ਨਗਰ ਨਿਗਮ ਦੀ ਹੱਦ : ਨਾਨੀ ਖਸਮ ਕਰੇ ਦੋਹਤਾ ਚੱਟੀ ਭਰੇ’ 

Spread the love

ਅਸ਼ੋਕ ਵਰਮਾ , ਬਠਿੰਡਾ 21 ਅਪਰੈਲ 2023
    ਨਗਰ ਨਿਗਮ ਬਠਿੰਡਾ  ਵੱਡਿਆਂ ਘਰਾਂ ਨੂੰ ਲਾਹਾ ਦੇਣ ਲਈ ਆਪਣੀ ਹੱਦ ਵਿੱਚ ਵਾਧਾ ਕਰਨ ਦੀ ਤਿਆਰੀ ਵਿਚ ਹੈ। ਨਿਗਮ  ਆਉਣ ਵਾਲੇ ਦਿਨਾਂ ਦੌਰਾਨ ਇਸ ਕੰਮ ਨੂੰ ਨੇਪਰੇ ਚਾੜ੍ਹਨ  ਲਈ  ਤਿਆਰੀਆਂ ਚੱਲ  ਰਹੀਆਂ  ਹਨ।ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਨਿਗਮ ਦੀ ਇਸ ਤਜਵੀਜ਼ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।ਨਗਰ ਨਿਗਮ ਵੱਲੋਂ ਇਸ ਸਬੰਧ ਵਿੱਚ ਇਤਰਾਜ਼ ਮੰਗੇ ਜਾ ਰਹੇ ਹਨ ਜਿਨ੍ਹਾਂ ਦਾ ਨਿਪਟਾਰਾ ਕਰਨ ਤੋਂ ਬਾਅਦ ਅੰਤਿਮ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।  
               ਨਗਰ ਨਿਗਮ ਦੇ ਕਮਿਸ਼ਨਰ  ਨੇ ਇਸ ਸਬੰਧ ਵਿੱਚ  ਅਧਿਕਾਰੀਆਂ ਅਤੇ ਚੁਣੇ ਪ੍ਰਤੀਨਿਧਾਂ  ਨਾਲ ਮੀਟਿੰਗ ਵੀ ਕਰ ਲਈ ਹੈ। ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਹੋਇਆ ਅਤੇ ਕਈ ਤਰ੍ਹਾਂ ਦੇ ਸੁਝਾਅ ਵੀ ਸਾਹਮਣੇ ਆਏ ਹਨ। ਹੁਣ ਨਗਰ ਨਿਗਮ ਵੱਲੋਂ ਇਸ ਬਾਰੇ ਰਣਨੀਤੀ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ। ਨਗਰ ਨਿਗਮ ਵੱਲੋਂ  ਡੱਬਵਾਲੀ ਨੂੰ ਜਾਣ ਵਾਲੀ ਸੜਕ ਵੱਲ ਹੱਦ ਵਧਾਈ ਜਾਣੀ ਹੈ।ਇਸ ਸੜਕ ਤੇ  ਅੱਧੀ ਦਰਜਨ ਦੇ ਕਰੀਬ ਨਵੀਆਂ ਰਿਹਾਇਸ਼ੀ ਕਲੋਨੀਆਂ ਅਤੇ ਪ੍ਰਾਈਵੇਟ ਹਸਪਤਾਲ ਤੇ ਵਪਾਰਿਕ ਬਜ਼ਾਰ ਵੀ ਬਣ ਰਹੇ ਹਨ।                     ਇਹ  ਰਿਹਾਇਸ਼ੀ ਕਲੋਨੀਆਂ ਆਦਿ ਹੁਣ ਤੱਕ ਨਗਰ ਨਿਗਮ ਦੀ ਹੱਦ ਤੋਂ ਬਾਹਰ ਹਨ। ਸੂਤਰ ਦੱਸਦੇ ਹਨ ਕਿ ਜੇਕਰ ਨਗਰ ਨਿਗਮ ਦੀ ਹੱਦ ਨਹੀਂ ਵਧਦੀ ਤਾਂ ਇਹਨਾਂ ਪ੍ਰਾਈਵੇਟ ਅਦਾਰਿਆਂ ਨੂੰ ਪੀਣ ਵਾਲੇ ਪਾਣੀ, ਸੀਵਰੇਜ ਅਤੇ ਸਟਰੀਟ ਲਾਈਟਾਂ ਆਦਿ ਵਰਗੀਆਂ ਸਹੂਲਤਾਂ ਆਪਣੇ ਪੱਧਰ ਤੇ ਮੁਹੱਈਆ ਕਰਵਾਉਣ  ਲਈ  ਕਰੋੜਾਂ ਰੁਪਏ ਖਰਚ ਕਰਨੇ ਪੈਣਗੇ । ਜੇਕਰ ਇਹ ਸਹੂਲਤਾਂ ਨਗਰ ਨਿਗਮ  ਆਪਣੇ ਤੌਰ ਤੇ ਸਹੂਲਤਾਂ ਦਿੰਦਾ ਹੈ ਤਾਂ ਇਸ ਨਾਲ  ਪ੍ਰਾਈਵੇਟ ਲੋਕਾਂ ਨੂੰ ਕਰੋੜਾਂ ਰੁਪਏ ਦੀ ਰਾਹਤ ਮਿਲੇਗੀ ਅਤੇ  ਨਗਰ ਨਿਗਮ ਦੇ ਖਜ਼ਾਨੇ ਤੇ ਭਾਰੀ ਬੋਝ ਪਵੇਗਾ। ਇਸ ਤਰ੍ਹਾਂ  ਨਿਗਮ ਨੂੰ ਇਹ ਸੌਦਾ ਆਰਥਿਕ ਤੌਰ ਤੇ ਮਹਿੰਗਾ  ਸਾਬਤ ਹੋ ਸਕਦਾ ਹੈ।
              ਇੱਕ ਅਧਿਕਾਰੀ ਨੇ ਦੱਸਿਆ ਕਿ  ਮੌਜੂਦਾ ਹੱਦਬੰਦੀ ਤੋਂ ਬਾਹਰ ਵੀ ਕਈ ਕਲੋਨੀਆਂ ਅਤੇ ਵਪਾਰਕ ਅਦਾਰਿਆਂ ਨੂੰ ਸੀਵਰੇਜ ਆਦਿ ਦੀ ਪਹਿਲਾਂ ਹੀ ਸਹੂਲਤ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੂੰ ਹੁਣ ਨਿਗਮ ਦੀ ਹੱਦ ਅੰਦਰ ਲਿਆਂਦਾ ਜਾ ਸਕਦਾ ਹੈ।ਨਗਰ ਨਿਗਮ ਦੀ ਦਲੀਲ ਹੈ ਕਿ ਹੱਦ ਵਧਣ ਤੋਂ ਬਾਅਦ   ਨਵੀਆਂ ਰਿਹਾਇਸ਼ੀ ਕਾਲੋਨੀਆਂ ਵਿੱਚ ਨਕਸ਼ੇ   ਵਗੈਰਾ ਪਾਸ ਹੋਣਗੇ ਅਤੇ ਲੋਕਾਂ ਨੂੰ ਸੀਐਲਯੂ ਲੈਣਾ ਹੋਵੇਗਾ।  ਇਹਨਾਂ  ਤੋਂ  ਕਰੋੜਾਂ ਰੁਪਏ ਦੀ   ਫੀਸ ਪ੍ਰਾਪਤ ਹੋਵੇਗੀ ਜਿਸ ਨਾਲ ਨਗਰ ਨਿਗਮ ਦੀ ਆਮਦਨ ਵਿੱਚ ਵਾਧਾ ਹੋਵੇਗਾ।  ਹੁਣ ਤੱਕ ਇਹ ਕਾਫੀ ਪ੍ਰਜੈਕਟ ਪੁੱਡਾ ਅਧੀਨ ਹਨ ਜਿਸ ਕਰਕੇ ਇਨ੍ਹਾਂ ਨਾਲ ਸਬੰਧਤ ਕੰਮਕਾਜ ਦਾ ਪੈਸਾ ਵੀ ਪੁੱਡਾ ਕੋਲ ਜਾ ਰਿਹਾ ਹੈ। 
                 ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਪੈਸਾ ਪੁੱਡਾ ਕੋਲ ਜਾਣ ਦਾ ਸਿਲਸਿਲਾ ਜਾਰੀ  ਰਹਿੰਦਾ ਹੈ ਤਾਂ ਇਹ ਨਗਰ ਨਿਗਮ ਲਈ ਵੱਡਾ ਆਰਥਿਕ ਘਾਟਾ ਸਿੱਧ ਹੋਵੇਗਾ ਜੋ ਕਿ ਪਹਿਲਾਂ ਹੀ ਤੰਗੀਆਂ ਤੁਰਸ਼ੀਆਂ ਦੀ ਜੂਨ ਹੰਢਾ ਰਿਹਾ ਹੈ। ਸਿਰਫ ਇਥੇ ਹੀ ਬੱਸ ਨਹੀਂ ਇਸ ਤੰਗੀ ਦਾ ਅਸਰ ਬਠਿੰਡਾ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਤੇ ਵੀ ਪੈਣ ਦੀ ਸੰਭਾਵਨਾ  ਹੈ। ਇਸ ਤਰ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਨਗਰ ਨਿਗਮ ਨੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਪਿੰਡ ਜੋਧਪੁਰ ਰੋਮਾਣਾ ਤੋਂ ਨਰੂਆਣਾ ਨੂੰ ਜਾਣ ਵਾਲੀ ਸੜਕ ਤੱਕ ਹੱਦਬੰਦੀ ਵਧਾਉਣ ਦੀ ਤਜਵੀਜ਼ ਤਿਆਰ ਕੀਤੀ ਹੈ। 
       ਨਗਰ ਨਿਗਮ ਦਾ ਤਰਕ ਹੈ ਕਿ ਇਨ੍ਹਾਂ ਕਲੋਨੀਆਂ ਆਦਿ ਤੋਂ ਨਿਗਮ ਨੂੰ ਕਾਫੀ ਹਾਊਸ ਟੈਕਸ ਵੀ ਆ ਜਾਇਆ ਕਰੇਗਾ। ਸੜਕ ਤੇ ਸਥਿਤ  ਪੈਟਰੋਲ ਪੰਪਾਂ ਅਤੇ ਹੋਰ ਵਪਾਰਕ ਅਦਾਰਿਆਂ ਤੋਂ ਵੀ ਨਿਗਮ ਨੂੰ ਮਾਲੀਆ ਹਾਸਲ ਹੋਵੇਗਾ।ਜਾਣਕਾਰੀ ਅਨੁਸਾਰ ਇਸ ਵੇਲੇ ਨਗਰ ਨਿਗਮ ਦੀ ਹੱਦ  ਏਮਜ਼ ਹਸਪਤਾਲ ਬਠਿੰਡਾ ਤੱਕ ਹੈ। ਏਮਜ਼ ਦੇ ਆਉਣ ਤੋਂ ਬਾਅਦ ਇਸ ਇਲਾਕੇ ਵਿੱਚ ਵੱਡੀ ਪੱਧਰ ਤੇ ਤਰੱਕੀ ਹੋਣੀ ਸ਼ੁਰੂ ਹੋਈ ਹੈ। ਹੱਦਬੰਦੀ ਵਧਣ ਤੋਂ ਬਾਅਦ ਵਿਕਾਸ ਵਿੱਚ ਹੋਰ ਵੀ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 
           ਇਸ ਖਿੱਤੇ ਵਿੱਚ ਕੁੱਝ ਛੋਟੀਆਂ ਵੱਡੀਆਂ ਸਨਅਤਾਂ ਵੀ ਲੱਗਣ ਲੱਗੀਆਂ ਹਨ ਜਿਨ੍ਹਾਂ ਦੇ ਮਾਲੀਏ ਤੇ ਨਿਗਮ ਦੀ ਅੱਖ ਹੈ।  ਇਨ੍ਹਾਂ ਨਵੇਂ ਇਲਾਕਿਆਂ ਵਿੱਚ ਸੀਵਰੇਜ, ਸਟਰੀਟ ਲਾਈਟ , ਸੜਕਾਂ, ਪੀਣ ਵਾਲਾ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ  ਕਰਵਾਉਣ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ  ਹੁੰਦੀ ਅਤੇ ਟੈਕਸ ਵੀ ਨਿਗਮ ਹੀ ਵਸੂਲਦਾ ਹੈ।ਪਤਾ ਲੱਗਿਆ ਹੈ ਕਿ  ਨਗਰ ਨਿਗਮ ਹਰ ਪੰਜ ਸਾਲ ਬਾਅਦ ਆਪਣੀ ਹੱਦ ਵਧਾ ਰਿਹਾ ਹੈ । ਬਠਿੰਡਾ ਦੇ ਨਗਰ ਨਿਗਮ ਬਣਨ ਤੋਂ ਬਾਅਦ ਇਸ ਤੋਂ ਪਹਿਲਾਂ ਤਿੰਨ ਵਾਰ ਹੱਦਬੰਦੀ ਵਧੀ ਹੈ।        ਇਹ ਤੱਥ ਸਹੀ ਨਹੀਂ: ਕਮਿਸ਼ਨਰ
ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਸਿੱਧੂ ਦਾ ਕਹਿਣਾ ਹੈ ਕਿ ਪ੍ਰਾਈਵੇਟ ਲੋਕਾਂ ਨੂੰ ਲਾਹਾ ਪਹੁੰਚਾਉਣ ਵਾਲੀ ਗੱਲ ਸਹੀ ਨਹੀਂ ਹੈ। ਉਨ੍ਹਾਂ ਆਖਿਆ ਕਿ ਹੱਦਬੰਦੀ ਵਧਾਉਣ ਤੋਂ ਬਾਅਦ ਤੇ  ਟੈਕਸਾਂ ਦੇ ਰੂਪ ਵਿਚ ਮਾਲੀਆ ਪ੍ਰਾਪਤ ਹੋਵੇਗਾ । ਜਿਸ ਨਾਲ ਨਗਰ ਨਿਗਮ ਦੀ ਆਮਦਨ ਵਧੇਗੀ। ਉਨ੍ਹਾਂ ਆਖਿਆ ਕਿ
   ਜਦੋਂ ਵੀ ਸ਼ਹਿਰ ਵਿੱਚ ਨਵੇਂ ਮੁੱਖ ਵਿਕਾਸ ਪ੍ਰੋਜੈਕਟ ਲੱਗਦੇ ਹਨ ਤਾਂ ਉਹਨਾਂ ਨੂੰ ਨਗਰ ਨਿਗਮ ਨੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਹੁੰਦੀਆਂ ਹਨ। 

Spread the love
Scroll to Top