ਪੰਜਾਬ-ਯੂਟੀ ਫਰੰਟ ਦੀ ਸੰਗਰੂਰ ਰੈਲੀ ਦੀ ਕਾਮਯਾਬੀ ਲਈ ਪੀਪੀਪੀਐਫ ਨੇ ਲਾਮਬੰਦੀ ਮੁਹਿੰਮ ਚਲਾਉਣ ਦਾ ਕੀਤਾ ਫੈਸਲਾ

Spread the love

ਪੰਜਾਬ-ਯੂਟੀ ਫਰੰਟ ਦੀ ਸੰਗਰੂਰ ਰੈਲੀ ਦੀ ਕਾਮਯਾਬੀ ਲਈ ਪੀਪੀਪੀਐਫ ਨੇ ਲਾਮਬੰਦੀ ਮੁਹਿੰਮ ਚਲਾਉਣ ਦਾ ਕੀਤਾ ਫੈਸਲਾ
ਸੰਗਰੂਰ, 5 ਸਤੰਬਰ (ਹਰਪ੍ਰੀਤ ਕੌਰ ਬਬਲੀ)
ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਆਪ ਸਰਕਾਰ ਦੀ ਵਾਅਦਾਖਿਲਾਫੀ ਵਿਰੁੱਧ ਮੁਲਾਜ਼ਮ ਰੋਹ ਦੇ ਪ੍ਰਗਟਾਵੇ ਲਈ 10 ਸਤੰਬਰ ਨੂੰ ਸੰਗਰੂਰ ਵਿਖੇ ਉਲੀਕੀ ਮਹਾਂਰੈਲੀ ਵਿੱਚ,ਪੁਰਾਣੀ ਪੈਨਸ਼ਨ ਦਾ ਹੱਕ ਬਹਾਲ ਕਰਵਾਉਣ ਦੀ ਮੁੱਖ ਮੰਗ ਨੂੰ ਲੈ ਕੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋੰ ਐਨ.ਪੀ.ਐੱਸ ਮੁਲਾਜ਼ਮਾਂ ਦੀ ਭਰਵੀਂ ਗਿਣਤੀ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਫਰੰਟ ਵੱਲੋਂ ਵੱਖ ਵੱਖ ਮੁਲਾਜ਼ਮ ਵਰਗਾਂ ਦੇ ਹਿੱਤਾਂ ਲਈ ਮੋਹਰੀ ਸਫਾਂ ਵਿੱਚ ਸੰਘਰਸ਼ੀਲ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਬੈਨਰ ਹੇਠ ਸੰਗਰੂਰ ਰੈਲੀ ਦਾ ਹਿੱਸਾ ਬਣਨ ਦਾ ਫੈਸਲਾ ਵੀ ਕੀਤਾ ਗਿਆ।
ਸੰਗਰੂਰ ਰੈਲੀ ਦੀ ਤਿਆਰੀ ਲਈ ਪੀਪੀਪੀਐਫ ਫਰੰਟ ਦੀ ਹੋਈ ਸੂਬਾ ਕਮੇਟੀ ਮੀਟਿੰਗ ਦੀ ਜਾਣਕਾਰੀ ਪ੍ਰੈਸ ਨਾਲ਼ ਸਾਂਝੀ ਕਰਦਿਆਂ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ,ਜ਼ੋਨ ਕਨਵੀਨਰ ਗੁਰਬਿੰਦਰ ਖਹਿਰਾ,ਜਸਵੀਰ ਭੰਮਾ ਅਤੇ ਹਰਵਿੰਦਰ ਅੱਲੂਵਾਲ ਨੇ ਦੱਸਿਆ ਕਿ ਪੰਜਾਬ-ਯੂਟੀ ਫਰੰਟ ਸੂਬੇ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਜੱਥੇਬੰਦੀਆਂ ਦਾ ਸਾਂਝਾ ਸੰਘਰਸ਼ੀ ਮੰਚ ਹੈ ਜਿਸ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਸਮੇਤ ਮਾਣਭੱਤਾ ਵਰਕਰਾਂ ਦੀਆਂ ਉਜਰਤਾਂ ਵਿੱਚ ਵਾਧਾ ਕਰਨ,ਕੱਚੇ ਤੇ ਠੇਕਾ ਮੁਲਾਜ਼ਮ ਪੱਕੇ ਕਰਨ,ਛੇਵੇਂ ਤਨਖਾਹ ਕਮਿਸ਼ਨ ਨੂੰ ਸੋਧ ਕੇ ਮੁਲਾਜ਼ਮ ਤੇ ਪੈਨਸ਼ਨਰ ਪੱਖੀ ਬਣਾਉਣ,ਕੱਟੇ ਭੱਤੇ ਬਹਾਲ ਕਰਨ,ਡੀ.ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ,ਪਰਖਕਾਲ ਐਕਟ ਰੱਦ ਕਰਨ ਅਤੇ 17-07-2020 ਤੋਂ ਬਾਅਦ ਭਰਤੀਆਂ ਤੇ ਜਬਰੀ ਥੋਪੇ ਕੇਂਦਰੀ ਤਨਖਾਹ ਪੈਟਰਨ ਦਾ ਨੋਟੀਫਿਕੇਸ਼ਨ ਰੱਦ ਕਰਕੇ ਪੰਜਾਬ ਸਕੇਲ ਲਾਗੂ ਕਰਨ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਵਿੱਢਿਆ ਹੋਇਆ ਹੈ।ਉਹਨਾਂ ਕਿਹਾ ਕਿ ਪਿਛਲੀਆਂ ਕਾਂਗਰਸ,ਅਕਾਲੀ ਸਰਕਾਰਾਂ ਵੱਲੋਂ ਇਹਨਾਂ ਮੁਲਾਜ਼ਮ ਮੰਗਾਂ ਦੀ ਕੀਤੀ ਅਣਦੇਖੀ ਵਾਂਗ ਮੌਜੂਦਾ ਆਪ ਸਰਕਾਰ ਵੀ ਵੱਡੇ ਚੋਣ ਐਲਾਨਾਂ ਦੇ ਬਾਵਜੂਦ ਕੋਈ ਗੰਭੀਰਤਾ ਨਹੀਂ ਦਿਖਾ ਰਹੀ।ਫਰੰਟ ਵੱਲੋਂ ਮੌਜੂਦਾ ਵਿੱਤ ਮੰਤਰੀ ਨਾਲ ਜੂਨ ਮਹੀਨੇ ਵਿੱਚ ਕੀਤੀ ਵਿਸਥਾਰੀ ਮੀਟਿੰਗ ਅਤੇ ਕੈਬਨਿਟ ਮੰਤਰੀਆਂ ਨੂੰ ਅਗਸਤ ਵਿੱਚ ਵੱਡੇ ਪੱਧਰ ਤੇ ਰੋਸ ਪੱਤਰ ਦੇਣ ਦੇ ਬਾਵਜੂਦ ਮੁਲਾਜ਼ਮਾਂ ਨੂੰ ਨਿਰਾਸ਼ਾ ਹੀ ਮਿਲੀ ਹੈ ਜਿਸ ਦੇ ਖਿਲਾਫ ਸੂਬੇ ਭਰ ਚੋਂ ਵਹੀਰਾਂ ਘੱਤ ਕੇ ਮੁਲਾਜ਼ਮ 10 ਸਤੰਬਰ ਨੂੰ ਸੰਗਰੂਰ ਪਹੁੰਚਣਗੇ।
ਪੀ.ਪੀ.ਐਫ.ਫਰੰਟ ਦੇ ਸੂਬਾਈ ਆਗੂਆਂ ਜਸਵਿੰਦਰ ਔਜਲਾ,ਇੰਦਰਸੁਖਦੀਪ ਸਿੰਘ,ਰਮਨ ਸਿੰਗਲਾ,ਸਤਪਾਲ ਸਿੰਘ ਨੇ ਕਿਹਾ ਕਿ ਸੰਗਰੂਰ ਰੈਲੀ ਦੀ ਕਾਮਯਾਬੀ ਲਈ ਦਫਤਰਾਂ ਦੇ ਮੁਲਾਜ਼ਮਾਂ ਅਤੇ ਸਕੂਲੀ ਅਧਿਆਪਕਾ ਤੱਕ ਪਹੁੰਚ ਕਰਕੇ ਲਾਮਬੰਦੀ ਮੁਹਿੰਮ ਵਿੱਢੀ ਜਾਵੇਗੀ।ਉਹਨਾਂ ਆਪ ਸਰਕਾਰ ਤੇ ਰੋਸ ਜਤਾਇਆ ਕਿ ਜਦੋਂ ਰਾਜਸਥਾਨ, ਛੱਤੀਸਗੜ ਤੋਂ ਬਾਅਦ ਝਾਰਖੰਡ ਵਿੱਚ ਵੀ ਪੁਰਾਣੀ ਪੈਨਸ਼ਨ ਮੁੜ ਬਹਾਲ ਕਰ ਦਿੱਤੀ ਗਈ ਹੈ ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਚੋਣਾਂ ਤੋਂ ਪਹਿਲਾਂ ਮਾਰੇ ਵੱਡੇ ਦਮਗਜ਼ੇ ਮਾਤਰ ਜੁਮਲੇ ਸਾਬਤ ਹੋਏ ਹਨ। ਪੁਰਾਣੀ ਪੈਨਸ਼ਨ ਦੀ ਮੁੜ ਬਹਾਲੀ ਸੂਬੇ ਦੇ ਦੋ ਲੱਖ ਮੁਲਾਜ਼ਮਾਂ ਦੀ ਅਹਿਮ ਮੰਗ ਬਣ ਚੁੱਕੀ ਹੈ ਜਿਸ ਨੂੰ ਨਜ਼ਰਅੰਦਾਜ਼ ਕਰਨਾ ਆਪ ਸਰਕਾਰ ਲਈ ਵੱਡੀ ਸੰਘਰਸ਼ੀ ਚੁਣੌਤੀ ਸਾਬਿਤ ਹੋਵੇਗੀ।
ਮੀਟਿੰਗ ਵਿੱਚ ਡੀ.ਟੀ.ਐਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਮੇਤ ਸੁਖਜਿੰਦਰ ਸਿੰਘ, ਲਖਵਿੰਦਰ ਸਿੰਘ, ਜਗਜੀਤ ਜਟਾਣਾ, ਜੈਪ੍ਰਕਾਸ਼, ਰਘਵੀਰ ਸਿੰਘ ਭਵਾਨੀਗੜ੍ਹ, ਮਨਜੀਤ ਸਿੰਘ, ਮੇਘਰਾਜ, ਜਗਤਾਰ ਰਾਮ ਆਦਿ ਆਗੂ ਹਾਜ਼ਰ ਸਨ।

Spread the love
Scroll to Top