ਭਾਜਪਾ ਆਗੂਆਂ ਨੇ ਖਿੱਚੀ ਬਠਿੰਡਾ ਹਵਾਈ ਅੱਡੇ  ਰਾਹੀਂ ਸਿਆਸੀ ਉਡਾਣਾਂ ਦੀ ਤਿਆਰੀ

Spread the love

ਅਸ਼ੋਕ ਵਰਮਾ ,ਬਠਿੰਡਾ 10 ਮਈ 2023
     ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਨੇ ਬਠਿੰਡਾ ਦੇ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਾਉਣ ਲਈ ਪ੍ਰਧਾਨ ਮੰਤਰੀ ਅਤੇ ਕੇਂਦਰੀ ਹਵਾਬਾਜ਼ੀ ਮੰਤਰੀ ਤੱਕ ਪਹੁੰਚ ਕਰਨ ਦੀ ਗੱਲ ਆਖੀ ਹੈ। ਮੁਲਕ ਵਿਚ ਆਏ ਕਰੋਨਾ ਸੰਕਟ ਤੋਂ ਬਾਅਦ ਬਠਿੰਡਾ ਹਵਾਈ ਅੱਡਾ ਬੰਦ ਪਿਆ ਹੈ। ਇਹ ਹਵਾਈ ਅੱਡਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਰਾਜ ਵਿੱਚ ਬਣਿਆ ਸੀ। ਬਾਦਲ ਪਰਿਵਾਰ ਖਾਸ ਤੌਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਡਰੀਮ ਪ੍ਰਾਜੈਕਟ ਸੀ ਜਿਸ ਨੂੰ ਇਕ ਵਾਰ ਬੰਦ ਹੋਣ ਤੋਂ ਬਾਅਦ ਮੁੜ ਖੰਭ ਨਹੀਂ ਲੱਗ ਸਕੇ ਹਨ।
           ਸਾਲ 2017 ਵਿੱਚ ਅਕਾਲੀ ਦਲ ਦੀ ਸਰਕਾਰ ਚਲੇ ਜਾਣ ਤੋਂ ਬਾਅਦ ਕਾਂਗਰਸ ਦੇ ਰਾਜ ਵਿੱਚ ਲਗਾਤਾਰ ਪੰਜ ਸਾਲ  ਬਠਿੰਡਾ ਹਵਾਈ ਅੱਡੇ ਦੀ ਕਦੇ ਗੱਲ ਵੀ ਨਹੀਂ ਤੁਰੀ ਹੈ। ਕੇਂਦਰ ਵਿੱਚ ਭਾਜਪਾ ਸਰਕਾਰ ਅਤੇ ਅਕਾਲੀ ਦਲ ਨਾਲ ਗਠਜੋੜ ਟੁੱਟਣ ਤੋਂ ਬਾਅਦ ਬੀਜੇਪੀ ਆਗੂ ਹਵਾਈ ਅੱਡੇ ਰਾਹੀਂ ਬਾਦਲਾਂ ਦੇ ਹਲਕੇ ਵਿੱਚ ਸਿਆਸੀ ਨਿਸ਼ਾਨਾ ਲਾਉਣ ਦੇ ਰੌਂਅ ਵਿੱਚ ਦਿਖਾਈ ਦੇ ਰਹੇ ਹਨ। ਜੇਕਰ ਬਠਿੰਡਾ ਹਵਾਈ ਅੱਡਾ ਚੱਲਦਾ ਹੈ ਤਾਂ ਬੀਜੇਪੀ ਨੂੰ ਸਿਆਸੀ ਫਾਇਦਾ ਮਿਲ ਸਕਦਾ ਹੈ ਜਿਸ ਕਰਕੇ ਅੱਜ ਆਗੂਆਂ ਨੇ ਬਠਿੰਡਾ ਹਵਾਈ ਅੱਡਾ ਚਲਾਉਣ ਦੀ ਗੱਲ ਤੋਰੀ।  ਭਾਜਪਾ ਆਗੂਆਂ ਨੇ ਮੁਹਾਲੀ ਏਅਰਪੋਰਟ ਤੋਂ ਕੈਨੇਡਾ ਲਈ ਉਡਾਣਾਂ ਦਾ ਮੁੱਦਾ ਵੀ ਚੁੱਕਿਆ।
       ਅੱਜ ਬਠਿੰਡਾ ਵਿੱਚ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ,ਪੰਜਾਬ ਮੀਡੀਆ ਇੰਚਾਰਜ ਸੁਨੀਲ ਸਿੰਗਲਾ ਅਤੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਪ੍ਰੈਸ ਕਾਨਫਰੰਸ ਕਰਕੇ ਹਵਾਈ ਅੱਡੇ ਨਾਲ ਜੁੜੇ ਮੁੱਦੇ ਚੁੱਕੇ ਅਤੇ ਪੰਜਾਬ ਸਰਕਾਰ ਖਿਲਾਫ ਸਿਆਸੀ ਨਿਸ਼ਾਨੇ ਲਾਏ । ਭਾਜਪਾ ਆਗੂਆਂ ਨੇ ਕਿਹਾ ਕਿ ਜਦੋਂ ਬਠਿੰਡਾ ਹਵਾਈ ਅੱਡੇ ਤੇ ਸਮੁੱਚਾ ਪ੍ਰਬੰਧ ਮੌਜੂਦ ਹੈ ਅਤੇ ਪਹਿਲਾਂ ਵੀ ਸਫਲਤਾਪੂਰਵਕ ਹਵਾਈ ਉਡਾਨਾਂ ਚੱਲਦੀਆਂ ਰਹੀਆਂ ਹਨ ਇਸ ਲਈ ਸਰਕਾਰ ਨੂੰ ਤੁਰੰਤ ਇਹ ਹਵਾਈ ਅੱਡਾ  ਚਲਾਉਣ ਦੇ ਨਾਲ ਨਾਲ ਸਾਰੇ ਰੂਟ ਬਹਾਲ ਕਰਨੇ ਚਾਹੀਦੇ ਹਨ।  
        ਉਨ੍ਹਾਂ  ਕੇਂਦਰ ਦੀ ਭਾਜਪਾ ਸਰਕਾਰ ਤੋਂ ਮੰਗ ਕੀਤੀ ਕਿ ਮੋਹਾਲੀ ਤੋਂ ਟੋਰਾਂਟੋ ਸਮੇਤ ਕੈਨੇਡਾ ਲਈ ਵੀ ਜਹਾਜ਼ ਉਡਾਏ ਜਾਣ ਤਾਂ ਜੋ ਮਾਲਵਾ ਖੇਤਰ ਦੇ ਨੌਜਵਾਨਾਂ ਨੂੰ ਫਾਇਦਾ ਮਿਲ ਸਕੇ। ਨਕਈ ਨੇ ਕਿਹਾ ਕਿ ਬਠਿੰਡਾ ਦਾ ਹਵਾਈ ਅੱਡਾ ਮਾਲਵੇ ਦੀ ਤਰੱਕੀ ਵਿੱਚ ਅਹਿਮ ਰੋਲ ਨਿਭਾਏਗਾ ਜਿਸ ਲਈ ਉਹਨਾਂ ਭਾਜਪਾ ਲੀਡਰਸ਼ਿਪ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਕੇਂਦਰ ਸਰਕਾਰ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। 
           ਉਨ੍ਹਾਂ ਦਾਅਵਾ ਕੀਤਾ  ਕਿ ਜਲੰਧਰ ਲੋਕ ਸਭਾ ਦੀ ਉਪ ਚੋਣ ਵਿੱਚ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਭਾਰੀ ਬਹੁਮਤ ਨਾਲ ਜਿੱਤਣਗੇ।ਉਨ੍ਹਾਂ ਕਿਹਾ ਕਿ  2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ  ਤੀਸਰੀ ਵਾਰ ਸਰਕਾਰ ਬਣੇਗੀ ਕਿਉਂਕਿ ਦੇਸ਼  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਸੰਤੁਸ਼ਟ ਹੈ। ਇਕ ਸਵਾਲ ਦੇ ਜਵਾਬ ਵਿੱਚ ਨਕਈ 
 ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰੀ ਦੇ ਦਾਅਵੇ ਤੋਂ ਇਨਕਾਰ ਕੀਤਾ ਪਰ ਪਾਰਟੀ ਦਾ ਹੁਕਮ ਮੰਨਣ ਦੀ ਗੱਲ ਵੀ ਆਖੀ। ਇਸ ਮੌਕੇ ਭਾਜਪਾ ਆਗੂ ਅਸ਼ੋਕ ਬਾਲਿਆਂਵਾਲੀ  ਪ੍ਰਿਤਪਾਲ ਸਿੰਘ ਬੀਬੀਵਾਲਾ, ਵਿਕਰਮ ਗਰਗ ਜ਼ਿਲ੍ਹਾ ਮੀਡੀਆ ਇੰਚਾਰਜ, ਸ਼ਾਮ ਲਾਲ ਬਾਂਸਲ, ਨਰਿੰਦਰ ਮਿੱਤਲ ਅਤੇ ਮੋਹਨ ਲਾਲ ਗਰਗ ਆਦਿ ਹਾਜ਼ਰ ਸਨ।

Spread the love
Scroll to Top