ਸਮਾਂ ਹੋਇਆ ਤੈਅ-ਹੁਣ ਕਦੇ ਵੀ ਨਾ ਮੁੜਨ ਵਾਲੇ ਸਫਰ ਵੱਲ ਵਧ ਰਿਹੈ ” ਪ੍ਰਕਾਸ਼ “

Spread the love

ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਪ੍ਰਕਾਸ਼ ਸਿੰਘ ਬਾਦਲ ਦਾ ਅੰਤਮ ਸੰਸਕਾਰ 

ਅਸ਼ੋਕ ਵਰਮਾ , ਬਾਦਲ 27 ਅਪ੍ਰੈਲ 2023

       ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅੰਤਮ ਸੰਸਕਾਰ ਲਈ ਜੰਗੀ ਪੱਧਰ ਤੇ ਤਿਆਰੀਆਂ ਜਾਰੀ ਹਨ। ਸ੍ਰੀ ਬਾਦਲ ਨੂੰ ਅੱਜ ਬਾਅਦ ਦੁਪਹਿਰ ਇੱਕ ਵਜੇ ਦੇ ਕਰੀਬ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ ਕਿੰਨੂਆਂ ਦੇ ਉਸ ਬਾਗ ਵਿਚ ਕੀਤਾ ਜਾਵੇਗਾ ਜੋ ਕਦੀ ਉਹਨਾਂ ਨੇ ਖੁਦ ਬਣਵਾਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।  ਅੰਤਮ ਸੰਸਕਾਰ ਦੀਆਂ ਰਸਮਾਂ ਨੂੰ ਢੁਕਵੇਂ ਢੰਗ ਨਾਲ ਨੇਪਰੇ ਚਾੜਨ ਲਈ ਆਈਜੀ ਪੀਕੇ ਯਾਦਵ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਤੇ ਏਡੀਸੀ ਵਿਕਰਮ ਸ਼ੇਰਗਿੱਲ ਨੇ ਪਿੰਡ ਵਿੱਚ ਬਾਦਲ ਪਰਿਵਾਰ ਦੇ ਮੈਂਬਰਾਂ ਅਤੇ ਅਕਾਲੀ ਦਲ ਆਗੂਆਂ ਨਾਲ ਮੀਟਿੰਗ ਕੀਤੀ ਹੈ।                                                          ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਪਾਰਕਿੰਗ ਲਈ ਪਿੰਡ ਦੇ ਆਲੇ-ਦੁਆਲੇ ਡੇਢ-ਦੋ ਸੌ ਏਕੜ ਰਕਬਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਦੇਹ ਨੂੰ  ਰਿਹਾਇਸ਼ ’ਤੇ ਦਰਸ਼ਨਾਂ ਲਈ ਰੱਖਿਆ ਗਿਆ ਹੈ। ਉਹਨਾਂ ਦੱਸਿਆ ਕਿ  ਕਰੀਬ 12 ਵਜੇ ਮਹਿਬੂਬ ਆਗੂ ਦੀ ਅੰਤਿਮ ਯਾਤਰਾ ਦੀ ਰਵਾਨਗੀ ਹੋਵੇਗੀ ਅਤੇ ਬਾਅਦ ਦੁਪਿਹਰ ਕਰੀਬ ਇੱਕ ਵਜੇ ਸਸਕਾਰ ਕੀਤਾ ਜਾਵੇਗਾ। ਅੰਤਮ ਸੰਸਕਾਰ ਵਿੱਚ ਮੁਲਕ ਦੇ ਵੱਡੇ ਲੀਡਰਾਂ ਵੱਲੋਂ ਸਮੂਲੀਅਤ ਕਰਨ ਨੂੰ ਦੇਖਦਿਆਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਰੱਖਣ ਲਈ ਟਰੈਫ਼ਿਕ  ਪੁਲਸ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।ਬੀਤੀ ਦੇਰ ਸ਼ਾਮ ਤੋਂ ਅਕਾਲੀ ਦਲ ਦੇ ਆਗੂਆਂ, ਇਲਾਕਾ ਵਾਸੀਆਂ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਸ਼ੰਸਕਾਂ ਨੇ ਪਿੰਡ ਬਾਦਲ ਵੱਲ ਵਹੀਰਾਂ ਘੱਤੀਆਂ ਹੋਈਆਂ ਹਨ। ਅੰਤਮ ਸੰਸਕਾਰ  ਵਿੱਚ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਮੰਤਰੀ ਮੰਡਲ ਵਿੱਚ ਸ਼ਾਮਲ ਕਈ ਵਜ਼ੀਰ ਵੀ ਸ਼ਾਮਲ ਹੋਣਗੇ। ਇਸੇ ਤਰ੍ਹਾਂ ਹੀ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਅਤੇ ਹਰਿਆਣਾ ਦੇ  ਸੀਨੀਅਰ ਆਗੂਆਂ ਵੱਲੋਂ ਵੀ ਅੰਤਮ ਸੰਸਕਾਰ ਮੌਕੇ ਹਾਜ਼ਰੀ ਭਰੀ ਜਾਵੇਗੀ।

     ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ  ਇਸ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ  ਜੇ.ਪੀ.ਨੱਡਾ, ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ, ਕੌਮੀ ਜਰਨਲ ਸਕੱਤਰ ਤਰੁਣ ਚੁੱਘ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ, ਸੁਭਾਸ਼ ਸ਼ਰਮਾ, ਦਿਆਲ ਦਾਸ ਸੋਢੀ, ਡਾ. ਸੂਬਾ ਮੀਡੀਆ ਇੰਚਾਰਜ ਸੁਨੀਲ ਸਿੰਗਲਾ, ਭਾਜਪਾ ਬਠਿੰਡਾ ਸ਼ਹਿਰੀ ਪ੍ਰਧਾਨ ਸਰੂਪ ਸਿੰਗਲਾ, ਭਾਜਪਾ ਬਠਿੰਡਾ ਦਿਹਾਤੀ ਪ੍ਰਧਾਨ ਰਵੀਪ੍ਰੀਤ ਸਿੱਧੂ, ਮ੍ਰਿਗਿੰਦਰ ਸਿੰਘ ਪੀ.ਏ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਸ਼ਰਧਾਂਜਲੀ ਦੇਣ ਲਈ ਪਿੰਡ ਬਾਦਲ ਪਹੁੰਚਣਗੇ।

Spread the love
Scroll to Top