ਮੀਤ ਹੇਅਰ ਦਾ ਤੂਫਾਨੀ ਦੌਰਾ, ਰੱਖੇ ਇੱਕ ਤੋਂ ਬਾਅਦ ਇੱਕ ਨੀਂਹ ਪੱਥਰ,,,

Spread the love

ਰਘਵੀਰ ਹੈਪੀ , ਬਰਨਾਲਾ/ਧਨੌਲਾ 22 ਜੁਲਾਈ 2023 
        ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸ਼ਹੀਦ ਬ੍ਰਿਗੇਡੀਅਰ ਬਲਵਿੰਦਰ ਸਿੰਘ ਸ਼ੇਰਗਿੱਲ ਦੇ ਜੱਦੀ ਪਿੰਡ ਦਾਨਗੜ੍ਹ ਵਿਖੇ ਉਨ੍ਹਾਂ ਦੇ ਨਾਂ ‘ਤੇ ਬਣਵਾਈ ਗਈ ਬ੍ਰਿਗੇਡੀਅਰ ਬਲਵਿੰਦਰ ਸਿੰਘ ਮੈਮੋਰੀਅਲ ਯੂਥ ਲਾਇਬ੍ਰੇਰੀ ਦਾ ਉਦਘਾਟਨ ਕੀਤਾ। 40 ਲੱਖ ਰੁਪਏ ਦੀ ਲਾਗਤ ਨਾਲ ਬਣੀ ਇਸ ਲਾਇਬ੍ਰੇਰੀ ਦਾ ਉਦਘਾਟਨ ਸ਼ਹੀਦ ਦੀ ਪਤਨੀ ਸਰਦਾਰਨੀ ਹਰਿੰਦਰ ਕੌਰ, ਉਨ੍ਹਾਂ ਦੀ ਬੇਟੀ ਸ੍ਰੀਮਤੀ ਪਰਨੀਤ ਸ਼ੇਰਗਿੱਲ ਜੋ ਕਿ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਹਨ ਅਤੇ ਸ੍ਰੀਮਤੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਦੀ ਹਾਜ਼ਰੀ ਵਿਚ ਕੀਤਾ ਗਿਆ।                                   
       ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਬ੍ਰਿਗੇਡੀਅਰ ਬਲਵਿੰਦਰ ਸਿੰਘ ਸ਼ੇਰਗਿੱਲ ਦੀ 21 ਅਗਸਤ 2000 ਨੂੰ ਕੁਪਵਾੜਾ ਸੈਕਟਰ ਵਿਖੇ ਸ਼ਹੀਦ ਹੋਈ ਸੀ। ਪਿੰਡ ਵਿੱਚ ਪਹਿਲਾਂ ਉਨ੍ਹਾਂ ਨੂੰ ਸਮਰਪਿਤ ਇੱਕ ਪਾਰਕ ਹੈ ਅਤੇ ਹੁਣ ਬ੍ਰਿਗੇਡੀਅਰ ਸ਼ੇਰਗਿੱਲ ਦੀ ਯਾਦ ਵਿੱਚ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ। ਇਸ ਮੌਕੇ ਬੋਲਦਿਆਂ ਮੰਤਰੀ ਨੇ ਕਿਹਾ, “ਇੱਕ ਰਾਸ਼ਟਰ ਦੇ ਰੂਪ ਵਿੱਚ ਅਸੀਂ ਉਨ੍ਹਾਂ ਸ਼ਹੀਦਾਂ ਦੇ ਬਹੁਤ ਰਿਣੀ ਹਾਂ ਜਿਨ੍ਹਾਂ ਨੇ ਸਾਡੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਹ ਲਾਇਬ੍ਰੇਰੀ ਉਸ ਨੇਕ ਆਤਮਾ ਨੂੰ ਸ਼ਰਧਾਂਜਲੀ ਹੈ ਜਿਸ ਨੇ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ।” ਉਨ੍ਹਾਂ ਕਿਹਾ ਕਿ 40 ਲੱਖ ਰੁਪਏ ਦੀ ਲਾਗਤ ਨਾਲ ਇਸ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਸ ਵਿੱਚ ਪਿੰਡ ਦਾ ਨਰੇਗਾ ਭਵਨ ਵੀ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਵਿੱਚ ਕੰਪਿਊਟਰ ਅਤੇ ਹੋਰ ਕਿਤਾਬਾਂ ਸ਼ਾਮਲ ਕੀਤੀਆਂ ਜਾਣਗੀਆਂ ਤਾਂ ਜੋ ਇਹ ਥਾਂ ਨੌਜਵਾਨਾਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਨਾਲ-ਨਾਲ ਅੱਗੇ ਪੜ੍ਹਾਈ ਕਰਨ ਦਾ ਹੌਟਸਪੌਟ ਬਣੇ।
          ਇਸ ਮੌਕੇ ਸ਼ਹੀਦ ਬ੍ਰਿਗੇਡੀਅਰ ਸ਼ੇਰਗਿੱਲ ਦੀ ਪਤਨੀ ਸ੍ਰੀਮਤੀ ਹਰਿੰਦਰ ਕੌਰ ਨੇ ਪਿੰਡ ਦਾਨਗੜ੍ਹ ਦੇ ਵਿਕਾਸ ਲਈ 2 ਲੱਖ ਰੁਪਏ ਦਾਨ ਕੀਤੇ। ਇਸ ਦੌਰਾਨ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਜੋਧਪੁਰ ਵਿਖੇ ਵਾਟਰ ਟਰੀਟਮੈਂਟ ਦਾ ਨੀਂਹ ਪੱਥਰ ਰੱਖਿਆ। 9 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਇਸ ਪ੍ਰਾਜੈਕਟ ਤਹਿਤ ਨਾਲੀਆਂ ਤੋਂ ਇਕੱਠਾ ਕੀਤਾ ਗਿਆ ਗੰਦਾ ਪਾਣੀ ਸੋਧਣ ਤੋਂ ਬਾਅਦ ਛੱਪੜ ਵਿੱਚ ਪਾਇਆ ਜਾਵੇਗਾ।                                   
       ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਟਰੀਟਮੈਂਟ ਪਲਾਂਟ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਛੱਪੜ ਦਾ ਆਧੁਨਿਕੀਕਰਨ ਕੀਤਾ ਜਾਵੇ ਤਾਂ ਜੋ ਆਲੇ-ਦੁਆਲੇ ਦੇ ਖੇਤਰ ਨੂੰ ਵਧੀਆ ਦਿੱਖ ਮਿਲ ਸਕੇ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਇਹ ਯਕੀਨੀ ਬਣਾਉਣ ਕਿ ਆਸ-ਪਾਸ ਇੱਕ ਪਾਰਕ ਬਣਾਇਆ ਜਾਵੇ ਤਾਂ ਜੋ ਨੌਜਵਾਨ ਅਤੇ ਬਜ਼ੁਰਗ ਆਪਣਾ ਸਮਾਂ ਉਸਾਰੂ ਢੰਗ ਨਾਲ ਬਿਤਾ ਸਕਣ।
       ਇਸ ਦੌਰਾਨ ਮੰਤਰੀ ਨੇ ਹੰਡਿਆਇਆ ਵਿਖੇ 29 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹੈਲਥ ਵੈਲਨੈਸ ਸੈਂਟਰ ਦਾ ਨੀਂਹ ਪੱਥਰ ਰੱਖਿਆ। ਮੰਤਰੀ ਨੇ ਕਿਹਾ ਕਿ ਇਹ ਕੇਂਦਰ ਤਿੰਨ ਮਹੀਨਿਆਂ ਵਿੱਚ ਤਿਆਰ ਹੋ ਜਾਵੇਗਾ। ਇਹ ਕੇਂਦਰ ਮੁੱਖ ਤੌਰ ‘ਤੇ ਹਾਈਪਰਟੈਨਸ਼ਨ ਅਤੇ ਸ਼ੂਗਰ ਬਾਰੇ ਜਾਗਰੂਕਤਾ ਪੈਦਾ ਕਰਨ ‘ਤੇ ਕੰਮ ਕਰੇਗਾ, ਜਿਸ ਕਾਰਣ ਦੇਸ਼ ਵਿਚ ਵੱਡੀ ਗਿਣਤੀ ਮੌਤਾਂ ਹੁੰਦੀਆਂ ਹਨ। ਇਸ ਦੇ ਨਾਲ ਹੀ ਸੈਂਟਰ ਜੱਚਾ- ਬੱਚਾ ਸਿਹਤ ਸੰਭਾਲ ਅਤੇ ਸੰਚਾਰੀ ਬਿਮਾਰੀਆਂ ਜਿਵੇਂ ਕਿ ਡੇਂਗੂ, ਮਲੇਰੀਆ ਆਦਿ ਸਬੰਧੀ ਸੇਵਾਵਾਂ ਪ੍ਰਦਾਨ ਕਰੇਗਾ।                                                   
      ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ, ਐਸਡੀਐਮ ਗੋਪਾਲ ਸਿੰਘ, ਬੀਡੀਪੀਓ ਸੁਖਦੀਪ ਸਿੰਘ, ਮੰਤਰੀ ਦੇ ਓ.ਐਸ.ਡੀ. ਹਸਨਪ੍ਰੀਤ ਭਾਰਦਵਾਜ, ਕਰਨਲ ਕਰਮ ਇੰਦਰ ਸਿੰਘ, ਡਾ. ਮੇਘਾ ਸਿੰਘ, ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਤੇ ਹੋਰ ਪਤਵੰਤੇ ਹਾਜ਼ਰ ਸਨ।

Spread the love
Scroll to Top