜ ਬਾਅਦ ਦੁਪਹਿਰ ਕਰੀਬ ਸਵਾ ਕੁ ਇੱਕ ਵਜੇ ਆਪਣੇ ਵੱਲੋਂ ਨਗਰ ਕੌਂਸਲ ਬਰਨਾਲਾ ਦੇ ਦਫ਼ਤਰ ਵਿਖੇ ਪਹਿਲਾਂ ਤੋਂ ਸ਼ਹਿਰ ਦੇ ਇੱਕ ਕਲੋਨਾਈਜ਼ਰ ਖਿਲਾਫ , ਉਸ ਦੀ ਕਲੋਨੀ ਅੰਦਰ ਹੋ ਰਹੀਆਂ ਬੇਨਿਯਮੀਆਂ ਨੂੰ ਰੋਕਣ ਸਬੰਧੀ ਦਿੱਤੀ ਦਰਖਾਸਤ ਦੀ ਪੈਰਵਾਈ ਹਿਤ ਗਿਆ ਸੀ। ਦਫਤਰ ਵਿੱਚ ਮੌਜ਼ੂਦ ਜੇ.ਈ ਸਲੀਮ ਨੇ ਕਲੋਨਾਈਜ਼ਰ ਦਾ ਪੱਖ ਪੂਰਦਿਆਂ ਤਕਰਾਰਸ਼ਾਜੀ ਸ਼ੁਰੂ ਕਰ ਦਿੱਤੀ ਅਤੇ ਡਾਂਗ ਨਾਲ , ਉਸ ਦੀ ਉਮਰ ਦਾ ਖਿਆਲ ਕੀਤੇ ਬਿਨਾਂ ਹੀ ਜਾਨਲੇਵਾ ਹਮਲਾ ਕਰ ਦਿੱਤਾ। ਜਖ਼ਮੀ ਹੋਣ ‘ਤੇ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ।
      ਪੀੜਤ ਦੇ ਵਾਹਿਗੁਰੂ ਸਿੰਘ ਦੇ ਬੇਟੇ ਰਿਸ਼ਵ , ਬੀਕੇਯੂ ਏਕਤਾ ਡਕੌਂਦਾ (ਧਨੇਰ) ਦੇ ਬਰਨਾਲਾ ਬਲਾਕ ਦਾ ਪ੍ਰਧਾਨ ਬਾਬੂ ਸਿੰਘ ਖੁੱਡੀ ਕਲਾਂ,ਬਲਾਕ ਮਹਿਲ ਕਲਾਂ ਦਾ ਪ੍ਰਧਾਨ ਨਾਨਕ ਸਿੰਘ,ਜਨਰਲ ਸਕੱਤਰ ਅਮਨਦੀਪ ਸਿੰਘ ਰਾਏਸਰ,ਜੱਗੀ ਰਾਏਸਰ, ਹਰਪਾਲ ਸਿੰਘ ਪਾਲੀ ਹੰਢਿਆਇਆ, ਲਾਲ ਸਿੰਘ ਅਮਲਾ ਸਿੰਘ ਵਾਲਾ ਆਦਿ ਨੇ ਕਿਹਾ ਨਗਰ ਕੌਂਸਲ ਬਰਨਾਲਾ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੀ ਹੈ ਤੇ ਇਹ ‘ਆਪ’ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ “ਜ਼ੀਰੋ ਟੌਲਰੈਂਸ” ਦੀ ਨੀਤੀ ਦਾ ਮੂੰਹ ਚਿੜਾ ਰਹੀ ਹੈ। ਉਨਾਂ ਕਿਹਾ ਕਿ ਨਗਰ ਕੌਂਸਲ ਵਿੱਚ ਫੈਲੇ ਭ੍ਰਿਸ਼ਟਾਚਾਰ ਕਾਰਣ ਇੱਕ ਪਾਸੇ ਸ਼ਹਿਰ ਦੇ ਲੋਕਾਂ ਨੂੰ ਆਪਣੇ ਰੋਜਮਰ੍ਹਾ ਦੇ ਕੰੰਮਾਂ ਲਈ ਬੇਸ਼ੁਮਾਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।                                               ਆਗੂਆਂ ਨੇ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਜਾਵੇ। ਹਸਪਤਾਲ ਵਿੱਚ ਭਰਤੀ ਕਰਮਚਾਰੀ ਪ੍ਰਿੰਸ ਦਾ ਕਹਿਣਾ ਹੈ ਕਿ ਵਾਹਿਗੁਰੂ ਸਿੰਘ ਨੇ ਦਫਤਰ ਵਿੱਚ ਆ ਕੇ ਡਿਊਟੀ ਵਿੱਚ ਵਿਘਨ ਪਾਇਆ ਅਤੇ ਉਸ ਦੀ ਕੁੱਟਮਾਰ ਵੀ ਕੀਤੀ। ਇਸ ਘਟਨਾ ਤੋਂ ਬਾਅਦ ਕਿਸਾਨ ਯੂਨੀਅਨ ਦਾ ਵਫਦ ਅਤੇ ਨਗਰ ਕੌਂਸਲ ਕਰਮਚਾਰੀਆਂ ਅਤੇ ਕੁੱਝ ਕੌਸਲਰਾਂ ਦਾ ਵਫਦ ਆਪੋ-ਆਪਣਾ ਪੱਖ ਦੱਸਣ ਲਈ ਪੁਲਿਸ ਅਧਿਕਾਰੀਆਂ ਨੂੰ ਵੱਖੋ ਵੱਖ ਮਿਲਿਆ। ਕਿਸਾਨ ਆਗੂਆਂ ਨਖ਼ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਿਉਂਸਪਲ ਅਧਿਕਾਰੀਆਂ ਅਤੇ ਕਾਲੋਨਾਈਜ਼ਰਾਂ ਦੀ ਗੁੰਡਾਗਰਦੀ/ਮਿਲੀਭੁਗਤ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਕਾਰਕੁੰਨ ਦੀ ਕੁੱਟਮਾਰ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਨਾ ਕੀਤੀ ਜਾਂ ਫਿਰ ਕਿਸਾਨ ਕਾਰਕੁੰਨ ਦੇ ਵਿਰੁੱਧ ਕੋਈ ਝੂਠੀ ਕਹਾਣੀ ਘੜ੍ਹ ਕੇ ਝੂਠਾ ਕੇਸ ਦਰਜ ਕੀਤਾ ਗਿਆ ਤਾਂ ਯੂਨੀਅਨ ਹੋਰ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਘਟਨਾ ਸਬੰਧੀ ਜਾਣਕਾਰੀ ਲੈਣ ਲਈ ਐਸ.ਐਚ.ੳ. ਬਲਜੀਤ ਸਿੰਘ ਢਿੱਲੋਂ ਨੂੰ ਫੋਨ ਕੀਤਾ, ਪਰ ਉਨ੍ਹਾਂ ਰਿਸੀਵ ਨਹੀਂ ਕੀਤਾ। 

Spread the love
Scroll to Top