ਸਬਸਿਡੀ ’ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਲਈ ਕੱਢੇ ਡਰਾਅ

Spread the love

ਰਘਵੀਰ ਹੈਪੀ, ਬਰਨਾਲਾ, 9 ਮਾਰਚ 2023
ਸਬ ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ ਸਕੀਮ ਤਹਿਤ ਸਬਸਿਡੀ ’ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਤੇ ਕੰਪਿਊਟਰ ਰੈਡੀਮਾਈਜੇਸ਼ਨ ਵਿਧੀ ਰਾਹੀਂ ਗਠਿਤ ਕੀਤੀ ਕਮੇਟੀ ਤੇ ਕਿਸਾਨਾਂ ਦੀ ਹਾਜ਼ਰੀ ’ਚ ਡਰਾਅ ਕੱਢੇ ਗਏ।
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੇ ਹੁਕਮਾਂ ਅਤੇ ਡਾਇਰੈਕਟਰ ਖੇਤੀਬਾੜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ ਸਕੀਮ ਤਹਿਤ  ਵੱਖ ਵੱਖ  ਮਸ਼ੀਨਾਂ ਲਈ 387 (ਜਨਰਲ)  ਅਤੇ 9 (ਐਸ.ਸੀ. ਸ਼੍ਰੇਣੀ ) ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਅਰਜ਼ੀਆਂ ਵਿਚੋਂ ਲੇਜ਼ਰ ਲੈਂਡ ਲੈਵਲਰ, ਪੋਟੈਟੋ ਡਿੱਗਰ, ਫੋਰੇਜ ਹਾਰਵੈਸਰ, ਪਾਵਰ ਹੈਰੋ ਆਦਿ ਕੁੱਲ 52 (ਜਨਰਲ) ਅਤੇ 9  (ਐਸ.ਸੀ. ਸ਼੍ਰੇਣੀ) ਖੇਤੀ ਸੰਦ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤੇ ਜਾਣੇ ਹਨ, ਜਿਨ੍ਹਾਂ ਲਈ 73.95 ਲੱਖ ਜਨਰਲ ਸ਼੍ਰੇਣੀ ਲਈ ਫੰਡ ਅਤੇ 53.55 ਲੱਖ ਐਸ.ਸੀ. ਸ਼੍ਰੇਣੀ, ਸੀ ਐਚ ਸੀ (ਜ) 22.33 ਲੱਖ ਫੰਡ ਵੰਡਿਆ ਜਾਵੇਗਾ।
ਇਸ ਸਕੀਮ ਅਧੀਨ ਇੱਕ 25 ਲੱਖ ਅਤੇ ਇੱਕ ਦਸ ਲੱਖ ਦੀ ਲਾਗਤ ਵਾਲਾ ਕਸਟਮ ਹਾਇਰਿੰਗ ਸੈਂਟਰ ਵੀ ਸਥਾਪਿਤ ਕੀਤਾ ਜਾਵੇਗਾ, ਜਿਸ ਵਿੱਚ 25 ਲੱਖ ਅਤੇ ਦਸ ਲੱਖ ਦੀ ਲਾਗਤ ਨਾਲ ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਉਸ ਨੂੰ ਮਸ਼ੀਨਰੀ ਦੀ ਰਕਮ ਦਾ 40 ਫੀਸਦੀ ਜਾਂ 10 ਲੱਖ ਰੁਪਏ ਤੇ ਦੂਸਰੇ ਵਿੱਚ 4 ਲੱਖ (ਇਨ੍ਹਾਂ ਵਿੱਚੋਂ ਜੋ ਵੀ ਘੱਟ ਹੋਵੇ) ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।

ਇਨ੍ਹਾਂ ਮਸ਼ੀਨਾਂ ਲਈ ਪੰਜਾਬ ਸਰਕਾਰ ਦੇ ਖੇਤੀ ਮਸ਼ੀਨਰੀ ਪੋਰਟਲ ’ਤੇ ਅਰਜ਼ੀਆਂ ਦੀ ਮੰਗ 28 ਫਰਵਰੀ 2023 ਤੱਕ ਕੀਤੀ ਗਈ ਸੀ, ਜਿਸ ਲਈ ਡਰਾਅ ਕੱਢੇ ਗਏ ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੇ ਡਰਾਅ ਨਿਕਲੇ ਹਨ, ਉਹ ਕਿਸਾਨ ਆਪਣੀਆਂ ਮਸ਼ੀਨਾਂ ਜਲਦੀ ਖਰੀਦ ਲੈਣ ਤਾਂ ਜੋ ਸਮੇਂ ਸਿਰ ਸਬਸਿਡੀ ਜਾਰੀ ਕੀਤੀ ਜਾ ਸਕੇ। ਇਸ ਮੌਕੇ ਡਾ. ਗੁਰਚਰਨ ਸਿੰਘ ਖੇਤੀਬਾੜੀ ਅਫਸਰ ਸ਼ਹਿਣਾ, ਸ੍ਰੀ ਗੁਰਿੰਦਰ ਸਿੰਘ ਸਹਾਇਕ ਖੇਤੀਬਾੜੀ ਇੰਜੀਨੀਅਰ, ਲੀਡ ਬੈਂਕ ਦੇ ਅਧਿਕਾਰੀ, ਸ੍ਰੀ ਹਰਜੀਤ ਸਿੰਘ ਏ ਆਰ ਕੋਪਰੇਟਿਵ ਸੁਸਾਇਟੀ, ਸ੍ਰੀ ਬੇਅੰਤ ਸਿੰਘ ਤਕਨੀਸ਼ੀਅਨ ਗਰੇਡ—1, ਸ੍ਰੀਮਤੀ ਸੁਨੀਤਾ ਰਾਣੀ,  ਅਗਾਂਹਵਧੂ ਕਿਸਾਨ ਸ ਹਰਵਿੰਦਰ ਸਿੰਘ, ਸ੍ਰੀ ਬਲਜੀਤ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।


Spread the love
Scroll to Top