-ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ- ਜੱਜਾਂ ਨਾਲ ਦੋਸਤੀ ਦਾ ਸੂਤਰਧਾਰ ਕੌਣ ? ਸ਼ੱਕ ਦੇ ਘੇਰੇ ਚ, ਆਈ ਰਿੰਕੂ ਮਿੱਤਲ ਦੇ ਪਾਰਟਨਰ ਦੀ ਭੂਮਿਕਾ,

Spread the love

ਰਿੰਕੂ ਮਿੱਤਲ ਦੇ ਕਾਲਜਾਂ ਦੇ ਖਾਤੇ ਹੋਣਗੇ ਸੀਲ, ਵਿਦਿਆਰਥੀਆਂ ਦੇ ਭਵਿੱਖ ਤੇ ਲਟਕੀ ਤਲਵਾਰ
-ਰਿੰਕੂ ਤੇ ਕੁਰੈਸ਼ੀ ਨੂੰ ਅੱਜ ਫਿਰ ਕੀਤਾ ਜਾਊ ਅਦਾਲਤ ਚ, ਪੇਸ਼
-ਦੋਸ਼ੀਆਂ ਦੀ ਸਾਂਝੀ ਪੁੱਛਗਿੱਛ ਚੋਂ ਹੋਏ ਖੁਲਾਸੇ ਅਤੇ ਅਦਾਲਤੀ ਕਾਰਵਾਈ ਤੇ ਟਿਕੀ ਲੋਕਾਂ ਦੀ ਨਜ਼ਰ


  • ਬਰਨਾਲਾ ਟੂਡੇ ਬਿਊਰੋ,
  • ਬੀਰੂ ਰਾਮ ਠਾਕੁਰ ਦਾਸ ਫਰਮ ਤੋਂ ਸਫਰ ਸ਼ੁਰੂ ਕਰਕੇ ਸਿੱਖਿਆ ਸੰਸਥਾਵਾਂ ਨੂੰ ਢਾਲ ਬਣਾ ਕੇ ਸਾਈਕੋਟਰੋਪਿਕ ਨਸ਼ਾ ਤਸਕਰੀ ਦੇ ਕਿੰਗ ਬਣੇ ਰਿੰਕੂ ਮਿੱਤਲ ਅਤੇ ਉਸ ਦੇ ਸਾਥੀ ਤਾਇਬ ਕੁਰੈਸ਼ੀ ਨੂੰ ਪੁਲਿਸ ਰਿਮਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਅੱਜ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸ਼ਨੀਵਾਰ ਨੂੰ ਮਿਲੇ ਦੋ ਦਿਨਾਂ ਰਿਮਾਂਡ ਦੌਰਾਨ ਪੁਲਿਸ ਟੀਮ ਵੱਲੋਂ ਰਿੰਕੂ ਤੇ ਕੁਰੈਸ਼ੀ ਨੂੰ ਆਹਮੋਂ-ਸਾਹਮਣੇ ਬਿਠਾ ਕੇ ਕੀਤੀ ਜੁਆਇੰਟ ਪੁੱਛਗਿੱਛ ਚੋਂ ਮਿਲੇ ਅਹਿਮ ਸੁਰਾਗ ਦੇ ਆਧਾਰ ਅਤੇ ਹੋਈ ਹੋਰ ਰਿਕਵਰੀ ਹੀ ਹੁਣ ਦੋਸ਼ੀਆਂ ਦਾ ਪੁਲਿਸ ਰਿਮਾਂਡ ਤੈਅ ਕਰੇਗੀ। ਲੋਕਾਂ ਦੀਆਂ ਨਜ਼ਰਾਂ ਵੀ ਹੁਣ ਰਿੰਕੂ-ਕੁਰੈਸ਼ੀ ਦੀ ਜੋੜੀ ਤੋਂ ਹੋਈ ਹੋਰ ਰਿਕਵਰੀ ਤੇ ਹੀ ਟਿਕੀਆਂ ਹੋਈਆਂ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਰਿੰਕੂ ਦੇ ਪਾਰਟਨਰ ਤੇ ਵੀ ਹੁਣ ਸ਼ੱਕ ਦੀ ਸੂਈ ਘੁੰਮਣ ਲੱਗੀ ਹੈ। ਰਿੰਕੂ ਦੇ ਨਜ਼ਦੀਕੀ ਦੋਸਤਾਂ ਦੀ ਮੰਨੀਏ ਤਾਂ ਰਿੰਕੂ ਮਿੱਤਲ ਦੀ ਨਿਆਂਇਕ ਅਧਿਕਾਰੀਆਂ ਨਾਲ ਯਾਰੀ ਬਣਾਉਣ ਚ, ਰਿੰਕੂ ਦੇ ਪਾਰਟਨਰ ਨੇ ਹੀ ਸੂਤਰਧਾਰ ਦੀ ਭੂਮਿਕਾ ਨਿਭਾਈ ਹੈ। ਰਿੰਕੂ ਦਾ ਇਹ ਉਹ ਪਾਰਟਨਰ ਹੈ, ਜਿਸਦੀ ਇੱਕ ਐਡੀਸ਼ਨਲ ਸੈਸ਼ਨ ਜੱਜ ਤੋਂ ਦਹੇਜ਼ ਹੱਤਿਆ ਦੇ ਕੇਸ ਚੋਂ ਦੋ ਨਾਮਜ਼ਦ ਦੋਸ਼ੀਆਂ ਨੂੰ ਬਰੀ ਕਰਵਾਉਣ ਦੇ ਨਾਮ ਤੇ 2 ਲੱਖ ਰੁਪਏ ਲੈਣ ਦੀ ਕਾਫੀ ਚਰਚਾ ਰਹੀ ਹੈ। ਜੱਜ ਦੇ ਨਾਮ ਤੇ ਰਿਸ਼ਵਤ ਲੈਣ ਦੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਸ਼ਿਕਾਇਤ ਵੀ ਹਾਲੇ ਪੈਂਡਿੰਗ ਦੱਸੀ ਜਾ ਰਹੀ ਹੈ। ਰਿੰਕੂ ਦੇ ਇਸੇ ਹੀ ਪਾਰਟਨਰ ਦੇ ਹੀ ਸ਼ਹਿਰ ਦੀ ਰਹਿਣ ਵਾਲੀ ਇੱਕ ਐਡੀਸ਼ਨਲ ਸੈਸ਼ਨ ਜੱਜ ਦੀਆਂ ਵੀ ਰਿੰਕੂ ਨਾਲ ਲੋੜੋਂ ਵੱਧ ਨਜ਼ਦੀਕੀਆਂ ਦੀ ਚਰਚਾ ਚੱਲ ਰਹੀ ਹੈ। ਜਿਸ ਨੂੰ ਰਿੰਕੂ ਹਮੇਸ਼ਾ ਢਾਲ ਦੇ ਤੌਰ ਤੇ ਵਰਤਦਾ ਰਿਹਾ ਹੈ।


  • -ਰਿੰਕੂ ਦੇ ਪਾਰਟਨਰ ਨੂੰ ਸਤਾਉਣ ਲੱਗਿਆ ਭੈਅ
    ਰਿੰਕੂ ਮਿੱਤਲ ਦੇ ਪਾਰਟਨਰ ਨੂੰ ਵੀ ਪੁਲਿਸ ਵੱਲੋਂ ਪੁੱਛਗਿੱਛ ਚ, ਸ਼ਾਮਿਲ ਹੋਣ ਦਾ ਭੈਅ ਸਤਾਉਣ ਲੱਗ ਪਿਆ ਹੈ। ਸਾਈਕੋਟਰੋਪਿਕ ਨਸ਼ਾ ਤਸਕਰੀ ਦੇ ਕਿੰਗ ਵੱਜੋਂ ਨਵੀਂ ਪਹਿਚਾਣ ਬਣਾ ਚੁੱਕੇ ਨਰੇਸ਼ ਕੁਮਾਰ ਉਰਫ ਰਿੰਕੂ ਮਿੱਤਲ ਨੂੰ ਉਸਦੇ ਪਾਰਟਨਰ ਨੇ ਖੁਦ ਨੂੰ ਮਘਦੀ ਅੱਗ ਦੇ ਸੇਕ ਤੋਂ ਬਚਾਉਣ ਲਈ ਪਾਰਟਰਨਰਸ਼ਿਪ ਚੋਂ ਬਾਹਰ ਕਰਨ ਲਈ ਕਾਨੂੰਨੀ ਮਾਹਿਰਾਂ ਦੀ ਰਾਇ ਲੈਣੀ ਵੀ ਸ਼ੁਰੂ ਕਰ ਦਿੱਤੀ ਹੈ। ਪਰੰਤੂ ਹੁਣ ਦੇਖਣਾ ਇਹ ਹੋਵੇਗਾ ਕਿ ਰਿੰਕੂ ਦਾ ਪਾਰਟਨਰ ਆਪਣੀਆਂ ਇੰਨ੍ਹਾਂ ਲੂੰਬੜ-ਚਾਲਾਂ ਰਾਹੀਂ ਤੇ ਆਪਣੇ ਰਾਜਸੀ ,ਪ੍ਰਸ਼ਾਸ਼ਨਿਕ , ਨਿਆਂਇਕ ਪ੍ਰਭਾਵ ਅਤੇ ਧਨ ਸ਼ਕਤੀ ਦੇ ਸਹਾਰੇ ਪੁਲਿਸ ਤੋਂ ਬਚਣ ਵਿੱਚ ਸਫਲ ਹੋ ਸਕੇਗਾ,ਜਾਂ ਪੁਲਿਸ ਉਸ ਨੂੰ ਵੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਦਾ ਰਾਹ ਅਪਣਾਏਗੀ। ਕੁਝ ਵੀ ਹੋਵੇ ਰਿੰਕੂ ਦੇ ਇਸ ਪਾਰਟਨਰ ਦੇ ਦਿਲ ਦੀਆਂ ਧੜਕਣਾਂ ਰਿੰਕੂ ਦੇ ਲਗਾਤਾਰ ਵੱਧ ਰਹੇ ਪੁਲਿਸ ਰਿਮਾਂਡ ਅਤੇ ਨਿੱਤ ਨਵੇਂ ਹੋ ਰਹੇ ਖੁਲਾਸਿਆਂ ਨੂੰ ਲੈ ਕੇ ਵਧੀਆਂ ਹੋਈਆਂ ਹਨ।
  • -ਚਿੰਤਾ ਚ, ਡੁੱਬੇ, ਰਿੰਕੂ ਦੇ ਕਾਲਜਾਂ ਚ, ਪੜ੍ਹਦੇ ਵਿਦਿਆਰਥੀ
    ਸੰਗਰੂਰ-ਬਰਨਾਲਾ ਰੋਡ ਤੇ ਪੈਂਦੀ ਮਾਨਾ ਪਿੰਡੀ ਵਿੱਚ ਚੱਲਦੇ ਰਿੰਕੂ ਦੇ ਪੌਲੀਟੈਕਨਿਕ ਤੇ ਬੀਐਡ ਕਾਲਜ ਚ, ਪੜ੍ਹਦੇ ਵਿਦਿਆਰਥੀ ਤੇ ਉੱਨ੍ਹਾਂ ਦੇ ਮਾਪੇ ਕਾਲਜ ਮਾਲਕ ਦੇ ਨਸ਼ਾ ਤਸਕਰੀ ਵਿੱਚ ਫੜ੍ਹੇ ਜਾਣ ਤੋਂ ਡਾਹਢੇ ਪਰੇਸ਼ਾਨ ਹਨ। ਕਿਉਂਕਿ ਲੋਕਾਂ ਵਿੱਚ ਇਹ ਅਫਵਾਹ ਫੈਲ ਰਹੀ ਹੈ ਕਿ ਪੁਲਿਸ ਇਹਨਾਂ ਕਾਲਜਾਂ ਦੇ ਖਾਤੇ ਫਰੀਜ਼ ਕਰਵਾ ਸਕਦੀ ਹੈ। ਇਸ ਅਫਵਾਹ ਦਾ ਆਧਾਰ ਇਹ ਹੈ ਕਿ ਐਸਐਸਪੀ ਸੰਦੀਪ ਗੋਇਲ ਨੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਰਿੰਕੂ ਦੀ ਪ੍ਰੋਪਰਟੀ ਸਬੰਧੀ ਕਾਫੀ ਦਸਤਾਵੇਜ਼ ਕਬਜ਼ੇ ਵਿੱਚ ਲੈਣ ਦਾ ਖੁਲਾਸਾ ਕੀਤਾ ਸੀ।
    -ਪੁਲਿਸ ਰਿਮਾਂਡ ਦੀ ਹੋਰ ਕਰਾਂਗੇ ਡਿਮਾਂਡ-ਵਿਰਕ
    ਐਸਪੀਡੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਰਿੰਕੂ-ਕੁਰੈਸ਼ੀ ਦੀ ਸਾਂਝੀ ਪੁੱਛਗਿੱਛ ਦੌਰਾਨ ਵੀ ਕਾਫੀ ਨਵੀਆਂ ਜਾਣਕਾਰੀਆਂ ਪ੍ਰਾਪਤ ਹੋਈਆਂ ਹਨ। ਜਿੰਨ੍ਹਾਂ ਦੇ ਆਧਾਰ ਤੇ ਪੁਲਿਸ ਅਦਾਲਤ ਤੋਂ ਇੱਕ ਵਾਰ ਫਿਰ ਹੋਰ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕਰੇਗੀ। ਰਿਮਾਂਡ ਦੀ ਡਿਮਾਂਡ ਦਾ ਨਿਰਣਾ ਅਦਾਲਤ ਨੇ ਹੀ ਕਰਨਾ ਹੈ।

Spread the love
Scroll to Top