ਪੁਲਿਸ ਨੇ ਵਾਰਦਾਤ ਤੋਂ 24 ਘੰਟਿਆਂ ਬਾਅਦ ਫੜ੍ਹਿਆ ਲੁਟੇਰਾ

Spread the love

ਅਸ਼ੋਕ ਵਰਮਾ ,ਬਠਿੰਡਾ 9 ਜੂਨ 2023
     ਬਠਿੰਡਾ ਸ਼ਹਿਰ ਦੇ ਥਾਣਾ ਕੋਤਵਾਲੀ ਅਧੀਨ ਆਉਂਦੇ ਮਾਲਵੀਆ ਨਗਰ ਗਲੀ ਨੰਬਰ 3 ਵਿੱਚ ਵੀਰਵਾਰ ਸਵੇਰੇ 6.30 ਵਜੇ ਇਕ ਔਰਤ ਕੋਲੋਂ ਸੋਨੇ ਦੀ ਚੇਨ ਖੋਹ ਕੇ ਫਰਾਰ ਹੋਣ ਵਾਲੇ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਵਿੱਚੋਂ ਇੱਕ ਨੂੰ ਬਠਿੰਡਾ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਮਿਲੀ ਇਸ ਸਫਲਤਾ ਦਾ ਖੁਲਾਸਾ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ।  ਲੁੱਟ ਦੀ ਇਹ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਤੋਂ ਪਤਾ ਲਗਦਾ ਸੀ ਕਿ ਲੁਟੇਰਿਆਂ ਨੇ ਕਿਸ ਦਲੇਰੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
    ਸੀਸੀਟੀਵੀ ਫੁਟੇਜ਼ ਵਿੱਚ ਸਾਹਮਣੇ ਆਇਆ ਹੈ ਕਿ ਬਿਨਾਂ ਨੰਬਰ ਦੇ ਅਪਾਚੇ ਬਾਈਕ ‘ਤੇ ਸਵਾਰ ਦੋ ਨੌਜਵਾਨ ਗਲੀ ‘ਚ ਆਏ ਜਿਨ੍ਹਾਂ ਨੇ ਮੋਟਰਸਾਇਕਲ ਸਾਈਡ ‘ਤੇ ਖੜ੍ਹਾ ਕਰਕੇ ਗਲੀ ‘ਚ ਪੈਦਲ ਜਾ ਰਹੀ ਮਹਿਲਾ ਨੀਲਮ ਰਾਣੀ ਨੂੰ ਪਿਸਤੌਲ ਦਿਖਾ ਕੇ ਉਸ ਦੀ ਚੇਨ ਖੋਹ ਲਈ ਅਤੇ ਫ਼ਰਾਰ ਹੋ ਗਏ । ਸ਼ਹਿਰ ਵਿੱਚ ਪਿਛਲੇ 8 ਦਿਨਾਂ ਵਿੱਚ ਸਨੈਚਿੰਗ ਦੀਆਂ ਚਾਰ ਘਟਨਾਵਾਂ ਵਾਪਰੀਆਂ  ਹੋਣ ਕਰਕੇ  ਤਾਜਾ ਘਟਨਾ ਕਾਰਨ ਪੁਲਿਸ ਪ੍ਰਸ਼ਾਸਨ ਦੀ  ਤਿੱਖੀ ਅਲੋਚਨਾ ਹੋ ਰਹੀ ਸੀ। ਪੁਲਿਸ ਨੇ ਮਹਿਲਾ ਨੀਲਮ ਦੇ ਬਿਆਨ ਦਰਜ ਕਰਨ ਤੋਂ ਬਾਅਦ ਥਾਣਾ ਕੋਤਵਾਲੀ ਵਿੱਚ ਅਣਪਛਾਤੇ ਲੁਟੇਰਿਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਸੀਸੀਟੀਵੀ ਫੁਟੇਜ ਕਬਜੇ ਵਿੱਚ ਲੈ ਲਈ।
    ਐਸਐਸਪੀ ਬਠਿੰਡਾ ਨੇ ਦੱਸਿਆ ਕਿ ਐਸ ਪੀ ਸਿਟੀ ਦਵਿੰਦਰ ਸਿੰਘ, ਡੀਐਸਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਅਤੇ ਥਾਣਾ ਕੋਤਵਾਲੀ ਦੇ ਐਸਐਚਓ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਲੁੱਟ ਦੀ ਇਸ ਵਾਰਦਾਤ ਨੂੰ ਹੱਲ ਕਰਨ ਲਈ ਟੀਮ ਬਣਾਈ ਗਈ ਸੀ। ਉਨਾਂ ਦੱਸਿਆ ਕਿ ਇਸ ਟੀਮ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੇ ਡੂੰਘਾਈ ਨਾਲ  ਤਫਤੀਸ਼ ਕਰਦਿਆਂ ਮੋਨੂੰ ਸ਼ਰਮਾ ਪੁੱਤਰ ਸੀਤਲ ਸ਼ਰਮਾ ਵਾਸੀ ਆਗਰਾ ਹਾਲ ਅਬਾਦ ਭੁੱਚੋ ਮੰਡੀ ਨੇੜੇ ਟੈਂਕਸੀ ਸਟੈਡ ਬਠਿੰਡਾ ਅਤੇ ਬਬਲੂ ਸ਼ਰਮਾ ਪੁੱਤਰ ਕ੍ਰਿਸ਼ਨਾ ਵਾਸੀ ਬੰਟਾਬਾੜ, ਵਾਰਡ ਨੰਬਰ 13, ਗਿੱਦੜਬਾਹਾ ਨੂੰ ਮੁਕੱਦਮੇ ਵਿੱਚ ਦੋਸ਼ੀ ਨਾਮਜ਼ਦ ਕੀਤਾ ਸੀ
    ਉਹਨਾਂ ਦੱਸਿਆ ਕਿ ਅੱਜ  ਪੁਲਿਸ ਪਾਰਟੀ ਸਮੇਤ ਵਾਰਦਾਤ ਦੇ 24 ਘੰਟਿਆਂ ਦੇ ਅੰਦਰ ਅੰਦਰ  ਮੋਨੂੰ ਸ਼ਰਮਾ ਨੂੰ ਸੰਤਪੁਰਾ ਰੋਡ ਨਜਦੀਕ ਸਰਹਿੰਦ ਨਹਿਰ ਤੋ ਕਾਬੂ ਕਰਕੇ ਇਸ ਪਾਸੋਂ ਵਾਰਦਾਤ ਸਮੇਂ ਵਰਤਿਆ ਪਿਸਟਲ 32 ਬੋਰ ,3 ਜਿੰਦਾ ਰੋਂਦ 32 ਬੋਰ ਮਹਿਲਾ ਤੋਂ ਲੁੱਟੀ ਗਈ ਸੋਨੇ ਦੀ ਚੇਨ ਅਤੇ ਖੋਹਿਆ ਹੋਇਆ ਇਕ ਮੋਬਾਇਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ ਪੜਤਾਲ ਦੌਰਾਨ ਮੁਲਜ਼ਮ ਨੇ ਮੰਨਿਆ ਹੈ ਕਿ ਉਸ ਨੇ ਅਤੇ ਉਸ ਦੇ ਸਾਥੀ ਬੱਬਲੂ ਸ਼ਰਮਾ ਨੇ ਪਿਸਟਲ ਦੀ ਨੋਕ ਤੇ ਆਇਸ ਕਰੀਮ ਦੀ ਦੁਕਾਨ ਅਜੀਤ ਰੋਡ ਬਠਿੰਡਾ ਤੋ ਸ਼ਾਮ ਸਮੇ 4 ਹਜ਼ਾਰ ਰੁਪਏ ਖੋਹੇ ਸਨ। ਉਨ੍ਹਾਂ ਦੱਸਿਆ ਕਿ  ਬਬਲੂ ਸ਼ਰਮਾ  ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਮੋਨੂੰ ਸ਼ਰਮਾ  ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਤੋਂ ਹੋਰ ਕੀਤੀਆਂ ਵਾਰਦਾਤਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ।

Spread the love
Scroll to Top