ਮੱਚ ਗਈ ਤਰਥੱਲੀ, ਜਾਲ੍ਹੀ (EC) ਭਾਰ ਮੁਕਤ ਸਰਟੀਫਿਕੇਟਾਂ ਨੇ ਕਈ ਬੈਂਕ ਵਾਲਿਆਂ ਦੀਆਂ ਧੜਕਣਾਂ ਕੀਤੀਆਂ ਤੇਜ਼

Spread the love

ਜਾਅਲੀ ਭਾਰ ਮੁਕਤ ਸਰਟੀਫਿਕੇਟ ਤਿਆਰ ਕਰਕੇ ਸਰਕਾਰੀ ਖਜ਼ਾਨੇ ਅਤੇ ਕਿਸਾਨਾਂ ਨੂੰ ਲਗਾਇਆ ਮੋਟਾ ਚੂਨਾ


ਜੇ.ਐਸ. ਚਹਿਲ , ਬਰਨਾਲਾ ,5 ਜਨਵਰੀ 2023
     ਜਿਲ੍ਹੇ ਦੀਆਂ ਕੁਝ ਬੈਂਕਾਂ ਦੇ ਮੁਲਾਜਮਾਂ ਵਲੋਂ ਆਪਣੇ ਪੈਨਲ ਤੇ ਰੱਖੇ ਕੁੱਝ ਵਕੀਲਾਂ ਨਾਲ ਕਥਿਤ ਮਿਲੀਭੁਗਤ ਕਰਕੇ ਬਰਨਾਲਾ ਕਚਿਹਰੀਆਂ ਦੇ ਅੰਦਰੋਂ ਤਿਆਰ ਹੁੰਦੀਆਂ ਕਥਿਤ ਜਾਅਲ੍ਹੀ ਭਾਰ ਮੁਕਤ ਸਰਟੀਫਿਕੇਟ (ਈਸੀ) ਅਤੇ ਹੋਰਨਾਂ ਦਸਤਾਵੇਜ਼ਾਂ ਦੀਆਂ ਸਰਟੀਫਾਇਡ ਕਾਪੀਆਂ ਤੋਂ ਲੰਘੇ ਸਮੇਂ ਦੌਰਾਨ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਹੈ। ਇਸ ਗੋਰਖਧੰਦੇ ‘ਚ ਕੱਚਾ ਕਾਲਜ ਰੋਡ ਤੇ ਸਥਿਤ ਅਤੇ ਬਰਨਾਲਾ ਦੇ ਨੇੜਲੇ ਦੋ ਪਿੰਡਾਂ ਅੰਦਰਲੀਆਂ ਸ਼ਾਖਾਂਵਾਂ ਦਾ ਕੁੱਝ ਸਟਾਫ ਪੂਰੀ ਤਰ੍ਹਾਂ ਗਲਤਾਨ ਰਿਹਾ ਹੈ। ਹੁਣ ਇਹ ਮਾਮਲੇ ਤੋਂ ਪਰਦਾ ਉੱਠ ਜਾਣ ਨਾਲ, ਕਈ ਬੈਂਕ ਮੁਲਾਜਮਾਂ ਅਤੇ ਜਾਲ੍ਹੀ ਭਾਰ ਮੁਕਤ ਸਰਟੀਫਿਕੇਟ ਤਿਆਰ ਕਰਨ ਵਾਲਿਆਂ ਦੀ ਧੜਕਣਾਂ ਤੇਜ਼ ਹੋ ਗਈਆਂ ਹਨ। ਇਸ ਧੰਦੇ ਵਿੱਚ ਸ਼ਾਮਿਲ ਵਿਅਕਤੀ, ਹੁਣ ਆਪਣੇ ਬਚਾਅ ਲਈ, ਅੱਕੀਂ ਪਲਾਹੀਂ ਹੱਥ ਮਾਰਦੇ ਫਿਰ ਰਹੇ ਹਨ।  
ਕੀ ਹੈ ਪੂਰਾ ਮਾਮਲਾ
     ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕਾਂ ਵਲੋਂ ਕੀਤੀਆਂ ਜਾਂਦੀਆਂ ਐਗਰੀਕਲਚਰ ਲਿਮਟਾਂ ਆਦਿ ਲਈ ਜਿੱਥੇ ਰਜਿਸਟਰੀ ਤੋਂ ਪਹਿਲਾਂ ਭਾਰ ਮੁਕਤ ਸਰਟੀਫਿਕੇਟ ਲੈਣ ਤੋਂ ਇਲਾਵਾ ਲਿਮਟ-ਲੋਨ ਹੋਣ ਤੋਂ ਉਪਰੰਤ ਬੈਂਕ ਵਲੋਂ ਆਪਣੇ ਪੱਧਰ ਤੇ ਬੈਂਕ ਦੇ ਪੈਨਲ ਦੇ ਵਕੀਲਾਂ ਰਾਹੀਂ ਹਰ ਤਿੰਨ ਸਾਲ ਬਾਅਦ ਲਿਮਟ-ਲੋਨ ਵਿੱਚ ਪਲੱਜ ਕੀਤੀ ਜਾਇਦਾਦ ਦਾ ਭਾਰ ਮੁਕਤ ਸਰਟੀਫਿਕੇਟ (ਈਸੀ) ਲਿਆ ਜਾਂਦਾ ਹੈ,ਜਿਸ ਤੋਂ ਇਹ ਕਲੀਅਰ ਹੋ ਸਕੇ ਕੇ ਉਕਤ ਜ਼ਮੀਨ ਕਿਸੇ ਹੋਰ ਨਾਮ ਤੇ ਤਬਦੀਲ ਨਹੀਂ ਹੋਈ ਅਤੇ ਨਾ ਹੀ ਕਿਸੇ ਕਿਸਮ ਦਾ ਹੋਰ ਕਰਜ਼ੇ ਆਦਿ ਦਾ ਭਾਰ ਪਾਇਆ ਗਿਆ ਹੈ। ਬੈਂਕ ਵਲੋਂ ਹਰ ਤਿੰਨ ਸਾਲ ਬਾਅਦ ਲਏ ਜਾਣ ਵਾਲੇ ਭਾਰ ਮੁਕਤ ਸਰਟੀਫਿਕੇਟ ਦੀ ਲਗਭਗ 3 ਹਜ਼ਾਰ ਫ਼ੀਸ ਗ੍ਰਾਹਕ ਦੇ ਖਾਤੇ ਵਿੱਚੋਂ ਕੱਟ ਲਿਆ ਜਾਂਦਾ ਹੈ।
     ਪਰ ਬੀਤੇ ਸਮੇਂ ਦੌਰਾਨ ਕੁਝ ਬੈਂਕਾਂ ਵਲੋਂ ਆਪਣੇ ਵਕੀਲਾਂ ਰਾਹੀਂ ਲਏ ਹਜ਼ਾਰਾਂ ਭਾਰ ਮੁਕਤ ਸਰਟੀਫਿਕੇਟਾਂ ਦੀ ਬਣਦੀ ਲਗਭਗ ਇੱਕ ਹਜ਼ਾਰ ਪ੍ਰਤੀ ਸਰਟੀਫਿਕੇਟ ਫ਼ੀਸ ਸਬ ਰਜਿਸਟਰਾਰ ਦਫ਼ਤਰ ਵਿੱਚ ਨਹੀਂ ਭਰੀ ਗਈ ਅਤੇ ਕਚਿਹਰੀ ਕੰਪਲੈਕਸ ਅੰਦਰ ਕੰਮ ਕਰਦੇ ਇੱਕ ਟਾਈਪਿਸਟ ਕੋਲੋਂ ਕਥਿਤ ਜਾਅਲ੍ਹੀ ਭਾਰ ਮੁਕਤ ਸਰਟੀਫਿਕੇਟ ਤਿਆਰ ਕਰਵਾ ਕੇ ਬੈਂਕ ਦੀਆਂ ਫਾਇਲਾਂ ਵਿੱਚ ਲਗਾਏ ਗਏ। ਇਹਨਾਂ ਭਾਰ ਮੁਕਤ ਸਰਟੀਫਿਕੇਟਾਂ ਦੀ ਫੀਸ ਦੀ ਬਣਦੀ ਰਕਮ ਬੈਂਕ ਵਲੋਂ ਆਪਣੇ ਦੋ ਵਕੀਲਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਂਦੀ ਰਹੀ । ਇਹ ਵੀ ਪਤਾ ਲੱਗਿਆ ਹੈ ਕਿ ਬੈਂਕ ਦੇ ਪੈਨਲ ‘ਚ ਸ਼ਾਮਿਲ ਨੇੜਲੇ ਕਸਬੇ ਦੇ ਦੋ ਵਕੀਲਾਂ ਚੋਂ ਇੱਕ ਦੇ ਖਾਤੇ ਵਿੱਚ ਲਗਭਗ 40 ਲੱਖ ਅਤੇ ਦੂਜੇ ਦੇ ਖਾਤੇ ਵਿੱਚ ਲਗਭਗ 25 ਲੱਖ ਰੁਪਏ ਭੇਜੇ ਗਏ। ਇਹ ਵੀ ਪਤਾ ਲੱਗਾ ਹੈ ਇੱਕ ਸਰਕਾਰੀ ਬੈਂਕ ਦੀਆਂ ਜਿਲੇ ਭਰ ਅੰਦਰਲੀਆਂ ਸ਼ਾਖਾਵਾਂ ਕੋਲ ਲਗਭਗ 18 ਵਕੀਲਾਂ ਦਾ ਪੈਨਲ ਹੋਣ ਦੇ ਬਾਵਜੂਦ ਸਿਰਫ਼ ਦੋ ਵਕੀਲਾਂ ਨੂੰ ਬੈਂਕ ਦਾ ਲਗਭਗ 90 ਪ੍ਰਤੀਸ਼ਤ ਕੰਮ ਦਿੱਤਾ ਜਾਣਾ ਵੀ ‘ਦਾਲ ਵਿੱਚ ਕਾਲਾ’ ਦਰਸਾਉਂਦਾ ਹੈ। ਕਥਿਤ ਜਾਅਲ੍ਹੀ ਭਾਰ ਮੁਕਤ ਸਰਟੀਫਿਕੇਟਾਂ ਦਾ ਕੁਝ ਸਮਾਂ ਪਹਿਲਾਂ ਵੀ ਰੌਲਾ ਪੈਣ ਤੋਂ ਬਾਅਦ ਬਰਨਾਲਾ ਨੇੜਲੇ ਇੱਕ ਪਿੰਡ ਅੰਦਰ ਸਥਿਤ ਇੱਕ ਬੈਂਕ ਸ਼ਾਖਾ ਵਲੋਂ ਕੁੱਝ ਗ੍ਰਾਹਕਾਂ ਨੂੰ ਉਹਨਾਂ ਦੇ ਖਾਤੇ ਚੋਂ ਭਾਰ ਮੁਕਤ ਸਰਟੀਫਿਕੇਟਾਂ ਦੀ ਕੱਟੀ ਗਈ ਲੱਖਾਂ ਰੁਪਏ ਦੀ ਰਕਮ ਵਾਪਿਸ ਮੋੜਨ ਦਾ ਵੀ ਵਾਅਦਾ ਕੀਤਾ ਗਿਆ ਸੀ । ਬੈਂਕ ਵਲੋਂ ਕੀਤੇ ਵਾਅਦੇ ਅਨੁਸਾਰ ਅੱਜ ਉਸੇ ਬੈਂਕ ਵਿੱਚ ਗਾਹਕਾਂ ਦਾ ਇੱਕ ਇਕੱਠ ਹੋਇਆ ਵੀ ਦੱਸਿਆ ਜਾ ਰਿਹਾ ਹੈ। ਜਿਸ ਦੌਰਾਨ ਬੈਂਕ ਮੁਲਾਜ਼ਮਾਂ ਵਲੋਂ ਕਰੀਬ 11 ਲੱਖ ਰੁਪਏ ਦੀ ਰਕਮ ਗ੍ਰਾਹਕਾਂ ਨੂੰ ਦੇਣ ਲਈ ਅਗਲੇ ਤਿੰਨ ਦਿਨਾਂ ਦਾ ਸਮਾਂ ਮੰਗਿਆ ਗਿਆ ਹੈ। 

Spread the love
Scroll to Top