-ਸੁਫਨਾ ਬਣ ਕੇ ਰਹਿ ਗਏ,ਢਿੱਲੋਂ ਦੇ ,ਯੂਨੀਵਰਸਿਟੀ, ਮੈਡੀਕਲ ਕਾਲਜ਼ ਅਤੇ ਡੀਐਮਸੀ ਵਰਗਾ ਹਸਪਤਾਲ ਬਣਾਉਣ ਦੇ ਵਾਅਦੇ
–ਲੋਕਾਂ ਲਈ ਸਫੈਦ ਹਾਥੀ ਹੀ ਸਿੱਧ ਹੋਵੇਗੀ ਬੱਜਟ ਵਿੱਚ ਐਲਾਨੀ ਫੋਰੈਂਸਿਕ ਸਾਇੰਸ ਲੈਬ
ਬਰਨਾਲਾ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੋਸਤ ਵੱਜੋਂ ਪਹਿਚਾਣ ਬਣਾ ਕੇ ਜਿਲ੍ਹੇ ਦੇ ਲੋਕਾਂ ਚ, ਵਿਕਾਸ ਪੁਰਸ਼ ਨਾਲ ਪ੍ਰਸਿੱਧ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦਾ ਆਪਣਾ ਜਿਲ੍ਹਾ ਸਰਕਾਰ ਦੇ ਚੌਥੇ ਬੱਜਟ ਵਿੱਚ ਵੀ ਫਾਡੀ ਹੀ ਰਹਿ ਗਿਆ। ਜਦੋਂ ਕਿ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਜਿਲ੍ਹੇ ਸੰਗਰੂਰ ਵੱਲ ਸਰਕਾਰ ਦੇ ਖਜ਼ਾਨੇ ਦਾ ਮੂੰਹ ਵੱਡੇ ਦਿਲ ਨਾਲ ਖੋਹਲਿਆ ਗਿਆ ਹੈ। ਬਰਨਾਲਾ ਜਿਲ੍ਹੇ ਨੂੰ ਬੇਸ਼ੱਕ ਬੱਜਟ ਵਿੱਚ ਫੋਰੈਂਸਿਕ ਸਾਇੰਸ ਲੈਬ ਦੀ ਦਾਤ ਬਖਸ਼ੀ ਗਈ ਹੈ। ਪਰੰਤੂ ਜਿਲ੍ਹੇ ਦੇ ਲੋਕਾਂ ਨੂੰ ਇਸ ਲੈਬ ਦਾ ਕੋਈ ਲਾਭ ਨਹੀ ਹੋਵੇਗਾ। ਬਲਿਕ ਪੁਲਿਸ ਨੂੰ ਹੀ ਇਸਦਾ ਫਾਇਦਾ ਹੋਵੇਗਾ, ਕਿਉਂਕਿ ਪੁਲਿਸ ਨੂੰ ਹੁਣ ਤੱਕ ਵੱਖ ਵੱਖ ਕੇਸਾਂ ਦੀ ਜਾਂਚ ਲਈ, ਨਮੂਨੇ ਖਰੜ ਭੇਜਣੇ ਪੈਂਦੇ ਸਨ। ਇਸ ਸਮਝੋ ਕਿ ਜਿਲ੍ਹੇ ਨੂੰ ਇਹ ਲੈਬ ਮਿਲਣ ਨਾਲ ਪੁਲਿਸ ਨੂੰ ਐਨਡੀਪੀਐਸ ਐਕਟ ਦੇ ਕੇਸਾਂ ਅਤੇ ਬਿਸਰਾ ਦੀ ਜਾਂਚ ਲਈ ਖਰੜ ਨਮੂਨੇ ਭੇਜਦ ਦੀ ਲੋੜ ਨਹੀ ਪਵੇਗੀ। ਯਾਨੀ ਇਸ ਲੈਬ ਦਾ ਜਿਲ੍ਹੇ ਦੇ ਲੱਖਾਂ ਲੋਕਾਂ ਨੂੰ ਕੋਈ ਫਾਇਦਾ ਨਹੀ ਹੋਵੇਗਾ।
-ਢਿੱਲੋਂ ਨੂੰ ਲੋਕਾਂ ਤੇ ਗੁੱਸਾ,,,
ਢਿੱਲੋਂ ਦੇ ਸਮਰਥੱਕ ਆਪਣੀਆਂ ਕਮੀਆਂ ਵੱਲ ਧਿਆਨ ਦੇਣ ਦੀ ਬਜਾਏ, ਬਰਨਾਲਾ ਇਲਾਕੇ ਦੇ ਲੋਕਾਂ ਦੇ ਸਿਰ ਹੀ ਹਾਰ ਦਾ ਠੀਕਰਾ ਭੰਨਦੇ ਹਨ। ਕਿ ਇਸ ਵਾਰ ਸਰਕਾਰ ਬਣਨੀ ਸੀ, ਲੋਕਾਂ ਨੇ ਢਿੱਲੋਂ ਨੂੰ ਹਰਾ ਦਿੱਤਾ। ਜਿਸ ਕਰਕੇ ਉੱਨ੍ਹਾਂ ਨੂੰ ਬਰਨਾਲਾ ਵਾਸੀਆਂ ਨਾਲ ਡਾਹਢਾ ਰੰਜ ਹੈ। ਇਹੋ ਕਾਰਣ ਹੈ ਕਿ ਉਹ ਬਰਨਾਲਾ ਜਿਲ੍ਹੇ ਦੇ ਲੋਕਾਂ ਨਾਲ ਕੀਤੇ ਵੱਡੇ ਵਾਅਦੇ ਪੂਰੇ ਕਰਨ ਤੋਂ ਕੰਨੀ ਖਿਸਕਾ ਰਹੇ ਹਨ। ਉੱਧਰ ਰਾਜਸੀ ਪੰਡਿਤਾਂ ਦਾ ਮੰਨਣਾ ਇਹ ਹੈ ਕਿ ਕਾਂਗਰਸ ਸਰਕਾਰ ਤੇ ਢਿੱਲੋਂ ਦੀ ਜਿਲ੍ਹੇ ਦੇ ਕੰਮਾਂ ਲਈ ਦਿਖਾਈ ਜਾ ਰਹੀ ਬੇ-ਰੁਖੀ ਪਾਰਟੀ ਤੇ ਢਿੱਲੋਂ ਦੀਆਂ ਜੜ੍ਹਾਂ ਨੂੰ ਤੇਲ ਹੀ ਦੇਵੇਗੀ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਢਿੱਲੋਂ ਨੇ ਬਰਨਾਲਾ ਨੂੰ ਜਿਲ੍ਹਾ ਬਣਾਇਆ ਤਾਂ, ਲੋਕਾਂ ਨੇ ਵੀ ਇਸਦਾ ਕਰਜ਼ ਉਨ੍ਹਾਂ ਨੂੰ ਲਗਾਤਾਰ ਦੋ ਵਾਰ ਵਿਧਾਇਕ ਬਣਾ ਕੇ ਵੀ ਮੋੜਿਆ ਹੈ। ਜਦੋਂ ਕਿ ਉੱਨ੍ਹਾਂ ਦੇ ਵਿਧਾਇਕ ਬਣਨ ਤੋਂ ਬਾਅਦ ਕੀਤੇ ਕੰਮ ਚੀਚੀ ਉਂਗਲੀ ਤੋਂ ਵੀ ਗਿਣਤੀ ਚ, ਘੱਟ ਰਹਿ ਜਾਂਦੇ ਹਨ।
-ਢਿੱਲੋਂ ਦੇ ਵਾਅਦੇ ਚੌਥੇ ਬੱਜਟ ਚ, ਵੀ ਨਹੀ ਹੋਏ ਪੂਰੇ
ਵਰਨਣਯੋਗ ਹੈ ਕਿ ਜਦੋਂ ਤੋਂ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਜਿਲ੍ਹੇ ਦੀ ਕਮਾਂਡ ਸੰਭਾਲੀ ਹੈ। ਉਦੋਂ ਤੋਂ ਹੀ ਉਹ ਖੁਦ ਅਤੇ ਉਸਦੇ ਸਮੱਰਥਕ ਜਿਲ੍ਹੇ ਵਿੱਚ ਯੂਨੀਵਰਸਿਟੀ, ਮੈਡੀਕਲ ਕਾਲਜ਼ ਅਤੇ ਡੀਐਮਸੀ ਵਰਗਾ ਵੱਡਾ ਹਸਪਤਾਲ ਬਣਾਉਣ ਦਾ ਦਾਵਾ ਕਰਦੇ ਰਹੇ ਹਨ। ਢਿੱਲੋਂ ਦੇ ਰਾਜ਼ਨੀਤੀ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਉਹ ਦੋ ਵਾਰ ਵਿਧਾਇਕ ਬਣੇ। ਪਰੰਤੂ ਦੋਨੋਂ ਵਾਰ ਹੀ ਪੰਜਾਬ ਵਿੱਚ ਉਸਦੀ ਪਾਰਟੀ ਕਾਂਗਰਸ ਦੀ ਸਰਕਾਰ ਨਹੀਂ ਬਣੀ। ਲੋਕਾਂ ਨੂੰ ਵੀ ਸਰਕਾਰ ਨਾ ਬਣਨ ਕਰਕੇ ਢਿੱਲੋਂ ਦਾ ਵਾਅਦਾ ਵਫਾ ਨਾ ਹੋਣ ਕਰਕੇ ਬਹੁਤਾ ਗੁੱਸਾ ਨਹੀ ਆਇਆ। ਪਰ ਹੁਣ ਸਰਕਾਰ ਬਣੀ ਤਾਂ ਢਿੱਲੋਂ ਖੁਦ ਥੋੜ੍ਹੀਆਂ ਵੋਟਾਂ ਦੇ ਅੰਤਰ ਨਾਲ ਆਪ ਦੇ ਨੌ-ਸਿੱਖਇਏ ਨੌਜਵਾਨ ਨੇਤਾ ਤੋਂ ਹੀ ਮਾਤ ਖਾ ਗਏ।