ਭਰੇ ਮਨ ਨਾਲ ,ਜੇਲ੍ਹ ਬੰਦੀ ਦੀ ਪਤਨੀ ਨੇ ਕਿਹਾ, ਜੇ ਮੇਰੇ ਪਤੀ ਨੂੰ ਕੁੱਝ ਹੋਗਿਆ ਤਾਂ ,,,  

Spread the love

ਅਦਾਲਤੀ ਹੁਕਮਾਂ ਤੇ ਵੀ ਨਹੀਂ ਹੋ ਰਿਹਾ ਜੇਲ੍ਹ ਬੰਦੀ ਦਾ ਇਲਾਜ਼

6 ਦਿਨ ਪਹਿਲਾਂ ਇਲਾਜ ਲਈ ਅਦਾਲਤ ‘ਚ ਲਾਈ ਗੁਹਾਰ, ਨਤੀਜਾ ਜੀਰੋ


ਹਰਿੰਦਰ ਨਿੱਕਾ , ਬਰਨਾਲਾ 3 ਸਤੰਬਰ 2022

    ਬੇਸ਼ੱਕ ਸੂਬੇ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਜੇਲ੍ਹਾਂ ਨੂੰ ਅਸਲ ਮਾਅਣਿਆਂ ‘ਸੁਧਾਰ ਘਰ ਬਣਾਉਣ ਲਈ ਜੀ ਤੋੜ ਕੋਸ਼ਿਸ਼ਾਂ ਕਰ ਰਹੇ ਹਨ। ਪਰੰਤੂ ਜਿਲ੍ਹਾ ਜੇਲ੍ਹ ਬਰਨਾਲਾ ਅੰਦਰ ਇੱਕ ਜੇਲ੍ਹ ਬੰਦੀ ਨੂੰ ਇਲਾਜ ਤੇ ਚੈਕਅੱਪ ਲਈ ਵੀ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪੈ ਗਿਆ। ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲੀ ਗੱਲ ਵੇਖੋ, ਅਦਾਲਤੀ ਹੁਕਮਾਂ ਦੇ 6 ਦਿਨ ਬਾਅਦ ਵੀ, ਪ੍ਰਸ਼ਾਸ਼ਨ ਜੇਲ੍ਹ ਬੰਦੀ ਦਾ ਹਸਪਤਾਲ ‘ਚੋਂ ਇਲਾਜ ਕਰਵਾਉਣ ਲਈ ਤਿਆਰ ਨਹੀਂ ਹੈ। ਆਪਣੀ ਪਤੀ ਨੂੰ ਜੇਲ੍ਹ ‘ਚ ਬੀਮਾਰੀ ਤੇ ਇਲਾਜ਼ ਖੁਣੋਂ ਤੜਪਦਾ ਸੁਣ ਕੇ ਜੇਲ੍ਹ ਬੰਦੀ ਦੀ ਪਤਨੀ ਸਾਰੂ ਗੋਇਲ ਨੇ ਕਿਹਾ ਹੈ ਕਿ ਜੇਕਰ, ਉਸ ਦੇ ਪਤੀ ਨੂੰ ਕੁੱਝ ਹੋ ਗਿਆ ਤਾਂ ਇਸ ਲਈ ਪ੍ਰਸ਼ਾਸ਼ਨ ਹੀ ਪੂਰੀ ਤਰਾਂ ਜੁੰਮੇਵਾਰ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਬੰਦੀ ਨਵਦੀਪ ਗੋਇਲ ਉਰਫ ਟੀਟੂ ਜੂਨ 2022 ਤੋਂ ਜੇਲ੍ਹ ਬੰਦ ਹੈ, ਜਿਹੜਾ ਸ਼ੂਗਰ, ਹਾਈਪ੍ਰੋਟੈਂਸ਼ਨ, ਡਿਪਰੈਸ਼ਨ ਅਤੇ ਡਿਸਕ ਜਿਹੀਆਂ ਬੀਮਾਰੀਆਂ ਨਾਲ ਜੂਝ ਰਿਹਾ ਹੈ। 26 ਅਗਸਤ ਦੀ ਰਾਤ ਨੂੰ ਉਹ ਬੇਹੋਸ਼ ਹੋ ਕੇ ਬਾਥਰੂਮ ਵਿੱਚ ਡਿੱਗ ਪਿਆ ਤੇ ਉਸ ਨੂੰ ਕਾਫੀ ਦੇਰ ਬਾਅਦ ਪਤਾ ਲੱਗਣ ਤੇ ਹੋਰ ਜੇਲ੍ਹ ਬੰਦੀਆਂ ਨੇ ਸੰਭਾਲਿਆ। ਪਰੰਤੂ ਜੇਲ੍ਹ ਪ੍ਰਸ਼ਾਸ਼ਨ ਨੇ ਕਹਿਣ ਦੇ ਬਾਵਜੂਦ , ਉਸ ਦਾ ਮੈਡੀਕਲ ਚੈਕਅੱਪ ਅਤੇ ਇਲਾਜ ਕਰਵਾਉਣ ਦੀ ਲੋੜ ਮਹਿਸੂਸ ਨਹੀਂ ਕੀਤੀ। ਤੇ ਟੀਟੂ ਬਿਨਾਂ ਦਵਾਈ ਤੋਂ ਹੀ ਬੀਮਾਰੀ ਨਾਲ ਜੂਝਦਾ ਰਿਹਾ। ਆਖਿਰ, ਪਰਿਵਾਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਪ੍ਰਸਿੱਧ ਫੌਜਦਾਰੀ ਵਕੀਲ ਰਾਹੁਲ ਗੁਪਤਾ ਦੇ ਜਰੀਏ , ਜੇਲ੍ਹ ਬੰਦੀ ਨਵਦੀਪ ਗੋਇਲ ਦੇ ਇਲਾਜ਼ ਤੇ ਮੈਡੀਕਲ ਚੈਕਅੱਪ ਕਰਵਾਉਣ ਲਈ, ਮਾਨਯੋਗ ਸਪੈਸ਼ਨ ਜੱਜ ਦਵਿੰਦਰ ਗੁਪਤਾ ਦੀ ਅਦਾਲਤ ਵਿੱਚ 29 ਅਗਸਤ ਨੂੰ ਪੂਰੇ ਹਾਲਤ ਤੇ ਘਟਨਾਕ੍ਰਮ ਨੂੰ ਬਿਆਨ ਕਰਦੀ ਦੁਰਖਾਸਤ ਦੇ ਦਿੱਤੀ। ਮਾਨਯੋਗ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਜੇਲ੍ਹ ਪ੍ਰਸ਼ਾਸ਼ਨ ਨੂੰ ਬੰਦੀ ਦਾ ਮੈਡੀਕਲ ਚੈਕਅੱਪ ਤੇ ਇਲਾਜ ਕਰਵਾਉਣ ਦੀ ਹਦਾਇਤ ਕੀਤੀ। ਅਦਾਲਤ ਨੇ ਜੇਲ੍ਹ ਪ੍ਰਸ਼ਾਸ਼ਨ ਤੋਂ 6 ਸਤੰਬਰ ਨੂੰ ਦੁਰਖਾਸਤ ਦੇ ਸਬੰਧ ਵਿੱਚ ਰਿਪੋਰਟ ਵੀ ਭੇਜਣ ਲਈ ਕਿਹਾ ਹੈ। ਜੇਲ੍ਹ ਬੰਦੀ ਦੀ ਪਤਨੀ ਸਾਰੂ ਗੋਇਲ ਨੇ ਦੱਸਿਆ ਕਿ ਅਦਾਲਤੀ ਹੁਕਮ ਤੋਂ ਤਿੰਨ ਦਿਨ ਬਾਅਦ 1 ਸਤੰਬਰ ਨੂੰ ਉਸ ਦੇ ਪਤੀ ਨਵਦੀਪ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ। ਜਿੱਥੇ ਮੇਰੇ ਸਮੇਤ ਪਰਿਵਾਰ ਦੇ ਮੈਂਬਰ ਵੀ ਪਹੁੰਚ ਗਏ।

ਪੁਲਿਸ ਗਾਰਦ ਨੇ ਨਹੀਂ ਸੁਣੀ ਡਾਕਟਰ ਦੀ ਵੀ ਸਲਾਹ,,

ਸਾਰੂ ਗੋਇਲ ਨੇ ਕਿਹਾ ਕਿ ਪੁਲਿਸ ਗਾਰਦ ਵਾਲੇ, ਜਦੋਂ ਨਵਦੀਪ ਗੋਇਲ ਨੂੰ ਚੈਕਅੱਪ ਲਈ ਡਾਕਟਰ ਕਰਨ ਪ੍ਰਤਾਪ ਸਿੰਘ ਕੋਲ ਲੈ ਕੇ ਪਹੁੰਚੇ ਤਾਂ ਉਨਾਂ ਬਲੱਡ ਪ੍ਰੈਸ਼ਰ ਚੈਕ ਕੀਤਾ ਤਾਂ 75/ 60 ਹੀ ਆਇਆ। ਉਨ੍ਹਾਂ ਨਵਦੀਪ ਗੋਇਲ  ਦੇ ਗੁਲੂਕੋਜ ਲਾਉਣ ਅਤੇ ਮਨੋਰੋਗਾਂ ਦੇ ਮਾਹਿਰ ਡਾਕਟਰ ਕੋਲ ਲੈ ਕੇ ਜਾਣ ਲਈ ਸਲਾਹ ਦਿੱਤੀ। ਪਰੰਤੂ ਪੁਲਿਸ ਗਾਰਦ ਵਾਲੇ ਇੱਕ ਏ.ਐਸ.ਆਈ. ਨੇ ਨਾ ਗੁਲੂਕੋਜ ਲੁਆਇਆ ਤੇ ਨਾ ਹੀ ਮਨੋਰੋਗ ਮਾਹਿਰ ਡਾਕਟਰ ਨੂੰ ਦਿਖਾਇਆ। ਉਲਟਾ ਗਾਰਦ ਵਾਲੇ ਏ.ਐਸ.ਆਈ. ਨੇ ਮੈਨੂੰ ਵੀ ਕਾਫੀ ਅਸੱਭਿਅਕ ਸ਼ਬਦ ਬੋਲੇ ਤੇ ਸਾਰਿਆਂ ਸਾਹਮਣੇ , ਨਾ ਸੁਣੀ ਤੇ ਦੱਸੀ ਜਾਣ ਵਾਲੀ ਗੱਲ ਬੋਲੀ। ਜਿਸ ਨੂੰ ਸੁਣ ਕੇ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ,ਤੇ ਗਾਰਦ ਵਾਲੇ ਉਸੇ ਤਰਾਂ ਹੀ ਨਵਦੀਪ ਨੂੰ ਬਿਨਾਂ ਇਲਾਜ ਕਰਵਾਏ, ਉੱਥੋਂ ਜੇਲ੍ਹ ਵਿੱਚ ਲੈ ਗਏ। ਨਵਦੀਪ ਨੁੰ ਜੇਲ੍ਹ ਵਿੱਚ ਵੀ, ਗੁਲੂਕੋਜ ਨਹੀਂ ਲੁਆਇਆ ਗਿਆ, ਨਾ ਪਰੋਪਰ ਇਲਾਜ਼ ਹੋ ਰਿਹਾ ਹੈ। ਉਨਾਂ ਕਿਹਾ ਕਿ ਜੇਲ੍ਹ ਵਿੱਚੋਂ ਕਿਹਾ ਜਾ ਰਿਹਾ ਹੈ, ਜੇਲ੍ਹ ਅੰਦਰ ਗੁਲੂਕੋਜ਼ ਦੀ ਸਿਰਫ ਇੱਕ ਬੋਤਲ ਹੈ, ਉਹ ਵੀ ਮਰਨ ਨੇੜੇ ਪਹੁੰਚੇ ਜੇਲ੍ਹ ਬੰਦੀ ਨੂੰ ਹੀ ਐਮਰਜੈਂਸੀ ਲਗਾਈ ਜਾ ਸਕਦੀ ਹੈ। ਸਾਰੂ ਗੋਇਲ ਨੇ ਭਰੇ ਮਨ ਨਾਲ ਕਿਹਾ, ਬੀਮਾਰੀ ਤੋਂ ਪੀੜਤ ਤੇ ਇਲਾਜ਼ ਨੂੰ ਤਰਸਦੇ ਮੇਰੇ ਪਤੀ ਨੇ ਅੱਕ ਕੇ ਕਿਹਾ, ਮੈਨੂੰ ਕਿਤੋਂ ਸਲਫਾਸ ਦੀਆਂ ਗੋਲੀਆਂ ਮਿਲ ਜਾਣ ਤਾਂ ਮੈਂ, ਆਤਮ ਹੱਤਿਆ ਹੀ ਕਰ ਲਵਾ। ਸਾਰੂ ਨੇ ਕਿਹਾ ਕਿ ਜੇਕਰ ਮੇਰੇ ਪਤੀ ਨੂੰ ਕੁੱਝ ਹੋਗਿਆ ਤਾਂ ਹਿਸ ਦੀ ਪੂਰੀ ਜੁੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ। ਉੱਧਰ ਡਿਪਟੀ ਸੁਪਰਡੈਂਟ ਜੇਲ੍ਹ ਸ੍ਰੀ ਪੁਨੀਤ ਗਰਗ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਉਨ੍ਹਾਂ ਘੰਟੀ ਜਾਣ ਤੇ ਵੀ ਫੋਨ ਅਟੈਂਡ ਨਹੀਂ ਕੀਤਾ। 


Spread the love
Scroll to Top