ਸਟੇਜ਼ ਤੇ ਨੱਚਦੀ ਨੂੰ ਗੋਲੀ ਮਾਰਨ ਵਾਲੇ ਨੂੰ ਸਜ਼ਾ ਬੋਲਗੀ,,,

Spread the love

ਡਾਂਸਰ ਨੂੰ ਗੋਲੀ ਮਾਰ ਦੇਣ ਦੀ ਵਾਰਦਾਤ ਦੀ ਵੀਡੀਉ ਹੋਈ ਸੀ ਸ਼ੋਸ਼ਲ ਮੀਡੀਆ ਤੇ ਵਾਇਰਲ

ਅਸ਼ੋਕ ਵਰਮਾ ਬਠਿੰਡਾ, 15 ਅਪਰੈਲ 2023
       ਜ਼ਿਲ੍ਹੇ ਦੀ ਮੌੜ ਮੰਡੀ ਵਿੱਚ ਕਰੀਬ ਸੱਤ ਵਰ੍ਹੇ ਪਹਿਲਾਂ ਮੈਰਿਜ ਪੈਲੇਸ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਕਾਰਨ ਸਟੇਜ ’ਤੇ ਨੱਚ ਰਹੀ ਆਰਕੈਸਟਰਾ ਡਾਂਸਰ ਕੁਲਵਿੰਦਰ ਕੌਰ ਉਰਫ਼ ਜਾਨੂ ਦੀ ਮੌਤ ਦੇ ਮਾਮਲੇ ਵਿੱਚ ਬਠਿੰਡਾ ਅਦਾਲਤ ਨੇ ਇੱਕ ਦੋਸ਼ੀ ਨੂੰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਦੋਂ ਕਿ ਦੂਸਰੇ ਨੂੰ ਬਰੀ ਕਰ ਦਿੱਤਾ ਹੈ।  ਤਕਰੀਬਨ ਸੱਤ ਸਾਲ ਚੱਲਿਆ ਇਹ ਮਾਮਲਾ ਸੁਣਵਾਈ ਦੌਰਾਨ ਵੱਖ ਵੱਖ ਪੜਾਵਾਂ ਵਿੱਚੋਂ ਦੀ ਗੁਜ਼ਰਿਆ ਹੈ। ਇਸ ਹੱਤਿਆ ਕਾਂਡ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੱਡੀ ਪੱਧਰ ਤੇ ਵਾਇਰਲ ਹੋਈ ਸੀ।
     ਥਾਣਾ ਮੌੜ ਪੁਲੀਸ ਨੇ ਇਸ ਹੱਤਿਆਕਾਂਡ ਮਾਮਲੇ ਵਿੱਚ ਮ੍ਰਿਤਕਾ ਕੁਲਵਿੰਦਰ ਕੌਰ ਦੇ ਪਤੀ ਰਜਿੰਦਰ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਦੋਸ਼ੀ ਲੱਕੀ ਗੋਇਲ ਉਰਫ਼ ਬਿੱਲਾ ਅਤੇ ਇੱਕ ਹੋਰ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਸੀ। ਇਸ ਮਾਮਲੇ ਨਾਲ ਜੁੜੇ ਗੰਭੀਰ ਪਹਿਲੂ ਇਹ ਵੀ ਹੈ ਕਿ ਜਦੋਂ ਕੁਲਵਿੰਦਰ ਕੌਰ ਗੋਲੀ ਲੱਗਣ ਨਾਲ ਮਾਰੀ ਗਈ ਤਾਂ ਉਸ ਵਕਤ ਉਹ ਗਰਭਵਤੀ ਸੀ।
       ਹੁਣ ਐਡੀਸ਼ਨਲ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਫੌਜਦਾਰੀ ਮਾਮਲਿਆਂ ਦੇ ਪ੍ਰਸਿੱਧ ਵਕੀਲ ਰਾਜੇਸ਼ ਸ਼ਰਮਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ  ਦੋਸ਼ੀ ਲੱਕੀ ਗੋਇਲ ਨੂੰ 8 ਸਾਲ ਦੀ ਕੈਦ ਦੀ ਸਜ਼ਾ ਅਤੇ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਅਦਾਲਤ ਨੇ ਆਰਮਜ਼ ਐਕਟ ਅਧੀਨ  ਲੱਕੀ  ਗੋਇਲ ਨੂੰ 3 ਸਾਲ ਦੀ ਵੱਖਰੀ ਸਜ਼ਾ ਅਤੇ ਇੱਕ ਹਜ਼ਾਰ ਰੁਪਏ ਜੁਰਮਾਨਾ  ਵੀ ਲਾਇਆ ਹੈ । ਇਸ ਮਾਮਲੇ ਵਿਚ ਨਾਮਜ਼ਦ ਕੀਤੇ ਸੰਜੇ ਕੁਮਾਰ ਨੂੰ ਬਰੀ ਕਰ ਦਿੱਤਾ ਹੈ।
         ਦੱਸਣਯੋਗ ਹੈ ਕਿ 3 ਦਸੰਬਰ 2016 ਨੂੰ ਮੌੜ ਮੰਡੀ ਦੇ ਅਸ਼ੀਰਵਾਦ ਮੈਰਿਜ ਪੈਲੇਸ  ਵਿਚ ਵਿਆਹ ਸਮਾਗਮ ਚੱਲ ਰਿਹਾ ਸੀ । ਪੰਜਾਬ ਮਿਊਜ਼ੀਕਲ ਗਰੁੱਪ ਨਾਮਕ ਆਰਕੈਸਟਰਾ ਮੌੜ ਨਿਵਾਸੀ ਨਰਿੰਦਰ ਕੁਮਾਰ ਦੇ ਲੜਕੇ ਦੇ ਵਿਆਹ  ਸਮਾਗਮ ’ਚ ਪ੍ਰੋਗਰਾਮ ਪੇਸ਼ ਕਰਨ ਆਇਆ ਹੋਇਆ ਸੀ। ਗਰੁੱਪ ਵਿੱਚ  ਆਰਕੈਸਟਰਾ ਦੀ ਮੈਂਬਰ  ਕੁਲਵਿੰਦਰ ਕੌਰ  (25) ਪਤਨੀ ਰਾਜਿੰਦਰ ਸਿੰਘ ਵਾਸੀ ਬਠਿੰਡਾ ਵੀ ਆਈ ਹੋਈ ਸੀ। 
       ਰਾਤ ਲਗਭਗ 11 ਵਜੇ ਕੁਲਵਿੰਦਰ ਹੋਰਨਾਂ ਲੜਕੀਆਂ ਨਾਲ ਜਦੋਂ ਸਟੇਜ ’ਤੇ ਆਪਣੇ ਸਾਥੀਆਂ ਨਾਲ ਡਾਂਸ ਕਰ ਰਹੀ ਸੀ ਤਾਂ ਉੱਥੇ ਕੁੱਝ  ਨੌਜਵਾਨਾਂ ਵੱਲੋਂ ਹੱਥ ਵਿੱਚ ਬਾਰਾਂ ਬੋਰ ਦੀ ਰਾਇਫਲ ਫੜ ਕੇ  ਭੰਗੜਾ ਪਾਇਆ ਜਾ ਰਿਹਾ ਸੀ। ਇਸ ਦੌਰਾਨ ਬਿੱਲਾ ਨਾਂ ਦੇ ਵਿਅਕਤੀ ਨੇ ਸਟੇਜ ’ਤੇ ਚੜ੍ਹ ਕੇ ਲੜਕੀਆਂ ਨਾਲ ਨੱਚਣ ਦੀ ਜ਼ਿੱਦ ਕੀਤੀ । ਜਿਸ ਦਾ ਸਟੇਜ ਚਲਾਉਣ ਵਾਲੇ ਵਿਅਕਤੀ  ਨੇ ਵਿਰੋਧ ਕੀਤਾ । ਇਸ ਮੌਕੇ ਬਿੱਲੇ ਨੇ  ਰਾਈਫਲ ਨਾਲ ਗੋਲੀ ਚਲਾ ਦਿੱਤੀ । ਗੋਲੀ ਸਟੇਜ ’ਤੇ  ਡਾਂਸ ਕਰ ਰਹੀ ਕੁਲਵਿੰਦਰ ਕੌਰ ਦੇ ਸਿਰ ’ਚ ਜਾ ਲੱਗੀ ਜੋ ਜਾਨਲੇਵਾ  ਸਾਬਤ ਹੋਈ। ਇਸ ਤੋਂ ਬਾਅਦ ਬਿੱਲਾ ਅਤੇ ਉਸ ਦੇ ਨਾਲ  ਇੱਕ ਹੋਰ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। 
        ਥਾਣਾ ਮੌੜ ਦੀ ਪੁਲੀਸ ਵੱਲੋਂ ਮ੍ਰਿਤਕ ਲੜਕੀ ਦੇ ਪਤੀ ਰਾਜਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਸੀ ਜਿਸ ਤੇ ਜਨਤਕ ਧਿਰਾਂ ਨੇ ਸਵਾਲ ਉਠਾਏ ਸਨ। ਮਾਮਲਾ ਉਦੋਂ ਵਿਗੜ ਗਿਆ ਜਦੋਂ ਪੁਲੀਸ ਵੱਲੋਂ  ਕਤਲ ਦੇ ਦੋਸ਼ਾਂ  ਤਹਿਤ ਦਰਜ ਮੁਕੱਦਮੇ ਵਿੱਚ ਤਬਦੀਲੀ ਕਰਦਿਆਂ ਧਾਰਾ 302 ਹਟਾ ਦਿੱਤੀ ਅਤੇ ਧਾਰਾ 304 ਏ ਨੂੰ ਸ਼ਾਮਲ ਕਰ ਲਿਆ । ਪੁਲਿਸ ਨੇ ਅਦਾਲਤ ਵਿੱਚ ਚਲਾਨ ਧਾਰਾ 304 ਏ ਤਹਿਤ ਦਾਇਰ ਕੀਤਾ ਤਾਂ ਦੋਸ਼ੀ ਨੂੰ ਜ਼ਮਾਨਤ ਮਿਲ ਗਈ।
      ਪੀੜਤ ਪਰਿਵਾਰ ਨੇ ਸਖਤ ਇਤਰਾਜ਼ ਜਤਾਇਆ ਅਤੇ ਪੁਲਿਸ ਦੀ ਇਸ ਕਾਰਵਾਈ ਤੋਂ ਖਫਾ ਹੋਕੇ  ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਆਪਣੇ ਵਕੀਲ ਰਾਹੀਂ ਸਾਲ 2018 ਵਿੱਚ ਪਟੀਸ਼ਨ ਦਾਖਲ ਕਰ ਦਿੱਤੀ। ਪਰਿਵਾਰ ਨੇ ਹਾਈਕੋਰਟ ਤੋਂ ਮੰਗ ਕੀਤੀ ਸੀ ਕਿ ਕਿਉਂ ਗੋਲੀ ਮਾਰ ਕੇ ਕੁਲਵਿੰਦਰ ਕੌਰ ਦਾ ਕਤਲ ਕੀਤਾ ਗਿਆ ਹੈ । ਇਸ ਲਈ ਇਹ ਮਾਮਲਾ ਧਾਰਾ 302 ਤਹਿਤ ਚਲਾਇਆ ਜਾਣਾ ਚਾਹੀਦਾ ਹੈ।  ਪਰਿਵਾਰ ਦੀ ਮੰਗ ਤੇ ਹਾਈਕੋਰਟ ਨੇ ਹੇਠਲੀ ਅਦਾਲਤ ਵਿੱਚ ਚੱਲ ਰਹੀ ਸੁਣਵਾਈ ਤੇ ਰੋਕ ਲਗਾ ਦਿੱਤੀ ਸੀ। ਕਾਫੀ ਲੰਬੀ ਬਹਿਸ ਅਤੇ ਸੁਣਵਾਈ ਤੋਂ ਬਾਅਦ ਫਰਵਰੀ 2022 ਵਿੱਚ ਪਟੀਸ਼ਨ ਨੂੰ ਮਨਜ਼ੂਰ ਕਰਦਿਆਂ ਹੇਠਲੀ ਅਦਾਲਤ ਨੂੰ ਧਾਰਾ 302 ਤਹਿਤ ਕੇਸ ਚਲਾਉਂਣ ਦੇ ਹੁਕਮ ਦਿੱਤੇ ਸਨ। ਹੁਣ ਐਡੀਸ਼ਨਲ ਸੈਸ਼ਨ ਜੱਜ  ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਨਾਮਜ਼ਦ ਦੋਸ਼ੀ ਨੂੰ 8 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ  । ਅਦਾਲਤ ਨੇ ਇਸ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਨੂੰ ਬਰੀ ਕਰ ਦਿੱਤਾ ਹੈ।        

Spread the love
Scroll to Top