ਰਾਮ ਰਹੀਮ ਦੇ ਜੇਲ੍ਹ ਚੋਂ ਪੱਕੇ ਤੌਰ ਤੇ ਬਾਹਰ ਆਉਣ ਲਈ ਡੇਰਾ ਪ੍ਰੇਮੀਆਂ ਵੱਲੋਂ ਅਰਦਾਸਾਂ ਸ਼ੁਰੂ 

Spread the love

ਅਸ਼ੋਕ ਵਰਮਾ , ਬਠਿੰਡਾ 3 ਜੁਲਾਈ 2023
       ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਨੇ ਪੰਜਾਬ ਅਤੇ ਹਰਿਆਣਾ ਦੀਆਂ ਵੱਖ-ਵੱਖ ਥਾਵਾਂ ਤੇ ਨਿਰਜਲਾ ਵਰਤ ਰੱਖਕੇ ਡੇਰਾ ਸਿਰਸਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਜਲਦੀ ਤੋਂ ਜਲਦੀ ਜੇਲ੍ਹ ਵਿੱਚੋਂ ਪੱਕੇ ਤੌਰ ਤੇ ਬਾਹਰ ਆਉਣ ਦੀ ਅਰਦਾਸ ਕੀਤੀ ਹੈ। ਡੇਰਾ ਪੈਰੋਕਾਰਾਂ ਨੇ ਅੱਜ ਵਰਤ ਰੱਖਣ ਤੋਂ ਬਾਅਦ ਬਚਿਆ  ਰਾਸ਼ਨ ਵੀ ਲੋੜਵੰਦਾਂ ਨੂੰ ਵੰਡਿਆ ਹੈ। ਇਸ ਦੇ ਨਾਲ ਹੀ ਅਰਦਾਸ ਕਰਨ ਤੋਂ ਬਾਅਦ ਇਨ੍ਹਾਂ ਦਿਨਾਂ ਵਿਚ ਪੈ ਰਹੀ ਲੋਹੜੇ ਦੀ ਗਰਮੀ ਨੂੰ ਦੇਖਦਿਆਂ ਪੰਛੀਆਂ ਦੇ ਪੀਣ ਲਈ ਪਾਣੀ ਵਾਸਤੇ ਕਟੋਰੇ ਰੱਖੇ ਅਤੇ ਪੌਦੇ ਵੀ ਲਾਏ ਹਨ। ਡੇਰਾ ਪ੍ਰੇਮੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਵਰਤ ਗੁਰੂ ਪੂਰਨਿਮਾ ਮੌਕੇ ਰੱਖਿਆ ਗਿਆ ਹੈ।                                 
             ਪ੍ਰਾਪਤ ਜਾਣਕਾਰੀ ਅਨੁਸਾਰ ਕਾਫ਼ੀ ਥਾਵਾਂ ਤੇ ਡੇਰਾ ਪ੍ਰੇਮੀਆਂ ਨੇ 24 ਘੰਟੇ ਲਈ ਨਿਰਜਲਾ ਵਰਤ ਰੱਖਿਆ ਜਦੋਂ ਕਿ ਕਈ ਥਾਈਂ ਇਸ ਵਰਤ ਦਾ ਸਮਾਂ 12 ਘੰਟੇ ਰਿਹਾ ਹੈ। ਡੇਰਾ ਸੱਚਾ ਸੌਦਾ ਸਿਰਸਾ ਦੇ  ਮੀਡੀਆ ਵਿੰਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਵਰਤ ਇਹਨਾਂ ਦੋਹਾਂ ਸੂਬਿਆਂ ਤੋਂ ਇਲਾਵਾ ਦੇਸ਼ ਦੇ ਹੋਰਨਾਂ ਭਾਗਾਂ ਅਤੇ ਵਿਦੇਸ਼ਾਂ ਵਿੱਚ ਵੀ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਉਂਕਿ ਸ਼ਾਸ਼ਤਰਾਂ ਵਿੱਚ ਗੁਰੂ ਦੀ ਮਹਿਮਾ ਭਗਵਾਨ ਤੋਂ ਵੀ ਵੱਧ ਦੱਸੀ ਗਈ ਹੈ ਜਿਸ ਕਰਕੇ ਡੇਰਾ ਸੱਚਾ ਸੌਦਾ  ਦੀ ਸਾਧ ਸੰਗਤ ਨੇ ਸੋਮਵਾਰ ਨੂੰ ਗੁਰੂ ਪੂਰਨਿਮਾ ਦਾ ਦਿਨ ਅਰਦਾਸ ਕਰਨ ਅਤੇ ਮਾਨਵਤਾ ਭਲਾਈ ਦੇ ਇਨ੍ਹਾਂ ਕੰਮਾਂ ਲਈ ਚੁਣਿਆ ਹੈ।
            ਉਨ੍ਹਾਂ ਦੱਸਿਆ ਕਿ ਰਾਸ਼ਨ ਵੰਡਣ ਅਤੇ ਕਟੋਰੇ ਰੱਖਣ ਦੀ ਸੇਵਾ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਲੜੀ ਤਹਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਰਤ ਨੂੰ ਸਮਾਪਤ ਕਰਨ ਮੌਕੇ ਡੇਰਾ ਸਿਰਸਾ ਮੁਖੀ ਦੇ ਜੇਲ੍ਹ ਵਿੱਚੋਂ ਪੱਕੇ ਤੌਰ ਤੇ ਬਾਹਰ ਆਉਣ ਅਤੇ ਆਕੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਨੂੰ ਹੋਰ ਵੀ ਤੇਜ਼ੀ ਨਾਲ ਅੱਗੇ ਵਧਾਉਣ  ਲਈ ਅਗਵਾਈ ਕਰਨ ਦੀ ਅਰਦਾਸ ਵੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਡੇਰਾ ਸਿਰਸਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਇਨ੍ਹਾਂ ਦਿਨਾਂ ਦੌਰਾਨ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿੱਚ ਸਥਿਤ ਸੁਨਾਰੀਆਂ ਜੇਲ੍ਹ ਵਿਖੇ ਵੱਖ ਵੱਖ ਮਾਮਲਿਆਂ ਨੂੰ ਲੈ ਕੇ ਸਜ਼ਾ ਭੁਗਤ ਰਹੇ ਹਨ।
ਬਠਿੰਡਾ ਵਿੱਚ ਵੀ  ਵੱਖ-ਵੱਖ ਪ੍ਰੋਗਰਾਮ
      ਬਲਾਕ ਬਠਿੰਡਾ ਦੇ ਮਹਿਣਾ ਚੌਂਕ ਇਲਾਕੇ  ਦੀ ਸਾਧ ਸੰਗਤ ਨੇ ਡੇਰਾ ਸੱਚਾ ਸੌਦਾ ਦੇ 85 ਮੈਂਬਰ ਕੁਲਬੀਰ ਸਿੰਘ ਇੰਸਾਂ ਦੀ ਅਗਵਾਈ ਹੇਠ  ਨਿਰਵਾਣਾ ਇਸਟੇਟ ‘ਚ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਾਏ ਅਤੇ ਗਰਮੀ ਨੂੰ ਦੇਖਦਿਆਂ ਪੰਛੀਆਂ ਲਈ ਦਾਣੇ ਤੇ ਪਾਣੀ ਵਾਲੇ ਕਟੋਰੇ ਵੀ ਰੱਖੇ । ਕੁਲਬੀਰ ਸਿੰਘ  ਨੇ ਕਿਹਾ ਕਿ ਬਠਿੰਡਾ ਦੇ ਡੇਰਾ ਸ਼ਰਧਾਲੂਆਂ ਨੇ  ਗੁਰੂ ਪੂਰਨਿਮਾ ਦਾ ਦਿਹਾੜਾ  ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ ਹੈ।  ਉਨਾਂ ਕਿਹਾ ਕਿ ਗੁਰੂ ਜੀ  ਦੀ ਬਦੌਲਤ ਕਰੋੜਾਂ ਘਰ ਅੱਜ ਸਵਰਗ ਦੇ ਨਮੂਨੇ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਇਸ ਮੌਕੇ ਡੇਰਾ ਮੁਖੀ ਦੇ  ਜਲਦ ਤੋਂ ਜਲਦ  ਸੰਗਤ ਵਿਚਕਾਰ ਆਉਣ ਦੀ ਅਰਦਾਸ ਕੀਤੀ ਤੇ ਲੰਮੀ ਉਮਰ ਦੀ ਦੁਆ ਮੰਗੀ ਗਈ  ਹੈ। 
ਕਦੋਂ ਕਦੋਂ ਜੇਲ੍ਹੋਂ ਬਾਹਰ ਆਏ ਰਾਮ ਰਹੀਮ 
 ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਪਹਿਲੀ ਵਾਰ 17 ਜੂਨ 2021 ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ।  ਬਰਨਾਵਾ ਡੇਰੇ ਵਿੱਚ ਰਹਿਣ ਤੋਂ ਬਾਅਦ ਉਹ 18 ਜੁਲਾਈ ਨੂੰ  ਸੁਨਾਰੀਆ ਜੇਲ੍ਹ ਵਾਪਸੀ ਕੀਤੀ। ਏਦਾਂ  ਹੀ 15 ਅਕਤੂਬਰ 2021 ਨੂੰ 88 ਦਿਨਾਂ ਬਾਅਦ ਦੂਜੀ ਵਾਰ ਪੈਰੋਲ ਮਿਲੀ ਜਿਸ ਨੂੰ ਪੂਰੀ ਕਰਨ ਤੋਂ ਬਾਅਦ  25 ਨਵੰਬਰ ਨੂੰ ਉਹ ਵਾਪਿਸ ਸੁਨਾਰੀਆ ਜੇਲ੍ਹ ਚਲੇ ਗਏ। ਸਾਲ 2023 ਦੀ 21 ਜਨਵਰੀ ਨੂੰ ਰਾਮ ਰਹੀਮ ਤੀਸਰੀ ਵਾਰ  40 ਦਿਨਾਂ ਦੀ ਪੈਰੋਲ ‘ਤੇ ਬਰਨਾਵਾ ਆਸ਼ਰਮ ਆਏ ਅਤੇ 3 ਮਾਰਚ ਨੂੰ ਪੈਰੋਲ ਪੂਰੀ ਹੋਣ ਤੇ ਜੇਲ੍ਹ ਵਾਪਸੀ ਕੀਤੀ ਸੀ। ਦੱਸਣਯੋਗ ਹੈ ਕਿ ਡੇਰਾ  ਮੁਖੀ ਨੂੰ ਇੱਕ ਵਾਰ 20 ਦਿਨ ਦੀ ਫਰਲ੍ਹੋ ਵੀ ਮਿਲ ਚੁੱਕੀ ਹੈ। ਹਾਲਾਂਕਿ ਡੇਰਾ ਪੈਰੋਕਾਰ ਰਾਮ ਰਹੀਮ ਨੂੰ ਬੇਕਸੂਰ ਦੱਸਦਿਆਂ ਰਿਹਾਅ ਕਰਨ ਦੀ ਮੰਗ ਕਰਦੇ ਆ ਰਹੇ ਹਨ ਪਰ ਉਨ੍ਹਾਂ ਨੇ ਪਹਿਲੀ ਵਾਰ ਜਨਤਕ ਤੌਰ ਤੇ ਇਸ ਸਬੰਧ ਵਿੱਚ ਅਰਦਾਸ ਕੀਤੀ ਹੈ।

Spread the love
Scroll to Top