ਸਾਂਝਾ ਫਰੰਟ ਦੇ ਸੱਦੇ ਤੇ ਮੁਲਾਜ਼ਮਾਂ ਨੇ ਕੇਂਦਰੀ ਪੇਅ ਸਕੇਲ ਦੇ ਪੱਤਰ ਦੀਆਂ ਸਾੜੀਆਂ ਕਾਪੀਆਂ

Spread the love

ਗਗਨ ਹਰਗੁਣ , ਬਰਨਾਲਾ,8 ਜੁਲਾਈ 2023
        ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਸੱਦੇ ਤੇ ਅੱਜ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ 17 ਜੁਲਾਈ 2020 ਦੇ ਅਧੂਰੇ ਕੇਂਦਰੀ ਪੇਅ ਸਕੇਲਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਹ ਪੰਜਾਬ ਦੀ ਉਸ ਵੇਲੇ ਦੀ ਕਾਂਗਰਸ ਸਰਕਾਰ ਦੁਆਰਾ ਜਾਰੀ ਕੀਤਾ ਉਹ ਕਾਲਾ ਨੋਟੀਫਿਕੇਸ਼ਨ ਹੈ। ਜਿਸ ਅਨੁਸਾਰ ਪੰਜਾਬ ਵਿੱਚ 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਗਏ ਮੁਲਾਜ਼ਮਾਂ ਤੇ ਸੇਵਾ ਨਿਯਮ ਤਾਂ ਪੰਜਾਬ ਦੇ ਲਾਗੂ ਹੋਣਗੇ। ਪਰ, ਪੇਅ ਸਕੇਲ ਕੇਂਦਰ ਸਰਕਾਰ ਵਾਲੇ ਹੋਣਗੇ। ਇੱਥੇ ਇਹ ਵੀ ਵਰਣਨਯੋਗ ਹੈ ਕਿ ਇਸ ਪੱਤਰ ਅਨੁਸਾਰ ਲਾਗੂ ਸਕੇਲ ਨਾਂ ਹੀ ਪੰਜਾਬ ਦੇ ਹਨ ਤੇ ਨਾਂ ਹੀ ਕੇਂਦਰ ਦੇ। ਇਸ ਪੱਤਰ ਤੋਂ ਪ੍ਰਭਾਵਿਤ ਮੁਲਾਜ਼ਮ ਉਸ ਦਿਨ ਤੋਂ ਹੀ ਸਰਕਾਰ ਦੇ ਇਸ ਮੁਲਾਜ਼ਮ ਵਿਰੋਧੀ ਫ਼ੈਸਲੇ ਦਾ ਵਿਰੋਧ ਕਰਦੇ ਆ ਰਹੇ ਹਨ। ਜਿਸ ਤਰ੍ਹਾਂ ਕਾਂਗਰਸ ਦੀ ਸਰਕਾਰ ਨੇ ਕਰੋਨਾ ਕਾਲ ਦੇ ਵਿੱਚ ਬਿਨਾਂ ਕਿਸੇ ਚਰਚਾ ਤੋਂ 17 ਜੁਲਾਈ 2020 ਨੂੰ ਇਹ ਅਧੂਰੇ ਕੇਂਦਰੀ ਪੇਅ ਸਕੇਲਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤੇ ਨਵੇਂ ਭਰਤੀ ਮੁਲਾਜ਼ਮਾਂ ਦੀ ਸੰਘੀ ਘੁੱਟਣ ਦਾ ਕੰਮ ਕੀਤਾ ਸੀ। ਉਸ ਬਲਦੀ ਅੱਗ ਉੱਪਰ ਪਾਣੀ ਦੀ ਬਜਾਏ ਤੇਲ ਪਾਉਣ ਦਾ ਕੰਮ ਹੀ ਮੌਜੂਦਾ ਸਰਕਾਰ ਨੇ ਕੀਤਾ ਹੈ।‌ ਬੇਸ਼ੱਕ ਮੌਜੂਦਾ ਸਰਕਾਰ ਨੇ ਵਿਰੋਧੀ ਧਿਰ ਵਿੱਚ ਰਹਿੰਦਿਆਂ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਇਹ ਮੁਲਾਜ਼ਮ ਵਿਰੋਧੀ ਸਕੇਲ ਰੱਦ ਕਰਕੇ ਅਸੀਂ ਪੰਜਾਬ ਸਕੇਲ ਬਹਾਲ ਕਰਾਂਗੇ। ਪਰ, ਇਸ ਸਰਕਾਰ ਦੇ ਵਾਅਦੇ ਵੀ ਝੂਠੇ ਨਿਕਲੇ ਹਨ। ਇਸ ਸਰਕਾਰ ਨੇ ਤਾਂ ਅਧੂਰੇ ਸਕੇਲਾਂ ਦੇ ਉੱਪਰ ਅਧੂਰੇ ਭੱਤਿਆਂ ਦਾ ਪੱਤਰ ਜਾਰੀ ਕਰਕੇ ਪੀੜਤ ਮੁਲਾਜ਼ਮਾਂ ਦੇ ਜ਼ਖਮਾਂ ਤੇ ਲੂਣ ਪਾਉਣ ਦਾ ਕੰਮ ਕੀਤਾ ਹੈ। 17 ਜੁਲਾਈ 2020 ਦੇ ਅਧੂਰੇ ਕੇਂਦਰੀ ਪੇਅ ਸਕੇਲਾਂ ਦੇ ਨੋਟੀਫਿਕੇਸ਼ਨ ਕਰਕੇ ਇਕ ਮੁਲਾਜ਼ਮ ਨੂੰ 15 ਤੋਂ 20 ਹਜ਼ਾਰ ਪ੍ਰਤੀ ਮਹੀਨਾ ਤਨਖ਼ਾਹ ਦਾ ਘਾਟਾ ਪੈ ਰਿਹਾ ਹੈ। ਕਾਨੂੰਨੀ ਤੌਰ ਤੇ ਵੀ ਇਕ ਰਾਜ ਵਿੱਚ ਦੋ ਸਕੇਲ ਨਹੀਂ ਲਗਾਏ ਜਾ ਸਕਦੇ। ਮਹਿੰਗਾਈ ਵੱਧ ਰਹੀ ਹੈ ਤੇ ਸਰਕਾਰ ਨਵੇਂ ਭਰਤੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਘਟਾ ਰਹੀ ਹੈ। ਮੁਲਾਜ਼ਮਾਂ ਦੀ  ਮੰਗ ਕਰ ਰਹੇ ਹਨ ਕਿ ਜਦ ਉਹਨਾਂ ਤੇ ਸਰਵਿਸ ਰੂਲਜ ਪੰਜਾਬ ਦੇ ਲਾਗੂ ਹੁੰਦੇ ਹਨ ਤੇ ਪੰਜਾਬ ਸਰਕਾਰ ਅਧੀਨ ਪੰਜਾਬ ਵਿੱਚ ਹੀ ਦੂਜੇ ਮੁਲਾਜ਼ਮਾ ਵਾਂਗ ਹੀ ਕੰਮ ਕਰ ਰਹੇ ਹਨ ਤਾਂ ਸਰਕਾਰ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਦਿਆਂ ਉਹਨਾਂ ਤੇ ਵੀ ਪੰਜਾਬ ਦਾ ਪੇਅ ਸਕੇਲ ਲਾਗੂ ਕਰੇ। ਇਸ ਦੌਰਾਨ ਹੀ ਰੋਸ ਵਜੋਂ ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਵੱਲੋਂ ਸਾਰੇ ਪੰਜਾਬ ਵਿੱਚ 3 ਜੁਲਾਈ ਤੋਂ 12 ਜੁਲਾਈ ਤੱਕ ਆਪਣੇ ਆਪਣੇ ਡਿਊਟੀ ਸਥਾਨਾਂ ਤੇ ਅਧੂਰੇ ਕੇਂਦਰੀ ਪੇਅ ਸਕੇਲਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਨ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਇਸ ਲਈ ਮੁਲਾਜ਼ਮਾਂ ਵੱਲੋਂ ਰੋਸ ਪ੍ਰਗਟ ਕਰਦੇ ਹੋਏ ਇਹਨਾਂ ਅਧੂਰੇ ਕੇਂਦਰੀ ਪੇਅ ਸਕੇਲਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਲਦੀ ਹੀ ਪੰਜਾਬ ਦਾ ਪੇਅ ਸਕੇਲ ਬਹਾਲ ਨਹੀਂ ਕਰਦੀ ਤਾਂ ਆਉਂਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਹਰ ਹਲਕੇ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣਗੇ। ਇਸ ਮੌਕੇ ਸੂਬਾ ਕਨਵੀਨਰ ਜੱਗਾ ਬੋਹਾ, ਮੰਗਲ ਮਾਨਸਾ ,ਰਾਜਿੰਦਰ ਅਕਲੀਆ, ਦਲਜੀਤ ਹੰਡਿਆਇਆ,ਰਾਧੇ ਜੈਮਲ ਸਿੰਘ ਵਾਲਾ, ਜਸ਼ਨਦੀਪ ਤਾਜੋਕੇ, ਗੁਰਤੇਜ ਰਾਈਆ, ਵਿਜੈ ਜੰਗੀਕਾ ਆਦਿ ਹਾਜ਼ਰ ਸਨ।

Spread the love
Scroll to Top