ਰਿਸ਼ਵਤ ਦੀ ਰਾਸ਼ੀ ਫੜ੍ਹਦਿਆਂ ਹੀ ਰਿਸ਼ਵਤਖੋਰ ਥਾਣੇਦਾਰ ਤੇ ਝਪਟਿਆ ਵਿਜੀਲੈਂਸ ਬਿਊਰੋ ਦਾ ਇੰਸਪੈਕਟਰ

Spread the love

ਮੁਜ਼ਰਮਾਂ ਨੂੰ ਫੜ੍ਹਨ ਲਈ ਰਿਸ਼ਵਤ ਲੈਂਦਾ ਥਾਣੇਦਾਰ ਖੁਦ ਬਣਿਆ ਮੁਜ਼ਰਮ

ਅਨੁਭਵ ਦੂਬੇ, ਚੰਡੀਗੜ੍ਹ 10 ਅਪ੍ਰੈਲ 2023

   ਵੇਖੋ ਕਿੱਦਾਂ ਅਕਲ ਗਈ, ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋ ਗਿਆ, ਲਿੱਦ ਚੱਕਣੀ ਪਈ, ਜੀ ਹਾਂ! ਪੇਂਡੂ ਲੋਕਾਂ ਦਾ ਇਹ ਅਖਾਣ ਅੱਜ ਬਰਨਾਲਾ ਦੇ ਇੱਕ ਥਾਣੇਦਾਰ ਤੇ ਉਦੋਂ ਜਮ੍ਹਾਂ ਫਿਟ ਬੈਠ ਗਿਆ, ਜਦੋਂ ਉਹ ਮੁਲਜਮਾਂ ਨੂੰ ਫੜ੍ਹਨ ਲਈ, ਮੁਦਈ ਤੋਂ ਰਿਸ਼ਵਤ ਮੰਗਦਾ-ਮੰਗਦਾ, ਖੁਦ ਹੀ ਮੁਲਜ਼ਮ ਬਣ ਗਿਆ। ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਦੀ ਟੀਮ ਨੇ, ਬੱਸ ਸਟੈਂਡ ਪੁਲਿਸ ਚੌਂਕੀ ਬਰਨਾਲਾ ‘ਚ ਤੈਨਾਤ ਇੱਕ ਥਾਣੇਦਾਰ ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜ੍ਹ ਲਿਆ। ਵਿਜੀਲੈਂਂਸ ਬਿਊਰੋ ਦੇ ਬੁਲਾਰੇ ਮੁਤਾਬਿਕ ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ਅਨਿਲ ਕੁਮਾਰ ਨੇ ਸਾਲ 2021 ਵਿੱਚ ਦੋਸ਼ੀਆਂ ਖਿਲਾਫ ਧੋਖਾਧੜੀ ਦੇ ਜੁਰਮ ਵਿੱਚ ਥਾਣਾ ਸਿਟੀ 1 ਬਰਨਾਲਾ ਵਿਖੇ ਐਫ.ਆਈ.ਆਰ. ਦਰਜ਼ ਕਰਵਾਈ ਸੀ। ਦਰਜ਼ ਕੇਸ ਦੇ ਮੁਲਜਮਾਂ ਨੂੰ ਫੜਾਉਣ ਲਈ, ਮੁਦਈ ਅਨਿਲ ਕੁਮਾਰ, ਬੱਸ ਸਟੈਂਡ ਪੁਲਿਸ ਚੌਂਕੀ ਬਰਨਾਲਾ ਵਿਖੇ, ਤਫਤੀਸ਼ ਅਧਿਕਾਰੀ ਥਾਣੇਦਾਰ ਕਰਮਜੀਤ ਸਿੰਘ                                                    ਕੋਲ ਗੇੜੇ ਤੇ ਗੇੜੇ ਮਾਰਦਾ ਰਿਹਾ। ਪਰ ਤਫਤੀਸ਼ ਅਧਿਕਾਰੀ ਦੋਸ਼ੀਆਂ ਨੂੰ ਫੜ੍ਹਨ ਲਈ ਟਾਲਮਟੋਲ ਹੀ ਕਰਦਾ ਰਿਹਾ। ਆਖਿਰ ਏ.ਐਸ.ਆਈ. ਕਰਮਜੀਤ ਸਿੰਘ ਨੇ ਮੁਦਈ ਤੋਂ ਦੋਸ਼ੀਆਂ ਨੂੰ ਫੜ੍ਹਨ ਲਈ ਰਿਸ਼ਵਤ ਦੀ ਮੰਗ ਸ਼ੁਰੂ ਕਰ ਦਿੱਤੀ। ਸੌਦਾ ਤੈਅ ਹੋਣ ਤੋਂ ਬਾਅਦ ਮੁਦਈ ਮਕੱਦਮਾ ਅਨਿਲ ਕੁਮਾਰ ਨੇ ਵਿਜੀਲੈਂਸ ਬਿਊਰੋ ਪਾਸ ਸ਼ਕਾਇਤ ਭੇਜ਼ ਦਿੱਤੀ। ਵਿਜੀਲੈਂਸ ਬਿਊਰੋ ਬਰਨਾਲਾ ਦੇ ਡੀਐਸਪੀ ਪਰਮਿੰਦਰ ਸਿੰਘ ਬਰਾੜ ਅਤੇ ਬਿਊਰੋ ਦੇ ਹੋਰ ਆਲ੍ਹਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਇੰਸਪੈਕਟਰ ਗੁਰਮੇਲ ਸਿੰਘ ਨੇ ਰਿਸ਼ਵਤਖੋਰ ਥਾਣੇਦਾਰ ਨੂੰ ਫੜ੍ਹਨ ਲਈ ਸਰਕਾਰੀ ਗਵਾਹਾਂ ਨੂੰ ਨਾਲ ਲੈ ਕੇ ਟਰੈਪ ਲਗਾ ਦਿੱਤਾ। ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਦੀ ਟੀਮ ਨੇ ਪੂਰੀ ਯੋਜਨਾ ਬਣਾ ਕਿ ਪੁਲਿਸ ਚੌਂਕੀ ਬੱਸ ਸਟੈਂਡ ਬਰਨਾਲਾ ਵਿਖੇ ਸੋਮਵਾਰ ਬਾਅਦ ਦੁਪਹਿਰ ਕਰੀਬ ਚਾਰ ਵਜੇ, ਉਦੋਂ ਐਨ ਮੌਕੇ ਤੇ ਛਾਪਾ ਮਾਰਿਆ,ਜਦੋਂ ਤਫਤੀਸ਼ ਅਧਿਕਾਰੀ ਥਾਣੇਦਾਰ ਕਰਮਜੀਤ ਸਿੰਘ, ਨੇ ਮੁਦਈ ਅਨਿਲ ਕੁਮਾਰ ਤੋਂ ਪੰਜ ਹਜ਼ਾਰ ਰੁਪਏ ਰਿਸ਼ਵਤ ਲੈ ਲਈ। ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਰਿਸ਼ਵਤ ਲੈ ਰਹੇ ਥਾਣੇਦਾਰ ਕਰਮਜੀਤ ਸਿੰਘ ਨੂੰ ਰੰਗੇ ਹੱਥੀਂ ਹੀ ਦਬੋਚ ਲਿਆ ਤੇ ਟੀਮ ਨੇ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਉਸ ਦੇ ਕਬਜੇ ਵਿੱਚੋਂ ਮੁਦਈ ਤੋਂ ਵਸੂਲ ਕੀਤੀ ਰਿਸ਼ਵਤ ਦੀ ਰਾਸ਼ੀ ਪੰਜ ਹਜ਼ਾਰ ਰੁਪਏ ਵੀ ਬਰਾਮਦ ਕਰਵਾ ਲਈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਗਿਰਫਤਾਰ ਦੋਸ਼ੀ ਥਾਣੇਦਾਰ ਕਰਮਜੀਤ ਸਿੰਘ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਸੈਕਸ਼ਨ 7 ਤਹਿਤ ਥਾਣਾ ਰੇਂਜ ਪਟਿਆਲਾ ਵਿਖੇ ਕੇਸ ਦਰਜ਼ ਕਰਕੇ, ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਰੰਗੇ ਹੱਥੀ ਕਾਬੂ ਕੀਤੇ ਥਾਣੇਦਾਰ ਕਰਮਜੀਤ ਸਿੰਘ ਨੂੰ ਹੋਰ ਸਖਤੀ ਨਾਲ ਪੁੱਛਗਿੱਛ ਦੀ ਮੰਸ਼ਾ ਨਾਲ ਭਲ੍ਹਕੇ, ਮੰਗਲਵਾਰ ਨੂੰ ਪੁਲਿਸ ਰਿਮਾਂਡ ਹਾਸਿਲ ਕਰਨ ਲਈ ਮਾਨਯੋਗ ਅਦਾਲਤ ਬਰਨਾਲਾ ਵਿਖੇ ਪੇਸ਼ ਕੀਤਾ ਜਾਵੇਗਾ। 


Spread the love
Scroll to Top