ਪਟਿਆਲਾ ਮੈਨੇਜਮੈਂਟ ਐਸੋਸੀਏਸ਼ਨ ਨੇ ਫਿਊਚਰ ਟਾਈਕੂਨਜ਼ ਦਾ ਹੱਥ ਫੜਿਆ

Spread the love

ਪਟਿਆਲਾ ਮੈਨੇਜਮੈਂਟ ਐਸੋਸੀਏਸ਼ਨ ਨੇ ਫਿਊਚਰ ਟਾਈਕੂਨਜ਼ ਦਾ ਹੱਥ ਫੜਿਆ

ਪਟਿਆਲਾ, 11 ਸਤੰਬਰ (ਰਾਜੇਸ਼ ਗੋਤਮ)

ਪਟਿਆਲਾ ਮੈਨੇਜਮੈਂਟ ਐਸੋਸੀਏਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਚਿਤਵੇ ਫਿਊਚਰ ਟਾਈਕੂਨਜ਼ (ਉਭਰਦੇ ਉਦਮੀਆਂ) ਦਾ ਹੱਥ ਫੜਿਆ ਹੈ। ਪੀ.ਐਮ.ਏ. ਨੇ ਇਨ੍ਹਾਂ ਉਭਰਦੇ ਉਦਮੀਆਂ ਨੂੰ ਆਪਣੇ ਕਾਰੋਬਾਰ ਨੂੰ ਅੱਗੇ ਵਧਾਅ ਕੇ ਹੋਰ ਵੱਡੇ ਪੱਧਰ ‘ਤੇ ਲਿਜਾਣ ਲਈ ਸਲਾਹ ਦੇਣ ਅਤੇ ਸਹੀ ਮਾਰਗਦਰਸ਼ਨ ਕਰਨ ਲਈ ਇੱਥੇ ਕਰਵਾਏ ਇੱਕ ਸਮਾਰੋਹ ਦੌਰਾਨ ਸਨਮਾਨਤ ਕੀਤਾ।
ਯਾਦ ਰਹੇ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜ ਦੇ ਨੌਜਵਾਨਾਂ ਨੂੰ ਆਪਣੇ ਹੀ ਦੇਸ਼ ‘ਚ ਰਹਿ ਕੇ ਆਪਣੇ ਕਾਰੋਬਾਰ ਕਰਨ ਦੇ ਦਿੱਤੇ ਸੱਦੇ ਨੂੰ ਅੱਗੇ ਵਧਾਉਂਦੇ ਹੋਏ ਉਭਰਦੇ ਉਦਮੀਆਂ ਨੂੰ ਲੱਭਣ ਲਈ ਫਿਊਚਰ ਟਾਈਕੂਨਜ਼ ਨਾਮ ਦਾ ਮੈਗਾ ਈਵੈਂਟ ਕਰਵਾਇਆ ਸੀ। ਇਸ ‘ਚ ਪਟਿਆਲਾ ਮੈਨੇਜਮੈਂਟ ਨੇ ਅਹਿਮ ਭਾਗੀਦਾਰੀ ਦੇ ਰੂਪ ‘ਚ ਆਪਣੀ ਭੂਮਿਕਾ ਨਿਭਾਉਂਦੇ ਹੋਏ ਇਨ੍ਹਾਂ ਉਭਰਦੇ ਉਦਮੀਆਂ ਨੂੰ ਸਹੀ ਮਾਰਗਦਰਸ਼ਨ ਦੇਣ ਦਾ ਵਾਅਦਾ ਕੀਤਾ ਸੀ।
ਇਸ ਫਿਊਚਰ ਟਾਈਕੂਨਜ਼ ਦੇ ਗ੍ਰੈਂਡ ਫਿਨਾਲੇ ਦੇ ਤਿੰਨ ਉਮੀਦਵਾਰਾਂ ਤੋਂ ਇਲਾਵਾ ਇੱਕ ਹੋਰ ਉਭਰਦੇ ਉਦਮੀ ਨੇ ਪਟਿਆਲਾ ਮੈਨੇਜਮੈਂਟ ਵੱਲੋਂ ਕਰਵਾਏ ਗਏ ਇੱਕ ਸਮਾਰੋਹ ਦੌਰਾਨ ਉਦਯੋਗਪਤੀਆਂ, ਸਲਾਹਕਾਰਾਂ ਤੇ ਨਿਵੇਸ਼ਕਾਂ ਦੇ ਸਾਹਮਣੇ ਆਪਣੇ ਵਪਾਰਕ ਵਿਚਾਰ ਰੱਖੇ।ਇਨ੍ਹਾਂ ਉਭਰਦੇ ਉਦਮੀਆਂ (ਫਿਊਚਰ ਟਾਈਕੂਨਜ਼) ਨੇ ਆਪਣਾ ਕਾਰੋਬਾਰ ਪੀ.ਐਮ.ਏ. ਦੇ ਸਹਿਯੋਗ ਨਾਲ ਹੋਰ ਅੱਗੇ ਲਿਜਾਣ ਦਾ ਅਹਿਦ ਕੀਤਾ।
ਸਵੈ ਸਹਾਇਤਾ ਸਮੂਹ ਬਣਾ ਕੇ ਆਚਾਰ ਤਿਆਰ ਕਰਨ ਵਾਲੀ ਮਹਿਲਾ ਰਣਜੀਤ ਕੌਰ, ਘੱਟ ਤੋਂ ਘੱਟ ਰਕਬੇ ਵਿੱਚ ਵੀ ਮੱਛੀਆਂ ਫੜਨ ਵਿੱਚ ਮਦਦਗਾਰ ਐਕਵਾ ਫਲੌਕ ਤਿਆਰ ਕਰਨ ਦਾ ਵਿਚਾਰ ਰੱਖਣ ਵਾਲਾ ਤੇਜਵਿੰਦਰ ਸੈਣੀ ਅਤੇ ਬਿਊਟੀ ਪਾਰਲਰ ਉਦਯੋਗ ‘ਚ ਵੱਡੇ ਪੱਧਰ ‘ਤੇ ਕੰਮ ਕਰਨ ਦੀ ਇੱਛੁਕ ਲੜਕੀ ਲੀਜ਼ਾ ਸਮੇਤ ਬੁੱਕਵਾਲੇ ਰਾਘਵ ਤੇ ਟੀਮ ਨੇ ਆਪਣੇ ਵਪਾਰਕ ਆਈਡੀਆਜ਼ ਪਟਿਆਲਾ ਮੈਨੇਜਮੈਂਟ ਦੇ ਸਨਮੁੱਖ ਪੇਸ਼ ਕੀਤੇ।
ਪੀ.ਐਮ.ਏ ਦੇ ਪ੍ਰਧਾਨ ਵਿਕਾਸ ਕਾਲੜਾ ਤੇ ਜਨਰਲ ਸਕੱਤਰ ਸੰਜੇ ਗੁਪਤਾ ਨੇ ਇਨ੍ਹਾਂ ਉਦਮੀਆਂ ਨੂੰ ਭਵਿੱਖ ਵਿੱਚ ਵੀ ਮਾਰਗਦਰਸ਼ਨ ਅਤੇ ਸਲਾਹ ਦੇਣ ਦਾ ਵਾਅਦਾ ਕੀਤਾ। ਪੰਜਾਬ ਯੂਨੀਵਰਸਿਟੀ ਦੇ ਮੈਨੈਜਮੈਂਟ ਸਟੱਡੀ ਵਿਭਾਗ ਤੋਂ ਪ੍ਰੋਫੈਸਰ ਡਾ. ਰਤਿੰਦਰ ਕੌਰ, ਜ਼ਿਨ੍ਹਾਂ ਨੇ ਪਟਿਆਲਾ ਪ੍ਰਸ਼ਾਸਨ ਅਤੇ ਪੀ.ਐਮ.ਏ. ਨਾਲ ਤਾਲਮੇਲ ਕੀਤਾ ਸੀ, ਨੇ ਸੈਸ਼ਨ ਦੀ ਕਾਰਵਾਈ ਚਲਾਉਂਦਿਆਂ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਪੀ.ਐਮ.ਏ. ਦੀ ਵਚਨਬੱਧਤਾ ਅਤੇ ਨਿਰੰਤਰ ਯਤਨਾਂ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਟੀਆਈਈ ਚੰਡੀਗੜ ਦੇ ਬੁਲਾਰਿਆਂ ਨੇ ਫਿਊਚਰ ਟਾਈਕੂਨਜ਼ ਨੂੰ ਪੇਸ਼ੇਵਰ ਤੇ ਪ੍ਰਬੰਧਨ ਸਲਾਹ ਦਿੰਦਿਆਂ ਉੱਦਮੀਆਂ ਦੇ ਪ੍ਰਭਾਵਸ਼ਾਲੀ ਸੰਚਾਰ ਹੁਨਰ ਦੀ ਲੋੜ ‘ਤੇ ਗੱਲ ਕੀਤੀ। ਸਮਾਗਮ ‘ਚ ਸਾਬਕਾ ਪ੍ਰਧਾਨ ਰੁਪਿੰਦਰ ਸਿੰਘ, ਹਰਿੰਦਰ ਸਿੰਘ ਲਾਂਬਾ, ਪ੍ਰਵੇਸ਼ ਮੰਗਲਾ, ਸਲਾਹਕਾਰ ਨਰੇਸ਼ ਗੁਪਤਾ, ਵਿੱਤ ਸਕੱਤਰ ਭਲਿੰਦਰ ਸ਼ਾਹ, ਕਾਰਜਕਾਰਨੀ ਮੈਂਬਰਾਂ ਤੋਂ ਇਲਾਵਾ ਪੀਐਮਏ ਦੇ ਹੋਰ ਸਰਗਰਮ ਮੈਂਬਰ ਵੀ ਹਾਜ਼ਰ ਸਨ, ਜਿਨ੍ਹਾਂ ਨੇ ਭਵਿੱਖ ਵਿੱਚ ਵੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਉੱਦਮੀ ਯਤਨਾਂ ਨੂੰ ਸਮਰਥਨ ਪ੍ਰਦਾਨ ਕਰਨ ਲਈ ਆਪਣੀ ਸਹਿਮਤੀ ਦਿੰਦਿਆਂ ਵਚਨਬੱਧਤਾ ਪ੍ਰਗਟਾਈ।


Spread the love
Scroll to Top