ਪਲਾਸਟਿਕ ਨੂੰ ਕਹੋ NO : ਪ੍ਰਸ਼ਾਸਨ ਦੀਆਂ ਟੀਮਾਂ ਨੇ ਕੀਤੀ ਪਲਾਸਟਿਕ ਦੇ ਲਿਫਾਫਿਆਂ ਲਈ ਚੈਕਿੰਗ 

Spread the love

ਹੰਡਿਆਇਆ ਬਾਜ਼ਾਰ, ਫਰਵਾਹੀ ਬਾਜ਼ਾਰ, ਕੱਚਾ ਕਾਲਜ ਰੋਡ ਉੱਤੇ ਸਥਿਤ ਦੁਕਾਨਾਂ ਦੀ ਕੀਤੀ ਚੈਕਿੰਗ 

ਵੱਡੀ ਮਾਤਰਾ ‘ਚ ਲਿਫਾਫੇ ਜ਼ਬਤ, ਚਾਲਾਨ ਕੱਟੇ


ਮਨੋਜ ਕੁਮਾਰ ਗਰਗ , ਬਰਨਾਲਾ, 30 ਸਤੰਬਰ 2022

      ਪਲਾਸਟਿਕ ਦੀ ਵਰਤੋਂ ਰੋਕਣ ਲਈ ਅਤੇ ਉਸ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਨ ਨੂੰ ਠੱਲ੍ਹ ਪਾਉਣ ਲਈ ਅੱਜ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੀਆਂ  ਵੱਖ ਵੱਖ ਟੀਮਾਂ ਵੱਲੋਂ ਬਾਜ਼ਾਰਾਂ ਦੀ ਚੈਕਿੰਗ ਕੀਤੀ ਗਈ।
      ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਅੱਜ ਫਰਵਾਹੀ ਬਾਜ਼ਾਰ, ਹੰਡਿਆਇਆ ਬਾਜ਼ਾਰ, ਸਦਰ ਬਾਜ਼ਾਰ, ਕੱਚਾ ਕਾਲਜ ਰੋਡ ਅਤੇ ਪੱਕਾ ਕਾਲਜ ਰੋਡ ਵਿਖੇ ਵੱਖ ਵੱਖ ਥਾਵਾਂ ਉੱਤੇ ਪਲਾਸਟਿਕ ਦੇ ਲਿਫਾਫਿਆਂ ਸਬੰਧੀ ਚੈਕਿੰਗ ਕੀਤੀ ਗਈ।                                           
      ਉਹਨਾਂ ਦੱਸਿਆ ਕਿ ਹੰਡਿਆਇਆ ਬਾਜ਼ਾਰ ਤੋਂ 20 ਕਿਲੋ, ਪੱਕਾ ਕਾਲਜ ਰੋਡ ਤੋਂ 6 ਕਿਲੋ ਅਤੇ ਫਰਵਾਹੀ ਬਾਜ਼ਾਰ ਤੋਂ 22 ਕਿਲੋ ਪਲਾਸਟਿਕ ਦੇ ਲਿਫਾਫੇ ਜ਼ਬਤ ਕੀਤੇ ਗਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਕਮਾਂ ਅਨੁਸਾਰ ਪੰਜਾਬ ਵਿੱਚ 2016 ਤੋਂ ਪਲਾਸਟਿਕ ਦੇ ਲਿਫਾਫਿਆਂ ਉੱਤੇ ਪਾਬੰਦੀ ਲਗਾਈ ਗਈ ਹੈ।
       ਸਦਰ ਬਾਜ਼ਾਰ ਦੀ ਚੈਕਿੰਗ ਈ. ਓ ਨਗਰ ਕੌਂਸਲ ਬਰਨਾਲਾ ਸ੍ਰੀ ਸੁਨੀਲ ਦੱਤ, ਫਰਵਾਹੀ ਬਾਜ਼ਾਰ ਦੀ ਚੈਕਿੰਗ ਐੱਸ ਡੀ. ਓ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਸ੍ਰੀ ਸਿਮਰਦੀਪ ਸਿੰਘ, ਹੰਡਿਆਇਆ ਬਾਜ਼ਾਰ ਦੀ ਚੈਕਿੰਗ ਜ਼ਿਲ੍ਹਾ ਪ੍ਰੋਗ੍ਰਾਮ ਅਫਸਰ ਸ੍ਰੀ ਕੁਲਵਿੰਦਰ ਸਿੰਘ, ਕੱਚਾ ਕਾਲਜ ਰੋਡ ਦੀ ਚੈਕਿੰਗ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਅਭਿਸ਼ੇਕ ਸਿੰਗਲਾ ਅਤੇ ਪੱਕਾ ਕਾਲਜ ਰੋਡ ਦੀ ਚੈਕਿੰਗ ਜ਼ਿਲ੍ਹਾ ਸਾਮਾਜਕ ਸੁਰੱਖਿਆ ਅਫਸਰ ਸ਼੍ਰੀਮਤੀ ਤੇਆਵਾਸਪ੍ਰੀਤ ਕੌਰ ਦੀ ਟੀਮ ਵੱਲੋਂ ਕੀਤੀ ਗਈ ਅਤੇ ਦੁਕਾਨਦਾਰਾਂ ਦੇ ਚਲਾਨ ਵੀ ਕੱਟੇ ਗਏ।                       

Spread the love
Scroll to Top