ਵਧੀਕ ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ‘ਚ ਆਧਾਰ ਰਜਿਸਟ੍ਰੇਸ਼ਨ ਦੀ ਸਮੀਖਿਆ

Spread the love

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ‘ਚ ਆਧਾਰ ਰਜਿਸਟ੍ਰੇਸ਼ਨ ਦੀ ਸਮੀਖਿਆ

ਲੁਧਿਆਣਾ, 25 ਅਗਸਤ (ਦਵਿੰਦਰ ਡੀ ਕੇ)

ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਸ੍ਰੀਮਤੀ ਦਲਜੀਤ ਕੌਰ ਵੱਲੋਂ ਜ਼ਿਲ੍ਹੇ ਵਿੱਚ ਆਧਾਰ ਰਜਿਸਟ੍ਰੇਸ਼ਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਿਸ ਤਹਿਤ 0-5 ਸਾਲ ਅਤੇ 5-18 ਸਾਲ ਦੀ ਉਮਰ ਵਰਗ ਦੇ ਆਧਾਰ ਕਾਰਡ ਬਣਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਦਲਜੀਤ ਕੌਰ ਵੱਲੋਂ ਸਿੱਖਿਆ, ਪੰਚਾਇਤ ਅਤੇ ਪੇਂਡੂ ਵਿਕਾਸ, ਡਾਕ, ਖੁਰਾਕ ਤੇ ਸਿਵਲ ਸਪਲਾਈ ਅਤੇ ਹੋਰ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਆਧਾਰ ਰਜਿਸਟਰੇਸ਼ਨ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪਿੰਡਾਂ, ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣ ਤਾਂ ਜੋ 18 ਸਾਲ ਤੋਂ ਘੱਟ ਉਮਰ ਦੀ ਆਬਾਦੀ ਨੂੰ ਜਲਦ ਕਵਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 223 ਆਧਾਰ ਕਿੱਟਾਂ ਉਪਲੱਬਧ ਹਨ ਅਤੇ ਇਸ ਤੋਂ ਇਲਾਵਾ 26 ਡਾਕਘਰ ਅਤੇ 40 ਸੇਵਾ ਕੇਂਦਰ ਚੱਲ ਰਹੇ ਹਨ ਜਿੱਥੇ ਲੋਕ ਆਪਣਾ ਆਧਾਰ ਕਾਰਡ ਬਣਵਾਉਣ ਲਈ ਅਪਲਾਈ ਕਰ ਸਕਦੇ ਹਨ। ਇਸ ਦੌਰਾਨ ਸ੍ਰੀਮਤੀ ਦਲਜੀਤ ਕੌਰ ਵੱਲੋਂ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਕਿ  ਕੈਂਪਾਂ ਦੀ ਯੋਜਨਾ ਇਸ ਢੰਗ ਨਾਲ ਉਲੀਕੀ ਜਾਵੇ ਜਿਸ ਰਾਹੀਂ ਲੋਕ ਆਸਾਨੀ ਨਾਲ ਆਪਣੇ ਆਧਾਰ ਕਾਰਡ ਬਣਵਾ ਸਕਣ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਤੱਕ ਲਾਭ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਕੈਂਪਾਂ ਬਾਰੇ ਸਹੀ ਜਾਗਰੂਕਤਾ ‘ਤੇ ਵੀ ਜ਼ੋਰ ਦਿੱਤਾ। ਮੀਟਿੰਗ ਦੌਰਾਨ ਜ਼ਿਲ੍ਹਾ ਖੁਰਾਕ ਸਪਲਾਈਜ਼ ਕੰਟਰੋਲਰ (ਪੂਰਬੀ) ਸ੍ਰੀਮਤੀ ਸਿਫਾਲੀ ਚੋਪੜਾ ਅਤੇ (ਪੱਛਮੀ) ਸ੍ਰੀਮਤੀ ਮਿਨਾਕਸ਼ੀ ਤੋਂ ਇਲਾਵਾ ਡੀ.ਡੀ.ਪੀ.ਓ. ਸ. ਬਲਜਿੰਦਰ ਸਿੰਘ ਗਰੇਵਾਲ, ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਸ. ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।


Spread the love
Scroll to Top