Skip to content
ਨਾਭਾ ਸ਼ਹਿਰ ਦੀ ਬਦਲੀ ਨੁਹਾਰ, ਸਭ ਲਈ ਖੁਸ਼ੀ ਵਾਲੀ ਗੱਲ, ਨਾਭਾ ਮਾਡਲ ਨੂੰ ਸਾਰੇ ਜ਼ਿਲ੍ਹੇ ‘ਚ ਲਾਗੂ ਕਰਾਂਗੇ-ਸਾਕਸ਼ੀ ਸਾਹਨੀ
ਵਿਧਾਇਕ ਤੇ ਡੀ.ਸੀ. ਨੇ ਹਿੰਦੋਸਤਾਨ ਯੁਨੀਲੀਵਰ ਲਿਮਟਿਡ ਵੱਲੋਂ ਦਿੱਤੇ ਵਹੀਕਲ ਰਵਾਨਾ ਕੀਤੇ
ਬਾਂਗਾ , ਨਾਭਾ, 12 ਮਈ 2023
ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਵੱਲੋਂ ਨਾਭਾ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਅਰੰਭੀ ਮੁਹਿੰਮ ਤੇ ਕੀਤੀ ਨਿਵੇਕਲੀ ਪਹਿਲਕਦਮੀ ‘ਮੈਂ ਨਾਭਾ ਹਾਂ, ਮੈਂ ਤੁਹਾਡਾ ਹਾਂ, ਮੈਨੂੰ ਸਾਫ਼ ਰੱਖੋ’ ਮੁਹਿੰਮ ਨੇ ਜੋਰ ਫੜ ਲਿਆ ਹੈ। ਜਦੋਂਕਿ ਪੰਜਾਬ ਸਰਕਾਰ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਾਭਾ ਸ਼ਹਿਰ ਦੇ ਵਿਕਾਸ ਲਈ 200 ਕਰੋੜ ਰੁਪਏ ਦੇ ਵਿਸ਼ੇਸ਼ ਫੰਡ ਮਨਜੂਰ ਕੀਤੇ ਹਨ।
ਅੱਜ ਨਾਭਾ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਮੌਕੇ ਵਿਧਾਇਕ ਦੇਵ ਮਾਨ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਹਿੰਦੋਸਤਾਨ ਯੁਨੀਲੀਵਰ ਲਿਮਟਿਡ ਵੱਲੋਂ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਨਗਰ ਕੌਂਸਲ ਨੂੰ ਪ੍ਰਦਾਨ ਕੀਤੀ ਗਈ 1 ਕਰੋੜ ਰੁਪਏ ਦੀ ਮਸ਼ੀਨਰੀ, ਜਿਸ ‘ਚ ਕੂੜਾ ਚੁੱਕਣ ਲਈ 10 ਗੱਡੀਆਂ, 2 ਛੋਟੇ ਵਾਹਨ, 3 ਟ੍ਰੈਕਟਰ ਟਰਾਲੀਆਂ ਸਮੇਤ ਇਕ ਸੀਵਰੇਜ ਸਾਫ਼ ਕਰਨ ਵਾਲੀ ਪੋਕ ਮਸ਼ੀਨ, ਸ਼ਾਮਲ ਹੈ, ਨੂੰ ਹਰੀ ਝੰਡੀ ਦੇ ਕੇ ਝੰਡੀ ਦੇ ਕੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਲਈ ਰਵਾਨਾ ਕੀਤਾ।
ਇਸ ਮੌਕੇ ਵਿਧਾਇਕ ਗੁਰਦੇਵ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਰਿਆਸਤੀ ਸ਼ਹਿਰ, ਨਾਭਾ ਪੰਜਾਬ ਦਾ ਸਭ ਤੋਂ ਸੋਹਣਾ ਤੇ ਸਾਫ਼ ਸੁਥਰਾ ਸ਼ਹਿਰ ਬਣੇ, ਜਿਸ ਲਈ ਉਨ੍ਹਾਂ ਨੇ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੀ ਸਮੁੱਚੀ ਟੀਮ ਸਮੇਤ ਚੁੱਕੇ ਗਏ ਵਿਸ਼ੇਸ਼ ਬੀੜੇ ਨੂੰ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ।
ਵਿਧਾਇਕ ਦੇਵ ਮਾਨ ਨੇ ਅਫ਼ਸੋਸ ਜਤਾਇਆ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਰਿਆਸਤੀ ਸ਼ਹਿਰ ਦੀ ਸਾਫ਼-ਸਫ਼ਾਈ ਤੇ ਵਿਕਾਸ ਵੱਲ ਕਦੇ ਧਿਆਨ ਨਹੀਂ ਦਿੱਤਾ, ਜਿਸ ਕਰਕੇ ਨਾਭਾ ਵਿਕਾਸ ਪੱਖੋਂ ਪੱਛੜ ਗਿਆ ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਾਭਾ ਦੀ ਨੁਹਾਰ ਬਦਲ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਨਾਭਾ ਸ਼ਹਿਰ ਨੂੰ ਸਮਾਰਟ ਸ਼ਹਿਰ ਬਣਾਉਣ ਲਈ ਇੰਦੌਰ ਵੀ ਜਾ ਕੇ ਆਏ ਤੇ ਹਿੰਦੋਸਤਾਨ ਯੁਨੀਲੀਵਰ ਲਿਮਟਿਡ ਤੋਂ ਸਹਿਯੋਗ ਮੰਗਿਆ ਤੇ ਉਹ ਇਸ ਮਾਮਲੇ ‘ਚ ਸਫ਼ਲ ਹੋਏ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਹ ਮਸ਼ੀਨਰੀ ਨਾਭਾ ਸ਼ਹਿਰ ਨੂੰ ਕੂੜਾ ਮੁਕਤ ਕਰਨ ਵਿੱਚ ਅਹਿਮ ਰੋਲ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਕਿਊਆਰ ਕੋਡ ਪੰਜਾਬ ਵਿੱਚ ਇਹ ਪਹਿਲਾ ਉਪਰਾਲਾ ਕੀਤਾ ਗਿਆ ਹੈ ਜੋ ਕਿ ਕੂੜਾ ਚੁੱਕਣ ਲਈ ਸਹਾਇਕ ਹੋਵੇਗਾ। ਡਿਪਟੀ ਕਮਿਸ਼ਨਰ ਟੀਮ ਨਾਭਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਨਾਭਾ ਮਾਡਲ ਨੂੰ ਪੂਰੇ ਜ਼ਿਲ੍ਹੇ ਅੰਦਰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਸਫ਼ਾਈ ਸੇਵਕਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਕਿਉਂਕਿ ਉਹ ਤਨਦੇਹੀ ਨਾਲ ਸ਼ਹਿਰ ਵਿੱਚ ਸਫਾਈ ਦਾ ਕੰਮ ਕਰ ਰਹੇ ਹਨ।
ਨਗਰ ਕੌਂਸਲ ਨਾਭਾ ਦੇ ਸਹਾਇਕ ਸਫ਼ਾਈ ਸੁਪਰਵਾਈਜ਼ਰ ਸੁਰਿੰਦਰ ਸਿੰਘ ਨੇ ਲੋਕਾਂ ਦੇ ਘਰ ਲਗਾਏ ਜਾਣ ਵਾਲੇ ਕਿਉਂਆਰ ਕੋਡ ਦੇ ਫਾਇਦੇ ਦੱਸਦਿਆਂ ਕਿਹਾ ਕਿ ਸ਼ਹਿਰ ‘ਚ ਜਿੱਥੇ ਵੀ ਕਿਤੇ ਕੂੜਾ ਹੋਵੇਗਾ, ਉਸਦੀ ਸ਼ਿਕਾਇਤ ਕਿਊਆਰ ਕੋਡ ਦੇ ਜ਼ਰੀਏ ਮਿਲਣ ‘ਤੇ ਨਗਰ ਕੌਂਸਲ ਟੀਮ 15-20 ਮਿੰਟਾਂ ਦੇ ਅੰਦਰ-ਅੰਦਰ ਉਹ ਕੂੜਾ ਚੁੱਕ ਦੇਵੇਗੀ।
ਇਸ ਮੌਕੇ ਉਪ ਮੰਡਲ ਮੈਜਿਸਟਰੇਟ ਤਰਸੇਮ ਚੰਦ, ਉਪ ਪੁਲਸ ਕਪਤਾਨ ਦਵਿੰਦਰ ਅੱਤਰੀ, ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ, ਨਾਇਬ ਤਸੀਲਦਾਰ ਰਾਜਬਰਿੰਦਰ ਸਿੰਘ ਧਨੋਆ, ਪ੍ਰਧਾਨ ਨਗਰ ਕੌਂਸਲ ਸੁਜਾਤਾ ਚਾਵਲਾ, ਆਪ ਆਗੂ ਕਪਿਲ ਮਾਨ, ਸਮਾਜ ਸੇਵੀ ਪੰਕਜ ਪੱਪੂ, ਸਾਬਕਾ ਪ੍ਰਧਾਨ ਗੁਰਬਖਸ਼ੀਸ਼ ਸਿੰਘ ਭੱਟੀ, ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਸਾਬਕਾ ਪ੍ਰਧਾਨ ਹਰਿਕ੍ਰਿਸ਼ਨ ਸੇਠ, ਸਾਬਕਾ ਪ੍ਰਧਾਨ ਹਰਸਿਮਰਨ ਸਿੰਘ ਸਾਹਨੀ, ਤੇਜਿੰਦਰ ਸਿੰਘ ਚੌਧਰੀ ਮਾਜਰਾ, ਮਨਪ੍ਰੀਤ ਸਿੰਘ ਧਾਰੋਕੀ, ਸੀਨੀਅਰ ਕੌਂਸਲਰ ਅਸ਼ੋਕ ਬਿੱਟੂ, ਦੀਪਕ ਨਾਗਪਾਲ, ਸ਼ਹਿਰੀ ਆਪ ਪ੍ਰਧਾਨ ਅਸ਼ੋਕ ਅਰੋੜਾ, ਸੰਜੀਵ ਸ਼ਿਲਪਾ, ਰਮੇਸ਼ ਤਲਵਾੜ, ਸੰਜੇ ਮੱਗੋ, ਪ੍ਰਿੰਸ ਸ਼ਰਮਾ, ਕਾਰਜਸਾਧਕ ਅਫਸਰ ਅਪਰ ਅਪਾਰ ਸਿੰਘ, ਵੇਦ ਪ੍ਰਕਾਸ਼ ਕਾਲੀ ਅਤੇ ਹਿੰਦੋਸਤਾਨ ਯੁਨੀਲੀਵਰ ਲਿਮਟਿਡ ਕੰਪਨੀ ਦੇ ਅਧਿਕਾਰੀ ਤੇ ਮੁਲਾਜ਼ਮ ਆਦਿ ਤੋਂ ਇਲਾਵਾ ਸਮੂਹ ਕੌਂਸਲਰ ਤੇ ਨਗਰ ਕੌਂਸਲ ਦੇ ਮੁਲਾਜ਼ਮ ਤੇ ਸਫ਼ਾਈ ਵਲੰਟੀਅਰ ਮੌਜੂਦ ਸਨ।