ਬਰਨਾਲਾ ‘ਚ ਸੱਤਾ ਦੀ ਸ਼ਹਿ ਨਾਲ ਹਰ ਦਿਨ ਲੱਗ ਰਿਹਾ ਕਰੋੜਾਂ ਰੁਪਏ ਦਾ ਸੱਟਾ!

Spread the love

ਜਿਲ੍ਹੇ ਅੰਦਰ ਹਰ ਦਿਨ ਹੋ ਰਿਹਾ ਇੱਕ ਕਰੋੜ ਤੋਂ ਜਿਆਦਾ ਰੁਪੱਈਆਂ ਦਾ ਲੈਣ-ਦੇਣ

ਪੁਲਿਸ ਨੇ ਅੱਖਾਂ ਮੀਚੀਆਂ,ਬਰਨਾਲਾ, ਭਦੌੜ ਅਤੇ ਤਪਾ ਸ਼ਹਿਰ ਬਣਿਆ ਦੜੇ-ਸੱਟੇ ਦਾ ਕੇਂਦਰ


ਹਰਿੰਦਰ ਨਿੱਕਾ , ਬਰਨਾਲਾ 12 ਨਵੰਬਰ 2022

    ਰਾਜਨੀਤੀ ‘ਚ ਬਦਲਾਅ ਲਿਆਉਣ ਦੇ ਨਾਂ ਤੇ ਲੋਕ ਲੁਭਾਉਣੀਆਂ ਗੱਲਾਂ ਕਰਕੇ ,ਸੂਬੇ ਦੀ ਸੱਤਾ ਤੇ ਕਾਬਿਜ ਹੋਈ ਆਮ ਆਦਮੀ ਪਾਰਟੀ ਦੇ ਕੁੱਝ ਵੱਡੇ ਤੇ ਛੋਟੇ ਲੀਡਰਾਂ ਨੇ ਵੀ ਦੋਵੇਂ ਹੱਥੀ ਮਾਇਆ ਇਕੱਠੀ ਕਰਨ ਲਈ ਜਿਲ੍ਹੇ ਅੰਦਰ ਰਵਾਇਤੀ ਪਾਰਟੀਆਂ ਵਾਲੇ ਪੁਰਾਣੇ ਢੰਗ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਜਿੰਨ੍ਹਾਂ ‘ਚੋਂ ਇੱਕ ਐ, ਸੱਟੇਬਾਜਾਂ ਨੂੰ ਦੜੇ-ਸੱਟੇ ਦਾ ਕੰਮ ਸ਼ਰੇਆਮ ਚਲਾਉਣ ਲਈ, ਹਰੀ ਝੰਡੀ ਦੇ ਦਿੱਤੀ ਹੈ। ਇਸ ਦਾ ਪੁਖਤਾ ਪ੍ਰਮਾਣ , ਬਰਨਾਲਾ, ਭਦੌੜ ਅਤੇ ਤਪਾ ਮੰਡੀ ਆਦਿ ਖੇਤਰਾਂ ਵਿੱਚ ਸੱਟੇ ਵਾਲਿਆਂ ਵੱਲੋਂ ਧੜੱਲੇ ਨਾਲ ਖੋਹਲੀਆਂ ਦੁਕਾਨਾਂ ਤੋਂ ਮਿਲ ਰਿਹਾ ਹੈ। ਇਸ ਨਾਲ, ਸੱਟੇਬਾਜਾਂ ਦੇ ਚਿਹਰਿਆਂ ਤੇ ਕਾਫੀ ਲੰਬੇ ਸਮੇਂ ਬਾਅਦ ਰੋਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇੱਥੇ ਹੀ ਬੱਸ ਨਹੀਂ, ਸੱਤਾਧਾਰੀਆਂ ਵੱਲੋਂ ਕਥਿਤ ਤੌਰ ਤੇ ਦੜੇ-ਸੱਟੇ ਦੇ ਗੈਰਕਾਨੂੰਨੀ ਕੰਮ ਲਈ, ਹਰੀ ਝੰਡੀ ਦਿੱਤੇ ਜਾਣ ਦੀਆਂ ਕਨਸੋਆਂ ਵੀ, ਸੱਟੇਬਾਜਾਂ ਨਾਲ ਹੋਈ ਗੱਲਬਾਤ ਤੋਂ ਖੁੱਲ੍ਹਕੇ ਬਾਹਰ ਆ ਰਹੀਆਂ ਹਨ। ਯਾਨੀ ਇਹ ਗੱਲ ਹੁਣ ਕੋਈ ਲੁਕੀ ਛਿਪੀ ਨਹੀਂ ਕਿ ਸੱਤਾ ਦੀ ਸ਼ਹਿ ਨਾਲ, ਸ਼ਹਿਰ ਅੰਦਰ ਸ਼ਰੇਆਮ ਦੜਾ-ਸੱਟਾ ਚੱਲ ਰਿਹਾ ਹੈ। ਬਰਨਾਲਾ ਸ਼ਹਿਰ ਦੇ ਅਨਾਜ ਮੰਡੀ ਰੋਡ, ਕਾਕੇ ਦੀਆਂ ਬੇਰੀਆਂ, 16 ਏਕੜ, ਬੱਸ ਸਟੈਂਡ ਦੇ ਨੇੜੇ ਤੇ ਸ਼ਹਿਰ ਦੇ ਹੋਰ ਅੰਦਰੂਨੀ ਤੇ ਬਾਹਰੀ ਖੇਤਰਾਂ ਵਿੱਚ ਕਰੀਬ 100 ਤੋਂ ਜਿਆਦਾ ਸੱਟੇਬਾਜ ਸਰਗਰਮ ਹੋ ਗਏ ਹਨ। ਇਸੇ ਤਰਾਂ ਭਦੌੜ ਸ਼ਹਿਰ ਅਤੇ ਤਪਾ ਮੰਡੀ ਦੇ ਵੱਖ ਵੱਖ ਹਿੱਸਿਆਂ ਵਿੱਚ ਵੀ ਸੱਟੇ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਸੂਬੇ ਦੀ ਸੱਤਾ ਵਿੱਚ ਆਏ ਬਦਲਾਅ ਤੋਂ ਬਾਅਦ ਮੂੰਹ ਲਟਕਾਈ ਫਿਰਦੇ ਦੜੇ- ਸੱਟੇ ਦੇ ਖਾਈਵਾਲ ਤੇ ਉੱਨਾਂ ਦੇ ਕਰਿੰਦੇ, ਹੁਣ ਸ਼ਰੇਆਮ ਕਹਿੰਦੇ ਸੁਣੇ ਜਾ ਰਹੇ ਹਨ ਕਿ ਆਪਾਂ ਨੂੰ ਹੁਣ ਕੋਈ ਡਰ-ਡੁੱਕਰ ਨਹੀਂ, ਉੱਪਰੋਂ ਹਰੀ ਝੰਡੀ ਮਿਲ ਗਈ ਹੈ। ਸੱਟੇਬਾਜਾਂ ਨਾਲ ਹੋਈ ਗੱਲਬਾਤ ਦੀਆਂ ਕਈ ਆਡੀਉ ਵੀ, ਬਰਨਾਲਾ ਟੂਡੇ ਦੀ ਟੀਮ ਦੇ ਹੱਥ ਲੱਗੀਆਂ ਹਨ।

ਪੁਲਿਸ ਅਧਿਕਾਰੀਆਂ ਨੂੰ ਵੀ ਲੱਗੀਆਂ ਮੌਜਾਂ,,

    ਪੁਲਿਸ ਦੇ ਆਲ੍ਹਾ ਸੂਤਰਾਂ ਅਨੁਸਾਰ, ਪੁਲਿਸ ਅਤੇ ਸੱਤਾ ਤੇ ਕਾਬਿਜ਼ ਧਿਰ ਦੀਆਂ ਨਿੱਤ ਦਿਨ ਦੀਆਂ ਬਹੁਤੀਆਂ ਵਗਾਰਾਂ ਸੱਟੇ ਵਾਲਿਆਂ ਤੋਂ ਹੀ ਪੂਰੀਆਂ ਹੁੰਦੀਆਂ ਹਨ। ਸੱਤਾ ਧਿਰ ਦੇ ਲੀਡਰਾਂ ਵੱਲੋਂ ਮਿਲੀ ਹਰੀ ਝੰਡੀ ਤੋਂ ਬਾਅਦ ਸੱਟੇਬਾਜਾਂ ਨਾਲ ਮਿਲੀਭੁਗਤ ਰੱਖਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਵੀ, ਪੰਜੇ ਉੱਗਲਾਂ ਘਿਉ ਵਿੱਚ ਨਜ਼ਰ ਆ ਰਹੀਆਂ ਹਨ। ਪਤਾ ਲੱਗਿਆ ਹੈ ਕਿ ਪਹਿਲੀਆਂ ਸਰਕਾਰਾਂ ਦੇ ਸਮੇਂ ਸੱਟੇਬਾਜਾਂ ਤੋਂ ਮਹੀਨਾ ਜਾਂ ਪੰਦਰਵਾੜਾ ਵਸੂਲਿਆ ਜਾਂਦਾ ਸੀ, ਪਰੰਤੂ ਹੁਣ ਆਮ ਆਦਮੀ ਪਾਰਟੀ ਦੇ ਕੁੱਝ ਆਗੂਆਂ ਨੇ ਡੇਲੀ ਯਾਨੀ ਦਿਨ ਦੇ ਦਿਨ ਵਸੂਲੀ ਸ਼ੁਰੂ ਕਰ ਦਿੱਤੀ ਹੈ। ਨਤੀਜੇ ਵਜੋਂ ਪੁਲਿਸ ਅਧਿਕਾਰੀਆਂ ਤੇ ਸੱਤਾਧਾਰੀ ਧਿਰ ਦੇ ਆਗੂਆਂ ਨੂੰ ਮੌਜਾਂ ਹੀ ਮੌਜਾਂ ਲੱਗੀਆਂ ਹੋਈਆਂ ਹਨ। ਇਸ ਦੀ ਪੁਸ਼ਟੀ ਇੱਕ ਪੁਲਿਸ ਅਧਿਕਾਰੀ ਨੇ ਖੁਦ ਵੀ ਦਬੀ ਜੁਬਾਨ ਵਿੱਚ ਕੀਤੀ ਹੈ, ਉਸ ਨੇ ਕਿਹਾ ਕਿ ਜਦੋਂ ਮੀਆਂ ਬੀਬੀ ਰਾਜੀ, ਫਿਰ ਕੀ ਕਰੂਗਾ,,,,,,। ਉਸ ਦੀ ਕਹਾਵਤ ਤੋਂ ਸਾਫ ਝਲਕਦਾ ਸੀ ਕਿ ਜਦੋਂ ਜਿਲ੍ਹੇ ਦੇ ਸੱਤਾਧਿਰ ਦੇ ਲੀਡਰਾਂ ਨੂੰ ਕੋਈ ਇਤਰਾਜ ਨਹੀਂ, ਫਿਰ ਆਪਣਾ ਕਿਹੜਾ ਢਿੱਡ ਦੁਖਦਾ, ਨਾਲੇ ਪੁੰਨ ਤੇ ਨਾਲੇ ਫਲੀਆਂ, ਪੁਲਿਸ ਦਾ ਕੰਮ ਵੀ ਚੱਲ ਪਿਆ ਹੈ।  ਵਰਨਣਯੋਗ ਹੈ ਕਿ ਦੜੇ-ਸੱਟੇ ਨੂੰ ਹਰੀ ਝੰਡੀ, ਪਹਿਲਾਂ ਭਦੌੜ ਵਿਧਾਨ ਸਭਾ ਹਲਕੇ ਦੇ ਭਦੌੜ ਅਤੇ ਤਪਾ ਮੰਡੀ ਇਲਾਕੇ ਵਿੱਚ ਮਿਲੀ ਤੇ ਫਿਰ, ਜਦੋਂ ਤਾਏ ਦੀ ਧੀ ਚੱਲੀ ਤੇ ਫਿਰ ਮੈਂ ਕਿਉਂ ਰਵ੍ਹਾਂ ਕੱਲੀ ਵਾਲੀ ਕਹਾਵਤ ਤੇ ਬਰਨਾਲਾ ਹਲਕੇ ਅੰਦਰ ਅਮਲ ਹੋਣਾ ਸ਼ੁਰੂ ਹੋ ਗਿਆ।

ਕਿਹੜੇ ਲੀਡਰਾਂ ਨੂੰ ਸੱਟੇ ਨੂੰ ਕਿਹਾ OK   

    ਜਿਲ੍ਹੇ ਅੰਦਰ, ਆਮ ਆਦਮੀ ਪਾਰਟੀ ਦੇ ਕਿਹੜੇ ਵੱਡੇ ਲੀਡਰ ਨੇ ਸੱਟਬਾਜਾਂ ਨੂੰ ਥਾਪੀ ਦਿੱਤੀ ਹੈ, ਫਿਲਹਾਲ ਅਜਿਹਾ ਕੋਈ ਨਾਂ ਖੁੱਲ੍ਹਕੇ ਸਾਹਮਣੇ ਨਹੀਂ ਆਇਆ। ਪਰੰਤੂ ਧੜੱਲੇ ਨਾਲ ਇੱਕਦਮ ਸ਼ੁਰੂ ਹੋਏ ਸੱਟੇ ਨੇ ਇਸ ਗੱਲ ਤੇ ਮੁਹਰ ਤਾਂ ਲਾ ਦਿੱਤੀ ਹੈ ਕਿ ਕਰੀਬ 6/7 ਮਹੀਨਿਆਂ ਤੋਂ ਲੁਕ ਛਿਪ ਚੱਲ ਰਿਹਾ ਦੜਾ-ਸੱਟਾ ਕਿਸੇ ਵੱਡੇ ਲੀਡਰ ਦੀ ਹਾਮੀ ਭਰੇ ਬਿਨਾਂ ਚੱਲਣਾ ਸੰਭਵ ਨਹੀਂ ਹੈ। ਜੇਕਰ ਕਿਸੇ ਵੱਡੇ ਲੀਡਰ ਦੀ ਹਾਂ ਵਿੱਚ ਹਾਂ ਨਾ ਮਿਲੀ ਹੁੰਦੀ ਤਾਂ, ਦੜੇ-ਸੱਟੇ ਵਾਲਿਆਂ ਦੇ ਹੌਂਸਲੇ ਇੱਨ੍ਹੇ ਬੁਲੰਦ ਨਹੀਂ ਹੋ ਸਕਦੇ ਸਨ। ਇਸ ਦਾ ਅੰਦਾਜਾ ਉਦੋਂ ਲੱਗਦਾ ਹੈ, ਜਦੋਂ ਖਾਕੀ ਵਰਦੀ ਦਾ ਪਰਛਾਂਵਾਂ ਵੇਖ ਕੇ, ਦੁਕਾਨਾਂ ਦੇ ਸ਼ਟਰ ਸੁੱਟ ਕੇ ਭੱਜਣ ਵਾਲੇ, ਛੋਟੇ ਪੁਲਿਸ ਵਾਲਿਆਂ ਨਾਲ ਮੁਸ਼ਕਰੀਆਂ ਹੱਸਦੇ ਨਾ ਦਿਖਦੇ। ਸੱਟੇਬਾਜਾਂ ਨਾਲ ਗੱਲਬਾਤ ਤੋਂ ਪ੍ਰਾਪਤ ਅੰਕੜਿਆਂ ਵੱਲ ਪੈਨੀ ਨਜ਼ਰ ਘੁੰਮਾਉਣ ਤੇ ਪਤਾ ਲੱਗਿਆ ਹੈ ਕਿ ਜਿਲ੍ਹੇ ਦੇ ਬਰਨਾਲਾ, ਭਦੌੜ ਅਤੇ ਤਪਾ ਸ਼ਹਿਰਾਂ ਅੰਦਰ ਹੀ ਲੱਗਭੱਗ ਕਈ ਕਈ ਲੱਖ ਰੁਪਏ ਦਾ ਲੈਣ ਦੇਣ, ਇੱਕ ਇੱਕ ਖਾਈਵਾਲ ਕਰਦਾ ਹੈ। ਕੁੱਲ ਮਿਲਾ ਕੇ ਜਿਲ੍ਹੇ ਅੰਦਰ ਇੱਕ ਕਰੋੜ ਰੁਪਏ ਤੋਂ ਜਿਆਦਾ ਦਾ ਲੈਣ ਦੇਣ, ਹਰ ਦਿਨ ਹੁੰਦਾ ਹੈ। ਜਿਸ ‘ਚੋਂ ਲੱਖਾਂ ਰੁਪਏ ਹਰ ਦਿਨ ਸੱਤਾ ਧਿਰ ਦੇ ਆਗੂਆਂ ਤੇ ਪੁਲਿਸ ਦੇ ਵੱਡੇ-ਛੋਟੇ ਅਧਿਕਾਰੀਆਂ ਦੀਆਂ ਜੇਬਾਂ ਤੱਕ ਪਹੁੰਚਦੇ ਹਨ। ਰੋਜਾਨਾ ਦੀ ਵਗਾਰ ਬਾਰੇ ਪੁੱਛਣ ਤੇ ਇੱਕ ਖਾਈਵਾਲ ਨੇ ਹੱਸਦਿਆਂ ਕਿਹਾ, ਬਾਈ ਜੀ, ਹੁਣ ਤਾਂ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚੇ ਰੰਬਾ ਰੱਖ ਵਾਲੀ ਗੱਲ ਹੋਈ ਪਈ ਐ, ਜੇ ਲੱਖਾਂ ਦੀਆਂ ਵਗਾਰਾਂ ਦੇ ਕੇ, ਕਰੋੜਾਂ ਦੀ ਕਮਾਈ ਹੁੰਦੀ ਹੋਵੇ ਤਾਂ ਸੌਦਾ ਕੋਈ ਮਹਿੰਗਾ ਨਹੀਂ ਹੈ।


Spread the love
Scroll to Top