ਭਾਸ਼ਾ ਵਿਭਾਗ ਪੰਜਾਬ ਵੱਲੋਂ ਜਸ਼ਨ-ਏ-ਉਰਦੂ ਮੁਸ਼ਾਇਰਾ ਤੇ ਸੈਮੀਨਾਰ, ਦੇਸ਼ ਦੇ ਨਾਮੀ ਸ਼ਾਇਰ ਪੁੱਜੇ

Spread the love

ਰਾਜੇਸ਼ ਗੋਤਮ , ਪਟਿਆਲਾ 16 ਅਕਤੂਬਰ 2022
     ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਮੁੱਖ ਦਫਤਰ ਵਿਖੇ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਅਗਵਾਈ ਹੇਠ ਜਸ਼ਨ-ਏ-ਉਰਦੂ ਮੁਸ਼ਾਇਰਾ ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਦੇਸ਼ ਦੇ ਨਾਮਵਰ ਉਰਦੂ ਸ਼ਾਇਰਾਂ ਨੇ ਆਪਣੇ ਕਲਾਮ ਪੇਸ਼ ਕੀਤੇ। ਸਮਾਗਮ ਦੌਰਾਨ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਵੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਮਾ ਰੌਸ਼ਨ ਕਰਕੇ ਮੁਸ਼ਾਇਰੇ ਦੀ ਸ਼ੁਰੂਆਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾ. ਰੁਬੀਨਾ ਸ਼ਬਨਮ ਨੇ ਕੀਤੀ ਅਤੇ ਉੱਤਰਾਖੰਡ ਉਰਦੂ ਅਕਾਦਮੀ ਦੇ ਉਪ ਚੇਅਰਮੈਨ ਅਫਜ਼ਲ ਮੰਗਲੂਰੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
     ਸਹਾਇਕ ਨਿਰਦੇਸ਼ਕ ਅਸ਼ਰਫ ਮਹਿਮੂਦ ਨੰਦਨ ਦੀ ਦੇਖ-ਰੇਖ ਹੇਠ ਹੋਏ ਸਮਾਗਮ ਦੌਰਾਨ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਨਾਲ-ਨਾਲ ਉਰਦੂ ਤੇ ਹਿੰਦੀ ਨੂੰ ਦਿੱਤੇ ਜਾਣ ਵਾਲੇ ਸਨਮਾਨ ਬਾਰੇ ਵਿਭਾਗ ਦੀਆਂ ਗਤੀਵਿਧੀਆਂ, ਯੋਜਨਾਵਾਂ ਤੇ ਇਨਾਮਾਂ ਬਾਰੇ ਚਾਨਣਾ ਪਾਇਆ।
     ਮੁੱਖ ਮਹਿਮਾਨ ਡਾ. ਬਲਵੀਰ ਸਿੰਘ ਨੇ ਕਿਹਾ ਕਿ ਜੇਕਰ ਇਤਿਹਾਸ ਤੇ ਵਰਤਮਾਨ ਨੂੰ ਫਰੋਲਿਆ ਜਾਵੇ ਤਾਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਸ਼ਾਇਰ ਹਮੇਸ਼ਾ ਹੀ ਸਮੇਂ ਦੀ ਅਵਾਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਬਹੁਤ ਵੱਡੀ ਮਿਸਾਲ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਾਹੀਂ ਜਬਰ-ਜੁਲਮ ਤੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਅਵਾਜ਼ ਉਠਾਈ ਸੀ ਅਤੇ ਇਹ ਸਿਲਸਲਾ ਹੋਰ ਵੀ ਗੁਰੂਆਂ ਤੇ ਭਗਤਾਂ ਨੇ ਵੀ ਜਾਰੀ ਰੱਖਿਆ।
      ਡਾ. ਬਲਬੀਰ ਸਿੰਘ ਨੇ ਕਿਹਾ ਕਿ ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੁਝ ਲੋਕਾਂ ਨੇ ਸਾਡੀਆਂ ਭਾਸ਼ਾਵਾਂ ਨੂੰ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਸਰਾਸਰ ਗ਼ਲਤ ਹੈ। ਉਨ੍ਹਾਂ ਕਿਹਾ ਜਦੋਂ ਵੀ ਦੁਨੀਆ ‘ਚ ਕੋਈ ਬਦਲਾਅ ਜਾਂ ਕ੍ਰਾਂਤੀ ਆਈ ਹੈ ਤਾਂ ਲਿਖਾਰੀਆਂ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ।
      ਡਾ. ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬੀ ਖਿੱਤਾ ਹਮੇਸ਼ਾ ਹੀ ਅਜਿਹੇ ਖੇਤਰ ਵਜੋਂ ਜਾਣਿਆ ਜਾਂਦਾ ਰਿਹਾ ਹੈ , ਜਿੱਥੇ ਦੇ ਲੋਕਾਂ ਨੂੰ ਬੋਲਣ ਤੇ ਲਿਖਣ ਦੀ ਆਜ਼ਾਦੀ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਕੇ ਰੱਖਣ ਲਈ ਪਿੰਡਾਂ-ਸ਼ਹਿਰਾਂ ਦੀਆਂ ਸੱਥਾਂ ਵਿੱਚ ਸਮਾਗਮ ਰਚਾਏ ਜਾਣਗੇ। ਉਨ੍ਹਾਂ ਕਿਹਾ ਕਿ ਜਲਦੀ ਹੀ ਭਾਸ਼ਾ ਵਿਭਾਗ ਵਿਖੇ ਇੱਕ ਵੱਡਾ ਹਾਲ ਬਣਾਇਆ ਜਾਵੇਗਾ।
     ਮੰਚ ਸੰਚਾਲਨ ਅਸ਼ਰਫ ਮਹਿਮੂਦ ਨੰਦਨ ਨੇ ਕੀਤਾ । ਮੁਸ਼ਾਇਰੇ ਦੇ ਸੰਚਾਲਨ ਕਰਤਾ ਡਾ. ਮੁਹੰਮਦ ਰਫੀ ਨੇ ਉਰਦੂ ਭਾਸ਼ਾ ਦੀਆਂ ਖੂਬੀਆਂ ਤੇ ਮੁਸ਼ਕਲਾਂ ਮੁੱਖ ਮਹਿਮਾਨ ਅੱਗੇ ਰੱਖੀਆਂ। ਮੁਸ਼ਾਇਰੇ ਦੀ ਸ਼ੁਰੂਆਤ ਸ਼ਾਇਰਾ ਖੁਸ਼ਬੂ ਰਾਮਪੁਰੀ ਨੇ ਆਪਣੇ ਕਲਾਮ ‘ਮੇਰੇ ਸਿਰ ਪਰ ਹੈ ਅਸਮਾਨੀ ਦੁਪੱਟਾ..’, ‘ਬਿਹਤਰ ਯੇ ਹੈ ਆਗ ਸੇ ਨਾ ਖੇਲਾ ਕਰੋ’ ਤੇ ‘ਕਾਗਜ਼ ਕੀ ਕਿਸ਼ਤੀ ਪਰ ਭਰੋਸਾ ਨਾ ਕੀ ਜੀਏ..’ ਨਾਲ ਕੀਤੀ।
    ਫਿਰ ਪਰਮਿੰਦਰ ਸ਼ੋਖ ਨੇ ‘ਇਸ਼ਕ ਹੋ ਜਾਏ ਕਿਸੀ ਸੇ ਜਬ..’ ਸਿਰਲੇਖ ਅਧੀਨ ਆਪਣੀ ਸ਼ਾਇਰੀ ਪੇਸ਼ ਕੀਤੀ। ਨਫੀਸ ਦਿਉਬਾਦੀ ਨੇ ‘ਜਨਤ ਕੇ ਖੁਆਬ’, ਸਰਦਾਰ ਪੰਛੀ, ਡਾ. ਸਾਬਰ, ਡਾ. ਜਾਵੇਦ ਅਖ਼ਤਰ, ਮੁਹੰਮਦ ਇਸਲਾਮੀ, ਸਮਸ ਪਰਵੇਜ਼, ਅਫਜਲ ਮੰਗਲੌਰੀ, ਡਾ. ਰੁਬੀਨਾ ਸ਼ਬਨਮ ਤੇ ਡਾ. ਮੁਹੰਮਦ ਰਫ਼ੀ ਨੇ ਵੀ ਆਪਣੇ ਕਲਾਮ ਪੇਸ਼ ਕਰਕੇ ਰੰਗ ਬੰਨਿਆ। ਇਸ ਮੌਕੇ ਵਿਭਾਗ ਦੀਆਂ ਪ੍ਰਕਾਸ਼ਤ ਉਰਦੂ ਭਾਸ਼ਾ ਦੀਆਂ ਪੁਸਤਕਾਂ ਤੇ ਰਸਾਲਾ ਵੀ ਰਿਲੀਜ਼ ਕੀਤਾ ਗਿਆ। ਵਿਭਾਗ ਵੱਲੋਂ ਸਾਰੇ ਮਹਿਮਾਨਾਂ ਦਾ ਪੁਸਤਕਾਂ ਤੇ ਬੂਟਿਆਂ ਨਾਲ ਸਨਮਾਨ ਕੀਤਾ। ਇਸ ਮੌਕੇ ਸਹਾਇਕ ਨਿਰਦੇਸ਼ਕਾ ਹਰਭਜਨ ਕੌਰ, ਸਤਨਾਮ ਸਿੰਘ, ਪਰਵੀਨ ਕੁਮਾਰ ਸੁਰਿੰਦਰ ਕੌਰ ਤੇ ਸੁਖਪ੍ਰੀਤ ਕੌਰ, ਸਾਹਿਤ ਰਸੀਏ ਤੇ ਵਿਭਾਗ ਦੇ ਮੁਲਾਜ਼ਮ ਹਾਜ਼ਰ ਸਨ।


Spread the love
Scroll to Top