ਬਰਨਾਲਾ & ਬਠਿੰਡਾ ‘ਚ N I A ਟੀਮ ਦੀ ਵੱਡੀ ਕਾਰਵਾਈ, ਗੈਂਗਸਟਰ ਅਰਸ਼ ਡੱਲਾ ਦੀ ਨੱਪੀ ਪੈੜ

Spread the love

ਬਠਿੰਡਾ ਦੇ ਇੱਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ, ਪੁੱਛਗਿੱਛ ਜ਼ਾਰੀ 

ਅਸ਼ੋਕ ਵਰਮਾ / ਹਰਿੰਦਰ ਨਿੱਕਾ, ਬਠਿੰਡਾ/ਬਰਨਾਲਾ 17 ਮਈ 2023
    ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ National Investigation Agency (NIA) ਦੀ ਟੀਮ ਨੇ ਅੱਜ ਤੜਕਸਾਰ ਬਠਿੰਡਾ ਅਤੇ ਬਰਨਾਲਾ ਜਿਲ੍ਹਿਆਂ ਦੀ ਛਾਪਾਮੇਰੀ ਕੀਤੀ ਹੈ। ਐੱਨ ਆਈ ਏ ਦੀ ਟੀਮ ਨੇ ਬਠਿੰਡਾ ਦੀ ਚੰਦਰ ਬਸਤੀ ਅਤੇ ਬਰਨਾਲਾ ਜਿਲ੍ਹੇ ਦੇ ਪਿੰਡ ਢਿੱਲਵਾਂ ਵਿਖੇ ਭਾਰੀ ਗਿਣਤੀ ਵਿੱਚ ਪੁਲਿਸ ਬਲਾਂ ਨਾਲ ਛਾਪਾ ਮਾਰਿਆ । ਐੱਨ ਆਈ ਏ ਨੇ ਚੰਦਰ ਬਸਤੀ ਦੇ ਰਹਿਣ ਵਾਲੇ ਖੋਖਰ ਨਾਮਕ ਨੌਜਵਾਨ ਨੂੰ ਹਿਰਾਸਤ ‘ਚ ਲਿਆ ਹੈ। ਹਿਰਾਸਤ ਵਿਚ ਲੈਣ ਪਿੱਛੋਂ ਅਧਿਕਾਰੀ ਖੋਖਰ ਨੂੰ ਥਾਣਾ ਸਿਵਲ ਲਾਈਨ ਲੈ ਗਏ ਹਨ, ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਸੂਤਰ ਦੱਸਦੇ ਹਨ ਕਿ ਇਸ ਨੌਜਵਾਨ ਦੇ ਸਬੰਧ ਗੈਂਗਸਟਰਾਂ ਨਾਲ ਹਨ । ਜਿਸ ਕਰਕੇ ਉਸ ਖਿਲਾਫ ਅੱਜ ਐੱਨ ਆਈ ਏ ਨੇ ਕਾਰਵਾਈ ਕੀਤੀ ਹੈ।
    ਪਤਾ ਲੱਗਿਆ ਹੈ ਕਿ ਮੁੱਢਲੀ ਪੜਤਾਲ ਤੋਂ ਬਾਅਦ ਖੋਖਰ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਛਾਪਾਮਾਰ ਟੀਮਾਂ ਇਸ ਮਾਮਲੇ ਤੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਖੋਖਰ ਇੱਕ ਅਪਰਾਧਿਕ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਸੀ। ਇਹ ਨੌਜਵਾਨ  ਕੁੱਝ ਸਮਾਂ ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਆਇਆ ਸੀ। ਸੂਤਰਾਂ ਨੇ ਦੱਸਿਆ ਹੈ ਕਿ ਖੋਖਰ ਦੀ ਨੇੜਤਾ ਗੈਂਗਸਟਰ ਅਰਸ਼ ਡੱਲਾ ਨਾਲ  ਹੈ । ਦੱਸਿਆ ਜਾਂਦਾ ਹੈ ਕਿ  ਜਗਰਾਉਂ ਕਤਲ ਕਾਂਡ ਵਿੱਚ ਖੋਖਰ ਨੇ ਮੁਲਜ਼ਮਾਂ ਨੂੰ ਕਾਰਤੂਸ ਵਗੈਰਾ ਮੁਹੱਈਆ ਕਰਵਾਏ ਸਨ। ਉੱਧਰ ਬਰਨਾਲਾ ਜਿਲ੍ਹੇ ਦੇ ਢਿੱਲਵਾਂ ਪਿੰਡ ਦੀ ਲਸ਼ਕਰੀ ਪੱਤੀ ਦੇ ਰਹਿਣ ਵਾਲੇ ਨੰਬਰਦਾਰਾਂ ਦੇ ਪਰਿਵਾਰ ਦੇ ਘਰ ਛਾਪਾ ਮਾਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਢਿੱਲਵਾਂ ਦੇ ਵੱਡੇ ਸਰਦਾਰਾਂ ਦੇ ਇਸ ਪਰਿਵਾਰ ਦੇ ਵਿਦੇਸ਼ ਰਹਿੰਦੇ ਇੱਕ ਜੀਅ ਦੇ ਫੋਨ ਦੀ ਗੈਂਗਸਟਰ ਅਰਸ਼ ਡੱਲਾ ਵੱਲੋਂ ਵਰਤੋਂ ਕੀਤੇ ਜਾਣ ਦੀ ਭਿਣਕ ਐੱਨ ਆਈ ਏ ਦੀ ਟੀਮ ਨੂੰ ਪਈ ਹੈ। ਛਾਪਾਮਾਰੀ ਕਰਨ ਪਹੁੰਚੀ ਟੀਮ ਕਿਸੇ ਨੂੰ ਕੁੱਝ ਵੀ ਦੱਸਣ ਤੋਂ ਕੰਨੀ ਖਿਸਕਾ ਰਹੀ ਹੈ।                                   ਦੋਵਾਂ ਜਗ੍ਹਾ ਤੇ ਅਰਸ਼ ਡੱਲਾ ਦੇ ਸੰਪਰਕ ਵਾਲਿਆਂ ਦੇ ਠਿਕਾਣਿਆਂ ਤੇ ਅਚਾਣਕ ਹੋਈ ਛਾਪਾਮਰੀ ਨੇ ਇੱਕ ਵਾਰ ਕਾਫੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਰ ਕਿਸੇ ਦੀਆਂ ਨਜਰਾਂ ਵਧੇਰੇ ਜਾਣਕਾਰੀ ਲੈਣ ਤੇ ਟਿਕੀਆਂ ਹੋਈਆਂ ਹਨ। ਢਿੱਲਵਾਂ ਪਿੰਡ ‘ਚ ਨੰਬਰਦਾਰਾਂ ਦੇ ਘਰ ਐੱਨ ਆਈ ਏ ਟੀਮ ਵੱਲੋਂ ਕੀਤੀ ਤਲਾਸ਼ੀ ਦੀ ਪੁਸ਼ਟੀ ਡੀਐਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਨੇ ਵੀ ਕੀਤੀ ਹੈ। ਉਨਾਂ ਕਿਹਾ ਕਿ ਐੱਨ ਆਈ ਏ ਦੀ ਟੀਮ ਨੇ ਤਪਾ ਪੁਲਿਸ ਨੂੰ ਸੂਚਿਤ ਕੀਤਾ ਸੀ ਅਤੇ ਐਸ.ਐਚ.ੳ. ਤਪਾ ਕਰਨ ਸ਼ਰਮਾ ਪੀਪੀਐਸ ਵੀ ਮੌਕੇ ਤੇ ਪਹੁੰਚਿਆ ਸੀ। ਉਨਾਂ ਕਿਹਾ ਕਿ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। 

Spread the love
Scroll to Top