ਸਾਫ਼ ਪਾਣੀ ਤੇ ਸਵੱਛ ਸੀਵਰੇਜ ਸਿਸਟਮ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਵਿਸ਼ੇਸ਼ ਪਹਿਲਕਦਮੀ

Spread the love

ਰਿਚਾ ਨਾਗਪਾਲ/ ਨਾਭਾ, 2 ਨਵੰਬਰ 2022

ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਹੈ ਕਿ ਸੂਬੇ ਦੇ ਸ਼ਹਿਰਾਂ ਵਿਚ ਪੀਣ ਵਾਲਾ ਸਾਫ਼ ਪਾਣੀ ਤੇ ਸਵੱਛ ਸੀਵਰੇਜ ਸਿਸਟਮ ਪ੍ਰਦਾਨ ਕਰਨਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਵਿਸ਼ੇਸ਼ ਪਹਿਲਕਦਮੀ ਹੈ।

ਕੈਬਨਿਟ ਮੰਤਰੀ ਡਾ. ਨਿੱਜਰ ਅੱਜ ਨਗਰ ਕੌਂਸਲ ਨਾਭਾ ਵਿਖੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ। ਉਨ੍ਹਾਂ ਨੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਅਤੇ ਨਗਰ ਕੌਂਸਲ ਦੇ ਪ੍ਰਧਾਨ ਸੁਜਾਤਾ ਚਾਵਲਾ ਸਮੇਤ ਹੋਰ ਕੌਂਸਲਰ ਤੇ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ।

ਇਸ ਮੌਕੇ ਡਾ. ਇੰਦਰਬੀਰ ਸਿੰਘ ਨਿੱਜਰ ਨੇ ਵਿਧਾਇਕ ਦੇਵ ਮਾਨ ਤੇ ਸਮੂਹ ਕੌਂਸਲਰਾਂ ਦੀ ਮੰਗ ‘ਤੇ ਕਿਹਾ ਕਿ ਨਾਭਾ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਕੋਈ ਤੋਟ ਨਹੀਂ ਆਉਣ ਦਿਤੀ ਜਾਵੇਗੀ।ਉਨ੍ਹਾਂ ਕਿਹਾ ਕਿ ਨਾਭਾ ਦੇ ਸੀਵਰੇਜ਼ ਦੀ ਸਮੱਸਿਆ ਦਾ ਬਹੁਤ ਜਲਦ ਨਿਪਟਾਰਾ ਹੋ ਜਾਵੇਗਾ। ਉਨ੍ਹਾਂ ਨੇ ਐਨ.ਓ.ਸੀ. ਤੇ ਹੋਰ ਮਸਲਿਆਂ ਦਾ ਬਹੁਤ ਜਲਦੀ ਹੱਲ ਕਰ ਦਿੱਤੇ ਜਾਣ ਦਾ ਭਰੋਸਾ ਦਿੱਤਾ।

ਇਸ ਬੈਠਕ ਤੋਂ ਪਹਿਲਾਂ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਡਾ. ਨਿੱਜਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਜਿਥੇ ਪ੍ਰਸ਼ਾਸਨਿਕ ਮਸ਼ੀਨਰੀ ਨੂੰ ਚੁਸਤ ਦਰੁਸਤ ਕੀਤਾ ਗਿਆ ਹੈ ਉਥੇ ਹੀ ਸੂਬੇ ਵਿਚ ਭ੍ਰਿਸ਼ਟਾਚਾਰ ਰਹਿਤ ਪਾਰਦਰਸ਼ੀ ਪ੍ਰਸ਼ਾਸ਼ਨ ਯਕੀਨੀ ਬਣਾਕੇ ਪਾਰਟੀਬਾਜ਼ੀ ਤੋਂ ਉੱਪਰ ਉਠਕੇ ਸਾਰੇ ਸ਼ਹਿਰਾਂ ਤੇ ਪਿੰਡਾਂ ਦਾ ਇਕਸਮਾਨ ਤੇ ਚਹੁੰਤਰਫ਼ਾ ਵਿਕਾਸ ਕਰਵਾਇਆ ਜਾ ਰਿਹਾ ਹੈ।

ਡਾ. ਨਿੱਜਰ ਨੇ ਦੱਸਿਆ ਕਿ ਸ਼ਹਿਰਾਂ ਅੰਦਰ ਸਾਰੀਆਂ ਜਾਇਦਾਦਾਂ ‘ਤੇ ਯੂ ਆਈ ਡੀ ਨੰਬਰ ਲਗਾਏ ਜਾ ਰਹੇ ਹਨ, ਇਸ ਲਈ ਡਰੋਨ ਰਾਹੀਂ ਵੀ ਮੈਪਿੰਗ ਕੀਤੀ ਜਾ ਰਹੀ ਹੈ ਤਾਂ ਕਿ ਪ੍ਰਾਪਰਟੀ ਟੈਕਸ ਇੱਕਤਰ ਕਰਨ ਸਮੇਤ ਯੋਜਨਾਬੱਧ ਸ਼ਹਿਰੀ ਵਿਕਾਸ ਕਰਵਾਇਆ ਜਾ ਸਕੇ।

ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਮਸ਼ੀਨਰੀ ਉਪਲਬਧ ਕਰਵਾਈ ਹੈ ਇਸ ਲਈ ਕਿਸਾਨ ਵੀ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ ਤਾਂ ਕਿ ਅਸੀਂ ਵਾਤਾਵਰਨ ਗੰਧਲਾ ਹੋਣ ਤੋਂ ਬਚਾ ਸਕੀਏ।

ਵਿਧਾਇਕ ਗੁਰਦੇਵ ਦੇਵ ਮਾਨ ਨੇ ਨਾਭਾ ਸ਼ਹਿਰ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਡਾ. ਇੰਦਰਬੀਰ ਸਿੰਘ ਨਿੱਜਰ ਦਾ ਧੰਨਵਾਦ ਕੀਤਾ। ਦੇਵ ਮਾਨ ਨੇ ਦੱਸਿਆ ਕਿ ਰਿਆਸਤੀ ਸ਼ਹਿਰ ਨਾਭਾ ਨੂੰ ਕੂੜੇ ਦੇ ਡੰਪ ਤੋਂ ਮੁਕਤ ਕਰ ਦਿੱਤਾ ਗਿਆ ਹੈ।

ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਊਸ਼ਾ ਰਾਣੀ ਮਾਗੋ, ਵਾਈਸ ਪ੍ਰਧਾਨ ਕਰਮਜੀਤ ਕੌਰ ਸਿਲਨ, ਕਾਰਜ ਸਾਧਕ ਅਫ਼ਸਰ ਅਪਰਅਪਾਰ ਸਿੰਘ, ਸੁਪਰਡੈਂਟ ਚਰਨਜੀਵ ਮਿੱਤਲ, ਰਾਜੇਸ਼ ਸ਼ਰਮਾ, ਸ਼ਹਿਰੀ ਪ੍ਰਧਾਨ ਅਸ਼ੋਕ ਅਰੋੜਾ, ਪੰਕਜ ਪੱਪੂ ਸਮੇਤ ਸਮੂਹ ਕੌਂਸਲਰ ਤੇ ਹੋਰ ਅਧਿਕਾਰੀ ਮੌਜੂਦ ਸਨ।


Spread the love
Scroll to Top