ਵਿਕਾਸ ਨੇ ਇਹ ਸੜਕ ਦੇ ਕੰਢੇ ਤੋਂ ਲਈ ਸੈਂਕੜੇ ਦਰਖ਼ਤਾਂ ਦੀ ਬਲੀ

Spread the love

ਛਾਂਦਾਰ ਰੁੱਖਾਂ ਤੇ ਕੁਹਾੜੇ ਪਿੱਛੋਂ ਗੰਜੀ ਹੋਈ ਬਠਿੰਡਾ ਡੱਬਵਾਲੀ ਸੜਕ 

ਅਸ਼ੋਕ ਵਰਮਾ ,ਬਠਿੰਡਾ, 10 ਜੂਨ 2023
      ਬਠਿੰਡਾ ਡੱਬਵਾਲੀ ਕੌਮੀ ਸ਼ਾਹਰਾਹ ਮਾਰਗ ਨੂੰ ਚੌੜਾ ਲਈ ਰੁੱਖ ਕੱਟਣ ਦਾ ਕੰਮ ਸ਼ੁਰੂ ਹੋ ਗਿਆ ਹੈ । ਜਿਸ ਤੋਂ ਬਾਅਦ ਇਹ ਸੜਕ ਗੰਜੀ ਦਿਖਾਈ ਦੇਣ ਲੱਗੀ ਹੈ। ਇਹ ਸੜਕ  ਹੋਰਨਾਂ ਸੜਕਾਂ ਨਾਲੋਂ ਜਿਆਦਾ ਹਰੀ ਭਰੀ ਸੀ ਤੇ ਇਸ ਦੇ ਦੋਵੇਂ ਪਾਸੇ ਵਾਲੀ ਹਰੀ ਪੱਟੀ ’ਚ ਕਾਫੀ ਪੁਰਾਣੇ ਦਰਖਤ ਵੀ ਮੌਜੂਦ ਸਨ। ਇਹ ਸੜਕ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣਾਈ ਜਾ ਰਹੀ ਹੈ । ਜਿਸ ਦੀ ਸ਼ੁਰੂਆਤ ਦਾ ਲੰਮਾ ਸਮਾਂ ਰੱਫੜ ਪਿਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ  ਸੜਕ ਦੀ ਉਸਾਰੀ ਹੋਣ ਨਾਲ ਸਫਰ ਸੌਖਾਲਾ ਹੋ ਜਾਏਗਾ ,ਆਵਾਜਾਈ ਦੇ  ਰੋਗ ਸਦਾ ਲਈ ਕੱਟੇ ਜਾਣਗੇ  ਅਤੇ ਹਾਦਸਿਆਂ ਦੀ ਗਿਣਤੀ ਘਟੇਗੀ।
              ਇਸ ਦੇ ਉਲਟ ਸੜਕ ਤੋਂ ਹਰੇ ਭਰੇ ਸੰਘਣੇ ਰੁੱਖਾਂ ਦੀ ਕਟਾਈ ਨਾਲ ਮੀਲਾਂ ਦੂਰ ਹਰੀ ਪੱਟੀ ਦਾ ਸਦਾ ਲਈ ਖਾਤਮਾ ਹੋ ਜਾਵੇਗਾ। ਹਾਲਾਂ ਕਿ ਕੱਟੇ ਜਾਣ ਵਾਲੇ ਰੁੱਖਾਂ ਬਦਲੇ ਨਵੇਂ ਪੌਦੇ ਲਾਉਣ ਦੀ ਗੱਲ ਆਖੀ ਜਾ ਰਹੀ ਹੈ । ਪਰ ਨਵੇਂ ਪੌਦਿਆਂ ਦੇ ਰੁੱਖ ਬਣਨ ਤੱਕ ਵਾਤਾਵਰਨ ਨੂੰ ਵੱਡੀ ਸੱਟ ਵੱਜੇਗੀ। ਇਸ ਸੜਕ ਵਾਸਤੇ ਕਰੀਬ ਅੱਧੀ ਦਰਜਨ ਪਿੰਡਾਂ ਦੀ ਖੇਤੀਬਾੜੀ ਵਪਾਰਕ ਅਤੇ ਰਿਹਾਇਸ਼ੀ ਜ਼ਮੀਨ ਐਕੁਵਾਇਰ ਕੀਤੀ ਗਈ ਹੈ। ਜਮੀਨੀ ਮੁਆਵਜ਼ੇ ਦਾ ਰੱਫੜ ਮੁੱਕਣ ਤੋਂ ਬਾਅਦ ਰੁੱਖਾਂ ਦੀ ਕਟਾਈ ਸ਼ੁਰੂ ਕੀਤੀ ਹੋਈ ਹੈ। ਅਕਵਾਇਰ ਕੀਤੀ ਜ਼ਮੀਨ ਅਤੇ ਸੜਕ ਦੇ ਕੰਢੇ ਤੇ ਵੱਡੀ ਗਿਣਤੀ ਰੁੱਖ ਲੱਗੇ ਹੋਏ ਹਨ। ਇਸ ਪੱਤਰਕਾਰ ਨੇ ਦੇਖਿਆ ਕਿ  ਬਠਿੰਡਾ ਜਿਲ੍ਹੇ ’ਚ ਤਾਂ ਕਾਫੀ ਰਕਬੇ ‘ਚ ਇਸ ਸੜਕ ਦੇ ਦੋਵੇਂ ਤਰਫ ਦਰੱਖਤਾਂ ਤੋਂ ਬਗੈਰ ਧਰਤੀ ਸੁੰਨੀ ਸੁੰਨੀ ਦਿਖਾਈ ਦੇਣ ਲੱਗ ਪਈ ਹੈ।
            ਦੱਸਣਯੋਗ ਹੈ ਕਿ ਹੈ ਬਠਿੰਡਾ ਤੋਂ ਡੱਬਵਾਲੀ ਤੱਕ ਇਸ ਸੜਕ ਦੀ ਲੰਬਾਈ ਤਕਰੀਬਨ 35 ਕਿਲੋਮੀਟਰ ਹੈ । ਜਿਸ ਤੇ ਦਿਨ ਰਾਤ ਆਵਾਜਾਈ ਦੀ ਭਰਮਾਰ ਰਹਿੰਦੀ ਹੈ । ਹਰਿਆਣਾ ਅਤੇ ਰਾਜਸਥਾਨ ਤੋਂ ਪੰਜਾਬ ਦੇ ਵੱਡੇ ਸਨਅਤੀ ਅਤੇ ਕਾਰੋਬਾਰੀ ਸ਼ਹਿਰਾਂ ਨੂੰ ਜਾਣ ਲਈ ਇਹ ਮਹੱਤਵਪੂਰਨ ਸੜਕ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਨੂੰ ਵੀ ਮਾਲ ਦੀ ਢੋਆ-ਢੁਆਈ ਲਈ ਜ਼ਿਆਦਾਤਰ ਗੱਡੀਆਂ ਇਸੇ ਰਸਤੇ ਜਾਂਦੀਆਂ ਹਨ। ਇਸ ਸੜਕ ਦੀ ਉਸਾਰੀ ਕਾਫ਼ੀ ਸਮਾਂ ਪਹਿਲਾਂ ਹੋਈ ਸੀ। ਜਿਸ ਤੋਂ ਬਾਅਦ ਇਹ ਸਿਰਫ  ਚੌੜੀ ਕੀਤੀ ਸੀ। ਅਜਿਹਾ ਕਰਨ ਨਾਲ ਆਰਜ਼ੀ ਤੌਰ ਤੇ ਰਾਹਤ ਤਾਂ ਮਿਲ ਗਈ ਪਰ ਸੜਕ ਤੇ ਹਾਦਸਿਆਂ ਨੂੰ  ਪੂਰੀ ਤਰ੍ਹਾਂ ਖਤਮ ਨਾ ਕੀਤਾ  ਜਾ ਸਕਿਆ।
                 ਹੁਣ ਜਦੋਂ ਕੇਂਦਰੀ ਸੜਕ ਮੰਤਰਾਲੇ ਨੇ ਇਹ ਸੜਕ  ਭਾਰਤਮਾਲਾ ਪ੍ਰੋਜੈਕਟ ਤਹਿਤ ਲਿਆਂਦੀ ਹੈ ਤਾਂ ਆਵਾਜਾਈ ਦੇ ਅੜਿੱਕੇ ਖਤਮ ਹੋਣ ਅਤੇ ਹਾਦਸਿਆਂ ਨੂੰ ਲਗਾਮ ਲੱਗਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਸੜਕ ਤੇ ਕਈ ਥਾਂ  ਅਜਿਹੇ ਵੀ ਹਨ ਜਿੱਥੇ ਅੱਖ ਦੇ ਫੋਰੇ ‘ਚ ਹਾਦਸਾ ਵਾਪਰ ਜਾਂਦਾ ਹੈ। ਇਨ੍ਹਾਂ ਤੱਥਾਂ ਨੂੰ ਮੁੱਖ ਰੱਖਦਿਆਂ ਹੁਣ ਇਸ ਸੜਕ ਨੂੰ ਕੌਮਾਂਤਰੀ ਮਾਪਦੰਡਾਂ ਤਹਿਤ ਇੱਦਾਂ ਦੀ ਬਣਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਲੰਮੇਂ ਸਮੇਂ ਦੌਰਾਨ ਕਿਸੇ ਕਿਸਮ ਦੀ ਤਬਦੀਲੀ ਕਰਨ ਦੀ ਲੋੜ ਨਹੀਂ ਪਏਗੀ। ਕੇਂਦਰੀ ਸੜਕ ਮੰਤਰਾਲੇ ਨੇ ਤਰਕ ਦਿੱਤਾ ਹੈ ਕਿ ਇਹ ਸੜਕ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਦੇ ਗੁਆਂਢੀ ਸੂਬਿਆਂ ਵਿੱਚ ਵਪਾਰ ਅਤੇ ਵਿਕਾਸ ਵਿੱਚ ਤੇਜ਼ੀ ਆਏਗੀ।
           ਭਾਵੇਂ ਵਿਕਾਸ ਅਤੇ ਆਵਾਜਾਈ ਦੇ ਨਾਂ ਤੇ ਇਸ ਸੜਕ ਦੀ ਉਸਾਰੀ ਨੂੰ ਜ਼ਰੂਰੀ ਦੱਸਿਆ ਜਾ ਰਿਹਾ ਹੈ । ਇਹ ਵੀ ਹਕੀਕਤ ਹੈ ਕਿ  ਇਸ ਕਿਸਮ ਦੇ ਵਿਕਾਸ ਨੇ ਸਿਰਫ਼ ਇਸ ਸੜਕ ਦੇ ਕੰਢੇ ਤੋਂ ਸੈਂਕੜੇ ਦਰਖ਼ਤਾਂ ਦੀ ਬਲੀ ਲੈ ਲਈ ਹੈ । ਪਿਛਲੇ ਦਸ ਵਰ੍ਹਿਆਂ ਦੌਰਾਨ ਇੱਕਲੇ ਮਾਲਵੇ ਦਾ ਅੰਕੜਾ ਕਰੋੜਾਂ ਦਾ ਹੈ।  ਸੂਤਰਾਂ ਮੁਤਾਬਕ ਪੰਜਾਬ ਹੁਣ ਦਰਖਤਾਂ ਦੀ ਕਟਾਈ ਦੇ ਮਾਮਲੇ ਵਿੱਚ  ਦੇਸ਼ ਦਾ ਪੰਜਵਾਂ ਅਜਿਹਾ ਸੂਬਾ ਬਣ ਗਿਆ ਹੈ ਜਿਥੇ ਸਭ ਤੋਂ ਵੱਧ ਹਰਿਆਲੀ ਕੰਕਰੀਟ ਵਿੱਚ ਤਬਦੀਲ ਹੋਈ ਹੈ। ਸੂਤਰ ਦੱਸਦੇ ਹਨ ਕਿ ਉੱਤਰੀ ਭਾਰਤ ‘ਚੋਂ ਪੰਜਾਬ ਦਰੱਖਤਾਂ ਦੀ ਕਟਾਈ ਵਿੱਚ ਪਹਿਲੇ ਨੰਬਰ ‘ਤੇ ਹੈ। ਕੇਂਦਰ ਸਰਕਾਰ ਤੋਂ ਪ੍ਰਵਾਨਗੀ ਲੈਣ ਪਿੱਛੋਂ ਵੱਡੇ ਜੰਗਲਾਤੀ ਰਕਬੇ ਨੂੰ ਹੋਰਨਾਂ  ਕੰਮਾਂ ਲਈ ਤਬਦੀਲ ਕੀਤਾ ਗਿਆ ਹੈ। 
             ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਵਿਕਾਸ ਨੇ ਹਰਿਆਲੀ ਨੂੰ ਸੱਟ ਮਾਰੀ ਹੈ। ਪੰਜਾਬ ਵਿੱਚ ਪਿਛਲੇ ਸਮੇਂ ਤੋਂ ਨਵੀਆਂ ਕਲੋਨੀਆਂ ਅਤੇ ਹੋਰ ਮੈਗਾ ਪ੍ਰੋਜੈਕਟ ਆਏ ਹਨ ਜਿਨ੍ਹਾਂ ਕਰਕੇ ਜੰਗਲਾਤ ਦਾ ਰਕਬਾ ਕਾਫੀ ਘਟਿਆ  ਹੈ। ਸੜਕਾਂ  ਚਹੁੰ ਮਾਰਗੀ ਕਰਨ  ਕਰਕੇ ਵੀ ਹਰੀ ਪੱਟੀ ਖਤਮ ਹੋਈ ਹੈ। ਇਸ ਖੇਤਰ ’ਚ ਪਹਿਲਾਂ ਹੀ ਰੁੱਖਾਂ ਦੀ ਕਾਫੀ ਕਮੀ ਹੋਣ ਕਰਕੇ ਵੱਧ ਤੋਂ ਵੱਧ ਦਰੱਖਤ  ਲਾਉਣ ਦੀ ਜਰੂਰਤ ਸੀ ਪਰ ਹੁਣ ਬਠਿੰਡਾ ਡੱਬਵਾਲੀ ਸੜਕ ਤੇ ਦੱਰਖ਼ਤਾਂ ਨੂੰ ਕੱਟਣ ਦੀ ਪ੍ਰਕਿਰਿਆ ਚੱਲ ਪਈ ਹੈ।ਪ੍ਰਸ਼ਾਸਨ  ਦਾ ਦਾਅਵਾ ਹੈ ਕਿ ਸੜਕ ਬਨਣ ਤੋਂ ਬਾਅਦ ਆਵਾਜਾਈ ਤੇਜ ਹੋਣ ਦੇ ਨਤੀਜੇ ਵਜੋਂ ਨਾ ਕੇਵਲ ਪ੍ਰਦੂਸ਼ਣ ਘਟੇਗਾ ਬਲਕਿ ਜੰਗਲਾਤ ਵਿਭਾਗ ਵੱਲੋਂ ਇੰਨ੍ਹਾਂ ਦੇ ਬਦਲੇ ‘ਚ ਲਾਏ ਜਾਣ ਵਾਲੇ ਰੁੱਖ ਆਉਂਦੇ 5-7 ਸਾਲਾਂ ’ਚ ਸਾਰੀ ਕਮੀ ਪੂਰੀ ਕਰ ਦੇਣਗੇ।
ਵੱਧ ਤੋਂ ਵੱਧ ਰੁੱਖ ਲਗਾਏ ਜਾਣ
ਵਾਤਾਵਰਣ ਪ੍ਰੇਮੀ ਅਤੇ ਸੇਵਾਮੁਕਤ ਅਧਿਆਪਕ ਰਾਕੇਸ਼ ਨਰੂਲਾ ਦਾ ਕਹਿਣਾ ਸੀ ਕਿ ਪ੍ਰਜੈਕਟ ਇਸ ਤਰ੍ਹਾਂ ਬਣਾਏ ਜਾਣ ਤਾਂ ਕਿ ਹਰਿਆਲੀ ਘੱਟ ਪ੍ਰਭਾਵਿਤ ਹੋਵੇ । ਉਨ੍ਹਾਂ ਮੰਗ ਕੀਤੀ ਕਿ ਵੱਡੇ ਰੁੱਖਾਂ ਦਾ ਤਾਂ ਬੇਲੋੜਾ ਵਿਨਾਸ਼ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਸੜਕ ਤੇ ਅਗੇਤੇ ਅਤੇ ਬਠਿੰਡਾ ਪੱਟੀ ਦੀਆਂ ਸਮੂਹ ਸੜਕਾਂ ਤੇ ਵੱਧ ਤੋਂ ਵੱਧ ਰੁੱਖ ਲਾਉਣ ਦੀ ਪਹਿਲਕਦਮੀ ਕਰੇ ਤਾਂ ਜੋ ਵਾਤਾਵਰਨ ਦਾ ਨੁਕਸਾਨ ਨਾ ਹੋਵੇ।

Spread the love
Scroll to Top