ਸਾਡੀ ਵੋਟ ‘ਤੇ ਹੀ ਸਾਡਾ ਅਤੇ ਸਾਡੇ ਦੇਸ਼ ਦਾ ਭਵਿੱਖ ਨਿਰਭਰ

Spread the love

ਰਿਚਾ ਨਾਗਪਾਲ , ਪਟਿਆਲਾ, 9 ਨਵੰਬਰ 2022
     ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅੱਜ ਤੋਂ ਵੋਟਰ ਸੂਚੀ-2023 ਦੀ ਸੁਧਾਈ ਮੁਹਿੰਮ ਦੀ ਕੀਤੀ ਗਈ ਸ਼ੁਰੂਆਤ ਪ੍ਰਤੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪਟਿਆਲਾ ਦੇ ਵੋਟਰ ਸਾਖਰਤਾ ਕਲੱਬਾਂ ਵੱਲੋਂ ਗਤੀਵਿਧੀਆਂ ਕਰਵਾਈਆਂ ਗਈਆਂ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ  ਕਮ- ਨੋਡਲ ਅਫ਼ਸਰ ਵੋਟਰ ਸਾਖਰਤਾ ਕਲੱਬ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਵੱਲੋਂ ਉਲੀਕੇ ਪ੍ਰੋਗਰਾਮਾਂ ਤਹਿਤ ਜਿੱਥੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ ਨਵੀਂਆਂ ਵੋਟਾਂ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਉਥੇ ਨਾਲ ਹੀ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ।
ਚੋਣ ਤਹਿਸੀਲਦਾਰ ਰਾਮ ਜੀ ਲਾਲ ਨੇ ਦੱਸਿਆ ਕਿ ਅੱਜ ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ਵਿੱਚ ਵੱਖ ਵੱਖ ਕਾਲਜਾਂ ਵਿੱਚ ਪੋਸਟਰ, ਸਲੋਗਨ ਕਵਿਤਾ ਉਚਾਰਨ ਅਤੇ ਲੇਖ ਰਚਨਾ ਮੁਕਾਬਲੇ ਕਰਵਾਏ ਗਏ। ਉਪ ਜਿਲ੍ਹਾ ਸਿੱਖਿਆ ਅਫ਼ਸਰ  ਕਮ- ਸਹਾਇਕ ਨੋਡਲ ਅਫ਼ਸਰ ਸਵੀਪ ਰਵਿੰਦਰ ਸ਼ਰਮਾ ਦੀ ਨਿਰਦੇਸ਼ਨਾ ਵਿਚ ਜ਼ਿਲ੍ਹੇ ਦੇ ਸਮੂਹ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੋਟਰ ਸਾਖਰਤਾ ਕਲੱਬਾਂ ਵੱਲੋਂ ਵੱਡੇ ਪੱਧਰ ਉਪਰ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ।
ਹਲਕਾ ਸਨੌਰ ਦੇ ਨੋਡਲ ਅਫ਼ਸਰ ਸਵੀਪ ਸਤਵੀਰ ਸਿੰਘ ਗਿੱਲ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਰੈਲੀ ਦਾ ਆਯੋਜਨ ਕੀਤਾ ਗਿਆ, ਹਲਕਾ ਰਾਜਪੁਰਾ ਪ੍ਰੋ. ਰਮਨਦੀਪ ਸਿੰਘ ਸੋਢੀ ਵੱਲੋਂ ਪਟੇਲ ਕਾਲਜ ਰਾਜਪੁਰਾ, ਪਟਿਆਲਾ ਸਿਟੀ ਦੇ ਨੋਡਲ ਅਫ਼ਸਰ ਰੁਪਿੰਦਰ ਸਿੰਘ ਆਸਥਾ ਵੱਲੋਂ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ, ਨਾਭਾ ਦੇ ਨੋਡਲ ਅਫ਼ਸਰ ਪ੍ਰੋ ਪੁਰੀ ਵੱਲੋਂ ਸਰਕਾਰੀ ਸਕੂਲ ਮੰਡੇਰ ਵਿਖੇ ਪ੍ਰੋਗਰਾਮ ਕਰਵਾਏ ਗਏ।                                         
ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਵੋਟਰਾਂ ਖਾਸ ਕਰਕੇ ਨੌਜਵਾਨ ਵੋਟਰਾਂ ਨੂੰ ਸੰਬੋਧਤ ਹੰਦਿਆਂ ਕਿਹਾ ਕਿ ਵੋਟ ਨੂੰ ਆਪਣਾ ਅਧਿਕਾਰ ਤੇ ਜ਼ਿੰਮੇਵਾਰੀ ਸਮਝਦੇ ਹੋਏ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲਾਲਚ, ਭੇਦਭਾਵ, ਮੋਹ, ਰਿਸ਼ਤੇਦਾਰੀ ਜਾਂ ਕਿਸੇ ਹੋਰ ਨੇੜਤਾ ਤੋਂ ਉੱਪਰ ਉੱਠ ਕੇ ਆਪਣੇ ਇਸ ਸੰਵਿਧਾਨਿਕ ਅਧਿਕਾਰ ਦੀ ਵਰਤੋਂ ਇਕ ਯੋਗ ਉਮੀਦਵਾਰ ਦੇ ਹੱਕ ਵਿੱਚ ਕਰਨੀ ਚਾਹੀਦੀ ਹੈ ਕਿਉਂਕਿ ਸਾਡੀ ਵੋਟ ‘ਤੇ ਹੀ ਸਾਡਾ ਅਤੇ ਸਾਡੇ ਦੇਸ਼ ਦਾ ਭਵਿੱਖ ਨਿਰਭਰ ਕਰਦਾ ਹੈ। ਉਨ੍ਹਾਂ ਨੌਜਵਾਨ ਵੋਟਰਾਂ ਨੂੰ ਆਪਣੀ ਵੋਟ ਬਨਾਉਣ ਅਤੇ ਸੋਚ ਸਮਝ ਕੇ ਪਾਉਣ ਅਤੇ ਹੋਰਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।                             
ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਸਰਸਰੀ ਸੁਧਾਈ ਸਾਲ 2023 ਮੁਹਿੰਮ ਦੌਰਾਨ ਨਵੇਂ ਵੋਟ ਬਣਵਾਉਣ ਤੋਂ ਇਲਾਵਾ ਜਿਹੜੇ ਮਤਦਾਤਾ ਪਤਾ ਬਦਲਣ ਜਾਂ ਪਰਿਵਾਰਕ ਮੈਂਬਰ ਦੀ ਮੌਤ ਦੀ ਸੂਰਤ ‘ਚ ਵੋਟ ਕਟਵਾਉਣਾ ਜਾਂ ਆਪਣੀ ਵੋਟ ‘ਚ ਦਰੁਸਤੀ ਕਰਵਾਉਣਾ ਚਾਹੁੰਦੇ ਹਨ ਉਹ ਆਪਣੇ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਜਾਂ ਨੇੜੇ ਪੈਂਦੇ ਇਲੈਕਸ਼ਨ ਦਫ਼ਤਰ ਵਿਖੇ 9 ਨਵੰਬਰ ਤੋਂ 8 ਦਸੰਬਰ 2022 ਤੱਕ ਇੱਕ ਮਹੀਨੇ ਦੌਰਾਨ ਇਸ ਲਈ ਲੋੜੀਂਦਾ ਫਾਰਮ ਭਰ ਕੇ ਕਰਵਾ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ 1 ਜਨਵਰੀ 2023 ਨੂੰ 18 ਸਾਲ ਦੀ ਉਮਰ ਪੂਰੀ ਕਰਨ ਜਾ ਰਹੇ ਨੌਜਵਾਨਾਂ ਨੂੰ ਵਿਸ਼ੇਸ਼ ਕਰਕੇ ਕਿਹਾ ਕਿ ਉਹ ਆਪੋ-ਆਪਣੇ ਬੂਥ ਦੇ ਬੀ.ਐਲ.ਓ. ਰਾਹੀਂ ਫਾਰਮ ਨੰਬਰ 6 ਭਰ ਕੇ ਆਪਣੀ ਵੋਟ ਰਜਿਸਟਰ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਦੀ ਉਮਰ 01-01-2023 ਨੂੰ  18 ਸਾਲ ਦੀ ਹੋ ਗਈ ਹੈ ਵੋਟ ਬਣਵਾਉਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਸਾਡੀ ਵੋਟ ਹੀ ਸਾਡੀ ਤਾਕਤ ਹੈ ਸਾਡੇ ਦੇਸ਼ ਦੀ ਸਭ ਤੋਂ ਵੱਡੀ ਜਮਹੂਰੀਅਤ ਦੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ ਵੋਟ ਨਹੀਂ ਬਣੀ ਹੈ ਤਾਂ ਉਹ ਫਾਰਮ ਨੰਬਰ 6 ਭਰ ਕੇ ਨਵੀਂ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਅਤੇ ਜੇਕਰ ਕਿਸੇ ਨੇ ਵੋਟ ਕਟਵਾਉਣੀ ਹੈ ਤਾਂ ਫਾਰਮ ਨੰਬਰ 7, ਵੇਰਵਿਆਂ ਵਿੱਚ ਸੋਧ ਲਈ/ਦਿਵਿਆਂਗ ਵਜੋਂ ਮਾਰਕਿੰਗ ਲਈ/ਰਿਹਾਇਸ਼ ਬਦਲਣ ਲਈ ਜਾਂ ਬਦਲੀ ਵੋਟਰ ਕਾਰਡ ਲਈ ਫਾਰਮ ਨੰਬਰ 8 ਅਤੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਫਾਰਮ ਨੰਬਰ 6ਬੀ ਭਰ ਸਕਦੇ ਹਨ।


Spread the love
Scroll to Top