-250 ਬੈੱਡ ਦਾ ਹਸਪਤਾਲ ਬਣਾਉਣ ਦੇ ਮੰਤਰੀ ਦੇ ਐਲਾਨ ਨੂੰ ਨਹੀਂ ਪਿਆ ਬੂਰ
ਬਰਨਾਲਾ- 29 ਫਰਵਰੀ
ਪ੍ਰਦੇਸ਼ ਦੇ ਸਿਹਤ ਮੰਤਰੀ ਬਲਵੀਰ ਸਿੰਘ ਦੇ ਜੱਦੀ ਖੇਤਰ ਬਰਨਾਲਾ ਦੇ ਜਿਲ੍ਹਾ ਪੱਧਰੀ ਸਿਵਲ ਹਸਪਤਾਲ ਦੀ ਐਮਰਜੈਂਸੀ ਚ, ਈ.ਐਮ.ੳ. ਡਾਕਟਰਾਂ ਦਾ ਭਾਰੀ ਟੋਟਾ ਪਿਆ ਹੋਇਆ ਹੈ। ਬਰਨਾਲਾ ਨੂੰ ਜਿਲ੍ਹਾ ਬਣਿਆਂ, ਕਰੀਬ ਚੌਦਾਂ ਵਰ੍ਹੇ ਦਾ ਲੰਬਾ ਅਰਸਾ ਲੰਘ ਚੁੱਕਿਆ ਹੈ, ਪਰੰਤੂ ਸਬ-ਡਿਵੀਜ਼ਨਲ ਹਸਪਤਾਲ ਦਾ ਦਰਜ਼ਾ ਨਹੀ ਬਦਲਿਆ । ਬੱਸ ਅੰਤਰ ਸਿਰਫ ਇਹੋ ਪਿਆ ਹੈ ਕਿ ਹੁਣ ਹਸਪਤਾਲ ਕਾਗਜ਼ਾਂ ਵਿੱਚ ਜਿਲ੍ਹਾ ਪੱਧਰੀ ਕਿਹਾ ਜਾਂਦਾ ਹੈ। ਹਾਲਤ ਇੱਨ੍ਹੀ ਨਿੱਘਰੀ ਹੋਈ ਹੈ ਕਿ ਕਰੀਬ ਢਾਈ ਦਹਾਕੇ ਪਹਿਲਾਂ ਬਣੇ 160 ਬੈੱਡ ਦੇ ਹਸਪਤਾਲ ਨੂੰ, ਇੱਕ ਹੀ ਨਹੀ, ਬਲਕਿ ਦੋ-ਦੋ ਸਿਹਤ ਮੰਤਰੀਆਂ ਦੇ ਜੁਬਾਨੀ ਐਲਾਨ ਦੇ ਬਾਵਜੂਦ ਵੀ ਢਾਈ ਸੌ ਬੈੱਡ ਦਾ ਨਹੀ ਬਣਾਇਆ ਗਿਆ। ਨਤੀਜ਼ੇ ਵੱਜੋਂ ਕਰੀਬ 6 ਲੱਖ ਦੀ ਆਬਾਦੀ ਵਾਲੇ ਇਸ ਜਿਲ੍ਹੇ ਦੇ ਜਿਲ੍ਹਾ ਪੱਧਰੀ ਹਸਪਤਾਲ ਵਿੱਚ ਮਰੀਜਾਂ ਨੂੰ ਕਿਰਾਏ ਦੇ ਮੰਜਿਆਂ ਤੇ ਪੈ ਕਿ ਆਪਣਾ ਇਲਾਜ਼ ਕਰਵਾਉਣ ਨੂੰ ਮਜਬੂਰ ਹੋਣਾ ਪੈਂਦਾ ਹੈ। ਕਈ ਗਰੀਬ ਲੋਕ ਤੇ ਕਿਰਾਏ ਦੀ ਬੱਚਤ ਲਈ, ਆਪਣੇ ਘਰੋਂ ਮੰਜੇ ਚੁੱਕ ਕੇ ਹਸਪਤਾਲ ਵਿੱਚ ਪਹੁੰਚਦੇ ਹਨ। ਕਈ ਕਈ ਵਾਰੀ ਤੇ ਹਸਪਤਾਲ ਦੇ ਇੱਕ ਇੱਕ ਬੈੱਡ ਤੇ ਦੋ-ਦੋ ਮਰੀਜ਼ ਵੀ ਪਏ ਰਹਿੰਦੇ ਹਨ।
-2 ਈਐਮਉ ਹੀ ਚਲਾ ਰਹੇ 10 ਦਾ ਕੰਮ
ਕਾਫੀ ਵਰ੍ਹੇ ਪਹਿਲਾਂ ਖੇਤਰ ਦੀ ਵੱਸੋਂ ਦੇ ਹਿਸਾਬ ਨਾਲ ਸਬ-ਡਿਵੀਜਨਲ ਹਸਪਤਾਲ ਚ, ਐਮਰਜੈਂਸੀ ਡਿਊਟੀ ਲਈ, ਐਮਰਜੈਂਸੀ ਵਾਰਡ ਵਿੱਚ ਈਐਮੳ ਦੇ ਦਸ ਪਦ ਮੰਜੂਰ ਕੀਤੇ ਗਏ ਸਨ। ਪਰੰਤੂ ਹੁਣ ਆਬਾਦੀ ਵੱਧਣ ਨਾਲ ਈਐਮੳ ਦੀ ਸੰਖਿਆ ਵਿੱਚ ਕੋਈ ਵਾਧਾ ਤਾਂ ਕੀ ਕਰਨਾ ਸੀ, ਉਲਟਾ, ਸਿਰਫ ਦੋ ਈਐਮੳ ਦੇ ਮੋਢਿਆਂ ਤੇ ਹੀ ਪੂਰੀ ਐਮਰਜੈਂਸੀ ਦੀ ਜਿੰਮੇਵਾਰੀ ਸੁੱਟ ਰੱਖੀ ਹੈ। ਨਤੀਜ਼ੇ ਵੱਜੋਂ ਐਮਰਜੈਂਸੀ ਹਾਲਤ ਵਿੱਚ ਹਸਪਤਾਲ ਪਹੁੰਚੇ ਮਰੀਜਾਂ ਨੂੰ ਰੱਬ ਆਸਰੇ ਹੀ ਛੱਡ ਦਿੱਤਾ ਜਾਂਦਾ ਹੈ। ਕੰਮ ਚਲਾਉਣ ਲਈ, ਮਾਹਿਰ ਡਾਕਟਰਾਂ ਦੀ ਡਿਊਟੀ ਐਮਰਜੈਂਸੀ ਵਾਰਡ ਵਿੱਚ ਲਾ ਦਿੱਤੀ ਜਾਂਦੀ ਹੈ। ਇਸ ਨਾਲ ਉਪੀਡੀ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ। ਯਾਨੀ ਇਹ ਸਮਝੋ ਕਿ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰਾਂ ਦੀ ਅਣਹੋਂਦ ਵਿੱਚ ੳ.ਪੀ.ਡੀ. ਵਿੱਚ ਸੈਂਕੜੇ ਮਰੀਜ਼ ਮਾਹਿਰ ਡਾਕਟਰਾਂ ਦੇ ਦਰਾਂ ਤੋਂ ਨਿਰਾਸ਼ ਮੁੜ ਜਾਂਦੇ ਹਨ। ਵਰਨਣਯੋਗ ਹੈ ਕਿ ਹਸਪਤਾਲ ਵਿੱਚ ਪ੍ਰਤੀ ਦਿਨ 1 ਹਜ਼ਾਰ ਤੋਂ 12 ਸੌ ਤੱਕ ਮਰੀਜ਼ਾਂ ਦੀ ਆਮਦ ਹੈ।