ਨੀ ਤੂੰ ਫਿਰਦੀ ਏਂ ਮੌਸਮੀ ਅਨੰਦ ਮਾਣਦੀ -ਆਹ ਵੇਖ ਮਿੱਤਰਾਂ ਦੇ ਮੰਜੇ ਉੱਡ ਗਏ 

Spread the love

ਅਸ਼ੋਕ ਵਰਮਾ , ਬਠਿੰਡਾ, 18 ਮਈ 2023
    ਲੰਘੀ ਦੇਰ ਰਾਤ ਝੱਖੜ ਵਾਂਗ ਵਗੀਆਂ ਤੇਜ਼ ਹਵਾਵਾਂ ਅਤੇ ਹੋਈ ਬਾਰਸ਼ ਨੇ ਮਾਲਵੇ ਵਿਚ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ। ਬਠਿੰਡਾ ਪੱਟੀ ਵਿਚ 3 ਰਜਬਾਹਿਆਂ ਵਿੱਚ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਤਬਾਹ ਹੋਣ ਦੀਆਂ ਖਬਰਾਂ ਹਨ। ਝੱਖੜ ਕਾਰਨ ਦੇਰ ਰਾਤ ਕਿਸੇ ਦਾ ਮੰਜਾ ਉੱਡ ਕੇ ਬਿਜਲੀ ਦੀਆਂ ਤਾਰਾਂ ਵਿੱਚ ਫਸ ਗਿਆ। ਤਾਰਾਂ ਵਿੱਚ ਫਸੇ ਮੰਜੇ ਦੀ ਫੋਟੋ ਸੋਸ਼ਲ ਮੀਡੀਆ ਤੇ ਵੱਡੀ ਪੱਧਰ ਤੇ ਵਾਇਰਲ ਹੋ ਰਹੀ ਹੈ। ਇਹ ਤਾਂ ਨਹੀਂ ਪਤਾ ਲੱਗ ਸਕਿਆ ਕਿ ਫੋਟੋ ਕਿਸ ਜਗਾ ਦੀ ਹੈ ਪਰ ਇਹ ਝੱਖੜ ਅਤੇ ਤੂਫ਼ਾਨ ਦੀ ਤੀਬਰਤਾ ਬਿਆਨ ਕਰਨ ਲਈ ਕਾਫ਼ੀ ਹੈ। ਇਸ ਤੋਂ ਇਲਾਵਾ ਝੱਖੜ ਕਾਰਨ ਵੱਡੀ ਗਿਣਤੀ ਦਰਖਤ ਪੱਟੇ ਗਏ ਹਨ।ਤੇਜ਼ ਤੂਫਾਨ ਤੇ ਝੱਖੜ ਨੇ ਪਾਵਰਕੌਮ ਨੂੰ ਲੱਖਾਂ ਰੁਪਏ ਦਾ ਰਗੜਾ ਲਾ ਦਿੱਤਾ ਹੈ।                                ਪਾਵਰਕੌਮ ਨੂੰ ਬਿਜਲੀ ਸਪਲਾਈ ਦੀ ਬਹਾਲੀ ਲਈ ਭਾਰੀ ਜੱਦੋਜਹਿਦ ਕਰਨੀ ਪਈ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਜ਼ਿਆਦਾਤਰ  ਸ਼ਹਿਰੀ ਤੇ ਪੇਂਡੂ ਖੇਤਰਾਂ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ । ਜਦੋਂਕਿ ਖੇੇਤੀ ਖੇਤਰ ਦੀ ਸਪਲਾਈ ਵੀ ਜਲਦੀ ਚਾਲੂ ਹੋ ਜਾਏਗੀ। ਬਠਿੰਡਾ ਸ਼ਹਿਰ ਦੇ ਕਈ ਇਲਾਕਿਆਂ ’ਚ ਤਾਂ ਬਿਜਲੀ ਸਪਲਾਈ ਨੂੰ ਅੱਜ ਦੁਪਹਿਰ ਤੱਕ ਮਸਾਂ ਬਹਾਲ ਕੀਤਾ ਜਾ ਸਕਿਆ। ਬੀਤੀ ਰਾਤ ਆਏ ਤੇਜ਼ ਝੱਖੜ ਅਤੇ ਜ਼ੋਰਦਾਰ ਬਾਰਸ਼ ਕਾਰਨ ਪਾਵਰਕੌਮ ਪੱਛਮੀ ਜ਼ੋਨ ਦੇ  ਦੇ ਵੱਡੀ ਗਿਣਤੀ ਬਿਜਲੀ ਦੇ ਖੰਭੇ ਤੇ ਕਾਫੀ ਟਰਾਂਸਫਾਰਮਰ ਨੁਕਸਾਨੇ ਗਏ।  ਬਠਿੰਡਾ ਜ਼ਿਲ੍ਹੇ ਦੇ ਸਾਰੇ ਹੀ ਖੇਤਰਾਂ  ’ਚ ਪੂਰੀ ਰਾਤ ਬਿਜਲੀ ਸਪਲਾਈ ਵਿਚ ਵਿਘਨ ਪਿਆ ਰਿਹਾ। ਪੱਛਮੀ ਜ਼ੋਨ ਦੇ ਮੁੱਖ ਇੰਜਨੀਅਰ ਐਚ ਐਸ ਬਿੰਦਰਾ ਦਾ ਕਹਿਣਾ ਸੀ ਕਿ ਉਹ ਜਾਇਜ਼ਾ ਲੈ ਰਹੇ ਹਨ ਜਿਸ ਪਿੱਛੋਂ ਹੀ ਨੁਕਸਾਨ ਦਾ ਪਤਾ ਲੱਗ ਸਕੇਗਾ।
  ਜੰਗਲਾਤ ਮਹਿਕਮੇ ਨੂੰ ਵੀ ਝੱਖੜ ਕਾਰਨ ਨੁਕਸਾਨ ਝੱਲਣਾ ਪਿਆ ਹੈ। ਤੂਫਾਨੀ ਹਵਾਵਾਂ ਕਾਰਨ ਨਹਿਰਾਂ ਅਤੇ ਸੜਕਾਂ ਦੇ ਕਿਨਾਰਿਆਂ ‘ਤੇ ਦਰੱਖਤ ਡਿੱਗ ਪਏ ਹਨ। ਬਠਿੰਡਾ ਮਾਨਸਾ ਰੋਡ ਤੇ ਲੰਘੀ ਰਾਤ ਦੇ ਝੱਖੜ ਨੇ ਕੁਝ ਅਜਿਹੇ ਦਰਖ਼ਤਾਂ ਨੂੰ ਭੰਨ ਦਿੱਤਾ ਹੈ ਜਿਨ੍ਹਾਂ ਨੂੰ ਅੱਜ ਤੱਕ ਕੋਈ ਵੀ ਤੂਫਾਨ ਹਿਲਾ ਨਹੀਂ ਸਕਿਆ ਸੀ । ਸੜਕਾਂ ਤੇ ਦਰਖਤ ਡਿੱਗਣ ਤੋਂ ਬਾਅਦ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਅੱਧੀ ਰਾਤ ਤੋਂ ਬਾਅਦ ਸੜਕਾਂ ਤੋਂ ਦਰਖਤ ਹਟਾ ਕੇ ਆਵਾਜਾਈ ਚਾਲੂ ਕਰਵਾਈ । ਬੀਤੀ ਰਾਤ ਆਏ ਤੇਜ ਝੱਖੜ ਕਾਰਨ  ਘਰਾਂ ’ਚ ਲੋਕਾਂ ਵੱਲੋਂ ਪਾਏ ਸ਼ੈੱਡ ਢਹਿ ਗਏ।
      ਮਾਨਸਾ ਨੇੜਲੇ ਪਿੰਡ ’ਚ ਸੂਆ ਟੁੱਟਣ ਕਾਰਨ ਖੇਤਾਂ ’ਚ ਪਾਣੀ ਭਰ ਗਿਆ।  ਮਾਨਸਾ ਜ਼ਿਲ੍ਹੇ ਦੇ ਪਿੰਡ ਮਾਨ ਬੀਬੀੜਆਂ ਕੋਲ ਰੇਲਵੇ ਲਾਈਨ ਦੇ ਨਾਲ ਲੰਘਦੇ ਸੂਏ ’ਚ ਕਾਫੀ ਲੰਬਾ ਪਾੜ ਪੈ ਗਿਆ। ਪਾੜ ਪੈਣ ਕਾਰਨ 100 ਏਕੜ ਤੋਂ ਵੱਧ ਖੇਤਾਂ ’ਚ ਪਾਣੀ ਭਰ ਗਿਆ। ਕਿਸਾਨਾਂ ਵੱਲੋਂ ਬੀਜੀ ਮੂੰਗੀ, ਮੱਕੀ ਅਤੇ ਝੋਨੇ ਦੀ ਪਨੀਰੀ ਇਸ ਪਾਣੀ ਦੀ ਮਾਰ ਹੇਠ ਆ ਗਈ। ਕਿਸਾਨਾਂ ਵੱਲੋਂ ਨਹਿਰੀ ਵਿਭਾਗ ਨੂੰ ਸਮੇਂ ਸਿਰ ਸੂਚਿਤ ਕਰਨ ’ਤੇ ਵਿਭਾਗ ਦੇ ਅਧਿਕਾਰੀ ਤਾਂ ਮੌਕੇ ’ਤੇ ਪੁੱਜ ਗਏ ਪਰ ਉਹ ਖਾਲੀ ਹੱਥ ਸੀ। ਪਿੰਡ ਵਾਲਿਆਂ ਨੇ ਆਪਣੇ ਪੱਧਰ ’ਤੇ ਗੱਟੇ ਇਕੱਠੇ ਕਰਕੇ ਮਿੱਟੀ ਨਾਲ ਭਰੇ ।                                         
        ਰਾਤ ਦੇ ਟੁੱਟੇ ਸੂਏ ਕੋਲ ਕਰੀਬ 9:30 ਵਜੇ ਤੱਕ ਵਿਭਾਗ ਵੱਲੋਂ ਕੋਈ ਇੰਤਜਾਮ ਨਹੀਂ ਕੀਤਾ ਗਿਆ ਸੀ। ਉਨ੍ਹਾਂ ਐਨਾਂ ਜ਼ਰੂਰ ਕਿਹਾ ਕਿ ਨੇੜੇ ਸਥਿਤ ਬਣਾਂਵਾਲਾ ਥਰਮਲ ਪਲਾਂਟ ’ਚ ਕਿਹਾ ਗਿਆ ਹੈ ਉਨ੍ਹਾਂ ਦੀ ਮੱਦਦ ਨਾਲ ਪਾੜ ਭਰਿਆ ਜਾਵੇਗਾ। ਨਹਿਰੀ ਵਿਭਾਗ ਦੇ ਜੇਈ ਪ੍ਰਦੀਪ ਗਰਗ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗੱਟਿਆਂ ਆਦਿ ਦਾ ਇੰਤਜਾਮ ਕੀਤਾ ਜਾ ਰਿਹਾ ਹੈ ਤੇ ਥਰਮਲ ਪਲਾਂਟ ਤੋਂ ਵੀ ਮੱਦਦ ਲਈ ਜਾ ਰਹੀ ਹੈ। ਕਿਸਾਨ ਜਰਨੈਲ ਸਿੰਘ ਸਾਬਕਾ ਪੰਚ ਅਤੇ ਕਿਸਾਨ ਭੋਲਾ ਸਿੰਘ ਨੇ ਦੱਸਿਆ ਕਿ ਜਗ੍ਹਾ ਬਰਾਂਚ ਦਾ ਸੂਆ ਟੁੱਟਣ ਨਾਲ ਖੇਤਾਂ ’ਚ ਕਾਫੀ ਪਾਣੀ ਭਰ ਗਿਆ ਜਿਸ ਨਾਲ ਉਨ੍ਹਾਂ ਦੀ ਮੂੰਗੀ, ਮੱਕੀ ਅਤੇ ਝੋਨੇ ਦੀ ਪਨੀਰੀ ਡੁੱਬ ਗਈ।
         ਕਿਸਾਨਾਂ ਅਤੇ ਨਹਿਰੀ ਵਿਭਾਗ ਵੱਲੋਂ ਆਪਸੀ ਸਹਿਯੋਗ ਨਾਲ ਪਾੜ ਭਰਨ ਦੇ ਯਤਨ ਕੀਤੇ ਜਾ ਰਹੇ ਹਨ। ਬਠਿੰਡਾ ਸਥਿਤ ਐਨਐੱਫਐੱਲ  ਨੇੜਿਓਂ ਲੰਘਦੇ ਸੂਏ ‘ਚ ਪਾੜ ਪੈ ਗਿਆ।ਪਾਣੀ ਦੇ ਤੇਜ ਵਹਾਅ ਕਰਕੇ ਉੱਥੋਂ ਲੰਘਦੇ ਰੇਲਵੇ ਟਰੈਕ ਦੇ ਅੰਦਰੋ ਤੇ ਹੇਠੋ ਪੱਥਰ ਖਿਸਕਣ ਕਰਕੇ ਪਟੜੀ ਖੋਖਲੀ ਹੋ ਗਈ। ਇਸੇ ਦੌਰਾਨ ਉੱਥੇ ਫਿਰੋਜਪੁਰ ਤੋਂ ਬਠਿੰਡਾ ਵੱਲ ਆ ਰਹੀ ਰੇਲ ਗੱਡੀ ਪੁੱਜ ਗਈ, ਜਿਸਨੂੰ ਅੱਗੇ ਖਤਰਾ ਦੇਖਦਿਆਂ ਉੱਥੇ ਹੀ ਰੋਕਣਾ ਪਿਆ। ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਦੀ ਸੰਸਥਾ 
ਸਹਿਯੋਗ ਦੀ ਟੀਮ ਵਲੋਂ ਮੌਕੇ ਤੇ ਪਹੁੰਚ ਕੇ ਸਥਾਨਕ ਮੁਹੱਲਾ ਵਾਸੀਆਂ ਨਾਲ ਰਾਹਤ ਕਾਰਜਾਂ ‘ਚ ਮਦਦ ਕੀਤੀ ਗਈ।
         ਉਹਨਾਂ ਦੱਸਿਆ ਕਿ ਰੇਲਗੱਡੀ ਉੱਥੇ ਹੀ ਰੋਕਣ ਕਾਰਨ ਉਸ ਵਿਚਲੀਆਂ ਸਵਾਰੀਆਂ ਨੂੰ ਪ੍ਰੇਸ਼ਾਨ ਹੋਣਾ ਪਿਆ। ਸਵਾਰੀਆਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਉਹਨਾਂ ਨੂੰ ਸ਼ਹਿਰ ‘ਚ ਲਿਆਉਣ ਲਈ ਆਟੋ ਰਿਕਸ਼ਿਆਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਟਰੈਫਿਕ ਇੰਚਾਰਜ ਬਠਿੰਡਾ ਐਸਆਈ ਅਮਰੀਕ ਸਿੰਘ ਨੇ ਵੀ ਮੌਕੇ ‘ਤੇ ਪੁੱਜ ਕੇ ਰਾਹਤ ਕਾਰਜਾਂ ‘ਚ ਹੱਥ ਵਟਾਇਆ। ਇਸੇ ਤਰ੍ਹਾਂ ਹੀ ਮਾਨਸਾ ਜਿਲ੍ਹੇ ਦੇ ਪਿੰਡ ਭੈਣੀ ਬਾਘਾ ਲਾਗੇ ਸੂਆ ਟੁੱਟ ਗਿਆ ਜਿਸ ਨੇ ਫ਼ਸਲਾਂ ਦਾ ਕਾਫੀ ਨੁਕਸਾਨ ਕੀਤਾ ਹੈ। ਰਾਮਪੁਰਾ ਫੂਲ ਨੇੜਲੇ ਪਿੰਡ ਚੋਟੀਆਂ ਵਿਖੇ ਇੱਕ ਨੌਜਵਾਨ ਰਮਨਦੀਪ ਸਿੰਘ ਪੁੱਤਰ ਸੁਦਾਗਰ ਸਿੰਘ ਵੱਲੋਂ ਖੋਲ੍ਹੇ ਡੇਅਰੀ ਫਾਰਮ ਨੂੰ ਝੱਖੜ ਨੇ ਤਹਿਸ ਨਹਿਸ ਕਰ ਦਿੱਤਾ। ਸ਼ੈੱਡ ਡਿੱਗਣ ਕਾਰਨ ਮਹਿੰਗੇ ਮੁੱਲ ਦੀ ਗਾਂ  ਮਰ ਗਈ ਅਤੇ ਟਰੈਕਟਰ ਆਦਿ ਦਾ ਵੀ ਨੁਕਸਾਨ ਹੋ ਗਿਆ। 

Spread the love
Scroll to Top