ਫੈਲਿਆ ਰੋਹ ‘ਤੇ ਕਰਤਾ ਐਲਾਨ ,ਸੰਘੇੜਾ ਕਾਲਜ਼ ਅੱਗੇ ਭਲ੍ਹਕੇ ਤੋਂ ,,,

Spread the love

ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਭੋਲਾ ਸਿੰਘ ਵਿਰਕ ਦੇ ਰਵੱਈਏ ਤੋਂ ਖਫਾ ਹਨ ਇਲਾਕੇ ਦੇ ਲੋਕ

ਹਰਿੰਦਰ ਨਿੱਕਾ , ਬਰਨਾਲਾ 16 ਅਗਸਤ 2023
    ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਪ੍ਰਬੰਧਕ ਕਮੇਟੀ ਉੱਤੇ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਆਪਣੇ ਸਿਆਸੀ ਅਸਰ-ਰਸੂਖ ਨਾਲ ਕਾਬਿਜ਼  ਭੋਲਾ ਸਿੰਘ ਵਿਰਕ ਅਤੇ ਉਨ੍ਹਾਂ ਦੇ ਚਹੇਤੇ ਕੁੱਝ ਹੋਰ ਬਾਹਰਲੇ ਲੋਕਾਂ ਤੋਂ ਸੰਘੇੜਾ ਕਾਲਜ ਦਾ ਕਬਜਾ ਛਡਵਾਉਣ ਲਈ ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਦੇ ਲੋਕਾਂ ਅੰਦਰ ਭਾਰੀ ਰੋਸ ਫੈਲ ਗਿਆ ਹੈ।             ਸੰਘੇੜਾ ਪਿੰਡ ਦੇ ਹੀ ਵੱਡਾ ਗੁਰੂਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਲੋਕਾਂ ਵੱਲੋਂ ਸਰਬਸੰਮਤੀ ਨਾਲ ” ਕਾਲਜ ਬਚਾਓ ਐਕਸ਼ਨ ਕਮੇਟੀ ਸੰਘੇੜਾ ”  ਦਾ ਗਠਨ ਕੀਤਾ ਗਿਆ ਹੈ । ਐਕਸ਼ਨ ਕਮੇਟੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ 18-08-2023 ਤੋਂ ਕਾਲਜ ਦੇ ਮਾੜੇ ਪ੍ਰਬੰਧ ਖਿਲਾਫ ਕਾਲਜ ਦੇ ਸਾਹਮਣੇ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ, ਜਿਹੜਾ ਮਿੱਥੇ ਹੋਏ ਟੀਚਿਆਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ।           
   ਪਿੰਡ ਵਾਸੀਆਂ ਵੱਲੋਂ ਬਰਨਾਲਾ ਜਿਲ੍ਹਾ ਪ੍ਰਸ਼ਾਸ਼ਨ ਨੂੰ ਸੌਂਪੇ ਲਿਖਤੀ ਮੰਗ ਪੱਤਰ ਰਾਹੀਂ  ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸੰਘੇੜਾ ਕਾਲਜ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਕੇ ਤੁਰੰਤ ਪ੍ਰਭਾਵ ਹੇਠ ਕਾਲਜ਼ ਦਾ ਪ੍ਰਬੰਧ ਸੁਚਾਰੂ ਅਤੇ ਇਮਾਨਦਾਰ ਢੰਗ ਨਾਲ ਚਲਾਉਣ ਲਈ ਜਲਦ ਤੋਂ ਜਲਦ ਪ੍ਰਸ਼ਾਸ਼ਕ ਲਗਾਇਆ ਜਾਵੇ। 
     ਐਕਸ਼ਨ ਕਮੇਟੀ ਨੇ ਪ੍ਰਸ਼ਾਸ਼ਨ ਤੋਂ ਇਹ ਵੀ ਮੰਗ ਕੀਤੀ ਗਈ ਕਿ 
1) ਕਾਲਜ ਦਾ ਸਾਰਾ ਰਿਕਾਰਡ ਆਪਣੇ ਕਬਜੇ ਵਿਚ ਲੈ ਕੇ ਉਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ। 
2) ਕਾਲਜ ਦੀ ਪਿਛਲੇ 15 ਸਾਲ ਦੀ ਆਮਦਨ ਅਤੇ ਖਰਚ ਦਾ ਆਡਿਟ ਵੀ ਕਰਵਾਇਆ ਜਾਵੇ।
3) ਜਾਅਲੀ ਦਸਤਾਵੇਜ ਤਿਆਰ ਕਰਵਾਕੇ ਖੇਡ ਸਟੇਡੀਅਮ ਦੀ ਇਮਾਰਤ ਕੰਮਪਲੀਟ ਵਿਖਾਉਣ ਵਾਲੇ ਪ੍ਰਿੰਸੀਪਲ ਅਤੇ ਪ੍ਰਧਾਨ ਖਿਲਾਫ ਫੌਜਦਾਰੀ ਮੁਕੱਦਮਾ ਦਰਜ ਕੀਤਾ ਜਾਵੇ। 
   ਅੱਜ ਦੇ ਰੋਹ ਭਰਪੂਰ ਵਿਸ਼ਾਲ ਇਕੱਠ ਨੂੰ ਪਿੰਡ ਦੇ ਮੌਜੂਦਾ ਐਮ.ਸੀ, ਸਾਬਕਾ ਐਮ.ਸੀ. , ਕਿਸਾਨ ਜੱਥੇਬੰਦੀਆਂ ਉਗਰਾਹਾਂ ਅਤੇ ਡਕੌਂਦਾ ਦੇ ਆਗੂਆਂ ਅਤੇ ਪਿੰਡ ਦੇ ਹੋਰ ਮੋਹਤਬਰ ਵਿਅਕਤੀਆਂ ਨੇ ਵੀ ਸੰਬੋਧਨ ਕੀਤਾ। 

Spread the love
Scroll to Top