ਵੱਡਾ ਨੁਕਸਾਨ ਟਲਿਆ, ਮੌਕੇ ਸਿਰ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ

Spread the love

ਕੌਮੀ ਮਾਰਗ ‘ਤੇ ਸੜਕ ਨੇੜੇ ਖੇਤਾਂ ‘ਚ ਪਰਾਲੀ ਸਾੜਨ ਦਾ ਮਾਮਲਾ  

ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਦੀ ਕੀਤੀ ਅਪੀਲ


ਰਘਬੀਰ ਹੈਪੀ , ਬਰਨਾਲਾ, 31 ਅਕਤੂਬਰ 2022
ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਨੂੰ ਠੱਲ ਪਾਉਣ ਲਈ ਜ਼ਿਲ੍ਹਾ ਪੱਧਰ ਉੱਤੇ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਨ੍ਹਾਂ ‘ਚ ਵੱਖ-ਵੱਖ ਸਰਕਾਰੀ ਅਫਸਰ ਅਤੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਜਿਹੜੇ ਕਿ ਮੌਕੇ ‘ਤੇ ਜਾ ਕੇ ਮੁਆਇਨਾ ਕਰਦੇ ਹਨ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਹਨ ਤੇ ਅੱਗ ਲੱਗਣ ਦੇ ਕੇਸਾਂ ਬਾਰੇ ਰਿਪੋਰਟ ਕਰਦੇ ਹਨ।                     
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ 30 ਅਕਤੂਬਰ ਦਿਨ ਐਤਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਕਿ ਕੌਮੀ ਮਾਰਗ ‘ਤੇ ਪਿੰਡ ਹਰੀਗੜ੍ਹ ਨੇੜੇ ਖੇਤਾਂ ਵਿਚ ਅੱਗ ਲੱਗੀ ਹੋਈ ਹੈ। ਇਸ ਦੀ ਸੂਚਨਾ ਮਿਲਦੇ ਹੀ ਕਲੱਸਟਰ ਕੋਆਰਡੀਨੇਟਰ ਦਿਲਦਾਰ ਸਿੰਘ ਅਤੇ ਪਟਵਾਰੀ ਲਵਪ੍ਰੀਤ ਸਿੰਘ ਮੌਕੇ ਉੱਤੇ ਪਹੁੰਚੇ। ਉਨ੍ਹਾਂ ਨੇ ਫਾਇਰ ਬ੍ਰਿਗੇਡ ਅਮਲੇ ਦੇ ਸਹਿਯੋਗ ਨਾਲ ਅੱਗ ਬੁਝਾਈ।               
ਇਸ ਮੌਕੇ ਪੁੱਜੇ ਉਪ ਮੰਡਲ ਮੈਜਿਸਟ੍ਰੇਟ ਗੋਪਾਲ ਸਿੰਘ ਨੇ ਦੱਸਿਆ ਕਿ ਅੱਗ ਕਾਰਣ ਸੜਕ ਉੱਤੇ ਧੁੰਆਂ ਛਾ ਗਿਆ। ਜੇਕਰ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਸੜਕੀ ਆਵਾਜਾਈ ਵਿੱਚ ਵਿਘਨ ਪੈਣ ਕਾਰਨ ਵੱਡੇ ਨੁਕਸਾਨ ਦਾ ਖਦਸ਼ਾ ਸੀ।
ਦਿਲਦਾਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਅਤੇ ਪਟਵਾਰੀ ਲਵਪ੍ਰੀਤ ਸਿੰਘ ਪਹੁੰਚੇ ਤਾਂ ਵੇਖਿਆ ਕਿ ਅੱਗ ਨਾਲ ਦੇ ਖੇਤਾਂ ਵਾਲ ਵੱਧ ਰਹੀ ਸੀ, ਜਿੱਥੇ ਝੋਨਾ ਖੜ੍ਹਾ ਸੀ। ਜ਼ਮੀਨ ਗਿੱਲੀ ਹੋਣ ਕਾਰਨ ਅੱਗ ਬੁਝਾਉਣ ਵਾਲੀ ਮਸ਼ੀਨ ਉਸ ਤਰਫ ਨਹੀਂ ਸੀ ਜਾ ਸਕਦੀ ਸੀ। ਇਸ ‘ਤੇ ਉਨ੍ਹਾਂ ਦੋਵਾਂ ਨੇ ਕੋਲ ਪਈਆਂ ਝਾੜੀਆਂ ਨਾਲ ਅੱਗ ਬੁਝਾਈ।
ਕਲੱਸਟਰ ਟੀਮ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਅਤੇ ਉਪ ਮੰਡਲ ਮੈਜਿਸਟ੍ਰੇਟ ਗੋਪਾਲ ਸਿੰਘ ਨੇ ਕਿਹਾ ਕਿ ਬਾਕੀ ਦੇ ਕਰਮਚਾਰੀ ਵੀ ਆਪਣੀ ਡਿਊਟੀ ਇਸ ਤਰ੍ਹਾਂ ਹੀ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਪ੍ਰਬੰਧਨ ਵਿਚ ਸਾਥ ਦੇਣ।


Spread the love
Scroll to Top