-ਪ੍ਰੇਮ ਤੇ ਰੁਪੇਸ਼ ਅਤੇ ਤਾਇਬ ਕੁਰੈਸ਼ੀ ਦਾ 16 ਮਾਰਚ ਤੱਕ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ
ਬਰਨਾਲਾ ਦੇ 4 ਤੇ ਬਨਾਰਸ ਦੇ 6 ਹੋਰ ਨਸ਼ਾ ਤਸਕਰ ਵੀ ਕੇਸ ਵਿੱਚ ਨਾਮਜ਼ਦ
ਬਰਨਾਲਾ
ਬੀਰੂ ਰਾਮ ਠਾਕੁਰ ਦਾਸ ਫਰਮ ਦੇ ਸੰਚਾਲਕ ਅਤੇ ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਦੇ ਕਿੰਗ ਨਰੇਸ਼ ਕੁਮਾਰ ਉਰਫ ਰਿੰਕੂ ਮਿੱਤਲ ਅਤੇ ਮਥੁਰਾ ਤੋਂ ਚਾਲੀ ਲੱਖ ਤੋਂ ਵਧੇਰੇ ਗੋਲੀਆਂ ਸਮੇਤ ਕਾਬੂ ਕੀਤੇ ਤਾਇਬ ਕੁਰੈਸ਼ੀ ਨੂੰ 4 ਦਿਨ ਦੇ ਪੁਲਿਸ ਰਿਮਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਵੀਰਵਾਰ ਸ਼ਾਮ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਪਿਛਲੇ 14 ਦਿਨ ਤੋਂ ਪੁਲਿਸ ਰਿਮਾਂਡ ਤੇ ਚੱਲ ਰਹੇ ਰਿੰਕੂ ਮਿੱਤਲ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਜਦੋਂ ਕਿ ਰਿੰਕੂ ਦੇ ਦੋ ਹੋਰ ਕੈਮਿਸਟ ਸਾਥੀਆਂ ਪ੍ਰੇਮ ਤੇ ਰੁਪੇਸ਼ ਅਤੇ ਤਾਇਬ ਕੁਰੈਸ਼ੀ ਦਾ 16 ਮਾਰਚ ਤੱਕ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ਦੇ ਦਿੱਤਾ। ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸੰਧੂ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਰਿੰਕੂ ਮਿੱਤਲ ਵੱਲੋਂ ਪੁਲਿਸ ਦੇ ਗਿਰਫਤਾਰ ਕਰਨ ਤੋਂ ਪਹਿਲਾਂ ਜਿਹੜੀਆਂ 2 ਲੱਖ ਗੋਲੀਆਂ ਤਾਇਬ ਕੁਰੈਸ਼ੀ ਤੋਂ ਖਰੀਦੀਆਂ ਸਨ। ਉਹ ਰਿੰਕੂ ਮਿੱਤਲ ਨੇ ਬਰਨਾਲਾ ਦੇ ਅਹਾਤਾ ਨਰਾਇਣ ਸਿੰਘ ਖੇਤਰ ਵਿੱਚ ਸਥਿਤ ਸ਼ਿਵਮ ਮੈਡੀਕਲ ਹਾਲ ਦੇ ਸੰਚਾਲਕ ਰੁਪੇਸ਼ ਕੁਮਾਰ ਅਤੇ ਕਿਲ੍ਹਾ ਮੁਹੱਲਾ ਖੇਤਰ ਵਿੱਚ ਸ੍ਰੀ ਗਣੇਸ਼ ਮੰਦਿਰ ਦੇ ਕੋਲ ਸਥਿਤ ਕੈਮਿਸਟ ਪ੍ਰੇਮ ਕੁਮਾਰ ਨੀਟਾ ਤੇ ਬੱਸ ਸਟੈਂਡ ਰੋਡ ਤੇ ਸਥਿਤ ਦੋ ਹੋਰ ਕੈਮਿਸਟਾਂ ਨੂੰ ਵੇਚੀਆਂ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਰਿੰਕੂ ਦੀ ਤਫਤੀਸ਼ ਤੋਂ ਸਾਹਮਣੇ ਆਏ ਕੈਮਿਸਟ ਪ੍ਰੇਮ ਉਰਫ ਨੀਟਾ, ਰੁਪੇਸ਼ ਕੁਮਾਰ ਅਤੇ ਦੋ ਅਣਪਛਾਤੇ ਕੈਮਿਸਟਾਂ ਨੂੰ ਕੇਸ ਚ, ਦੋਸ਼ੀ ਨਾਮਜ਼ਦ ਕਰ ਦਿੱਤਾ ਹੈ। ਪ੍ਰੇਮ ਤੇ ਰੁਪੇਸ਼ ਨੂੰ ਗਿਰਫਤਾਰ ਵੀ ਕਰ ਲਿਆ ਹੈ। ਜਦੋਂ ਕਿ ਬੱਸ ਸਟੈਂਡ ਰੋਡ ਖੇਤਰ ਚੋਂ ਕੁਝ ਦਿਨ ਤੋਂ ਰੂਪੋਸ਼ ਹੋ ਚੁੱਕੇ ਅਣਪਛਾਤੇ ਕੈਮਿਸਟਾਂ ਦੀ ਤਲਾਸ਼ ਵੀ ਜਾਰੀ ਹੈ। ਸਰਕਾਰੀ ਵਕੀਲ ਸੰਧੂ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਦੋਸ਼ੀ ਕੁਰੈਸ਼ੀ ਨੇ ਨਸ਼ਾ ਤਸਕਰੀ ਦੇ ਧੰਦੇ ਚ, ਸ਼ਾਮਿਲ 6 ਹੋਰ ਤਸਕਰਾਂ ਦੇ ਨਾਮ ਵੀ ਦੱਸੇ ਹਨ, ਜਿੰਨ੍ਹਾਂ ਨੂੰ ਗਿਰਫਤਾਰ ਕਰਨ ਲਈ ਕੁਰੈਸ਼ੀ ਨੂੰ ਬਨਾਰਸ ਲੈ ਕੇ ਜਾਣਾ ਹੈ। ਕੁਰੈਸ਼ੀ ਨੇ ਤਫਤੀਸ਼ ਦੌਰਾਨ ਮੰਨਿਆ ਹੈ ਕਿ ਉਹ 6 ਦੋਸ਼ੀਆਂ ਦੇ ਠਿਕਾਣਿਆਂ ਤੋਂ ਉੱਨ੍ਹਾਂ ਨੂੰ ਕਾਬੂ ਕਰਵਾ ਸਕਦਾ ਹੈ।
ਪੁਲਿਸ ਨੇ ਬਨਾਰਸ ਦੇ ਰਹਿਣ ਵਾਲੇ 6 ਹੋਰ ਨਸ਼ਾ ਤਸਕਰਾਂ ਨੂੰ ਵੀ ਕੇਸ ਵਿੱਚ ਨਾਮਜ਼ਦ ਕਰ ਦਿੱਤਾ ਹੈ। ਪੁਲਿਸ ਨੇ ਸਰਕਾਰੀ ਵਕੀਲ ਦੀਆਂ ਠੋਸ ਤੇ ਤੱਥਾਂ ਤੇ ਅਧਾਰਿਤ ਦਲੀਲਾਂ ਨਾਲ ਸਹਿਮਤ ਹੋ ਕੇ ਕੁਰੈਸ਼ੀ, ਪ੍ਰੇਮ ਤੇ ਰੁਪੇਸ਼ ਦਾ 16 ਮਾਰਚ ਤੱਕ ਦਾ ਪੁਲਿਸ ਰਿਮਾਂਡ ਦੇ ਦਿੱਤਾ। ਉੱਧਰ ਐਸਪੀਡੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਦੋਸ਼ੀਆਂ ਦੀ ਪੁੱਛਗਿੱਛ ਅਤੇ ਹੋਰ ਨਾਮਜ਼ਦ ਦੋਸ਼ੀਆਂ ਤੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਹੋਣ ਦੀ ਸੰਭਾਵਨਾ ਹੈ।