ਹੋ ਗਿਆ ਐਕਸ਼ਨ ! ਗੈਰਕਾਨੂੰਨੀ ਢੰਗ ਨਾਲ ਚੱਲਦੇ ਠੇਕਿਆਂ ਦਾ ਮੁੱਦਾ

Spread the love

ਖਬਰ ਦਾ ਅਸਰ-ਖਬਰੀ ਕਰੰਟ ਨੇ ਨੀਂਦ ‘ਚੋਂ ਜਗਾਇਆ ਆਬਕਾਰੀ ਵਿਭਾਗ

ਗੈਰਕਾਨੂੰਨੀ ਚੱਲਦੇ ਠੇਕਿਆਂ ਚ ਪਈ ਨਜਾਇਜ਼ ਸ਼ਰਾਬ ਸਬੰਧੀ ਠੇਕੇਦਾਰਾਂ ਖਿਲਾਫ਼ ਹੋਵੇਗੀ ਕਾਰਵਾਈ ?

ਹਰਿੰਦਰ ਨਿੱਕਾ , ਬਰਨਾਲਾ 23 ਮਈ 2023 

    ਦੇਸ਼ / ਪ੍ਰਦੇਸ਼ ਦੀਆਂ ਉੱਚ ਅਦਾਲਤਾਂ ਦੇ ਆਰਡਰ ਅਤੇ ਰੋਡ ਟਰਾਂਸਪੋਰਟਰ ਐਂਡ ਹਾਈਵੇ ਮੰਤਰਾਲੇ ਵੱਲੋਂ ਨੈਸ਼ਨਲ ਅਤੇ ਸਟੇਟ ਹਾਈਵੇ ਰੋਡ ਤੇ ਠੇਕੇ ਨਾ ਖੋਲਣ ਸਬੰਧੀ ਜਾਰੀ ਹਦਾਇਤਾਂ ਨੂੰ ਛਿੱਕੇ ਟੰਗਕੇ , ਨੈਸ਼ਨਲ ਅਤੇ ਸਟੇਟ ਹਾਈਵੇ ਤੇ ਧੜੱਲੇ ਨਾਲ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਦਾ ਮੁੱਦਾ ਬਰਨਾਲਾ ਟੂਡੇ ਵੱਲੋਂ ਪ੍ਰਮੁੱਖਤਾ ਨਾਲ ਉਭਾਰਨ ਤੋਂ ਬਾਅਦ ਆਖਿਰ ਆਬਕਾਰੀ ਵਿਭਾਗ ,ਗਹਰੀ ਨੀਂਦ ਤੋਂ ਜਾਗ ਹੀ ਗਿਆ ਹੈ। ਭਰੇ ਮਨ ਨਾਲ ਹੀ ਸਹੀ, ਆਬਕਾਰੀ ਅਧਿਕਾਰੀਆਂ ਨੇ ਬਰਨਾਲਾ ਤੋਂ ਰਾਏਕੋਟ ਸਟੇਟ ਹਾਈਵੇ (13) ‘ਤੇ ਪਿੰਡ ਵਜੀਦਕੇ ਖੁਰਦ, ਵਜੀਦਕੇ ਕਲਾਂ ,ਸਹਿਜੜਾ ਅਤੇ ਮਹਿਲ ਕਲਾਂ ਆਦਿ ਥਾਂਵਾਂ ਅਤੇ ਬਰਨਾਲਾ-ਮੋਗਾ ਨੈਸ਼ਨਲ ਹਾਈਵੇ ਨੰਬਰ 703 ਵਿਖੇ ਟੱਲੇਵਾਲ ਅਤੇ ਭੋਤਨਾ ਆਦਿ ਜਗ੍ਹਾ ਉੱਪਰ ਚੱਲ ਰਹੇ ਨਜਾਇਜ਼ ਸ਼ਰਾਬ ਦੇ ਠੇਕਿਆਂ ਨੂੰ ਸੀਲਾਂ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ। ਹੁਣ ਲੋਕਾਂ ਦੀਆਂ ਨਜਰਾਂ ਇਸ ਗੱਲ ਵੱਲ ਟਿਕੀਆਂ ਹੋਈਆਂ ਹਨ ਕਿ ਨਜਾਇਜ਼ ਸ਼ਰਾਬ ਦੇ ਠੇਕਿਆਂ ਉੱਤੇ ਰੱਖੀ ਸ਼ਰਾਬ ਦਾ ਕੀ ਬਣੇਗਾ ਅਤੇ ਕੀ ਹੁਣ ਨਜਾਇਜ਼ ਠੇਕੇ ਖੋਲ੍ਹਣ ਵਾਲਿਆਂ ਅਤੇ ਠੇਕਿਆ ਨੂੰ ਅੱਖਾਂ ਬੰਦ ਕਰਕੇ, ਚਲਾਈ ਜਾਣ ਲਈ ਹੱਲਾਸ਼ੇਰੀ ਦੇਣ ਵਾਲੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਖਿਲਾਫ ਕੀ ਕੋਈ ਐਕਸ਼ਨ ਹੋਵੇਗਾ। ਜਾਂ ਫਿਰ ਸ਼ੀਲ ਲੱਗੇ ਸ਼ਰਾਬ ਦੇ ਨਜਾਇਜ ਠੇਕਿਆਂ ਵਿੱਚ ਪਈ ਸ਼ਰਾਬ ਨੂੰ ਹਨ੍ਹੇਰੇ ਸਵੇਰੇ , ਠੇਕੇਦਾਰਾਂ ਨੂੰ ਚੁੱਕਣ ਲਈ ਹਰੀ ਝੰਡੀ ਹੀ ਦੇ ਦਿੱਤੀ ਜਾਵੇਗੀ।

        ਬਰਨਾਲਾ ਟੂਡੇ ਦੀ ਟੀਮ ਦੁਆਰਾ ਸ਼ਰਾਬ ਠੇਕੇਦਾਰਾਂ, ਆਬਕਾਰੀ ਵਿਭਾਗ ਦੇ ਕੁੱਝ ਅਧਿਕਾਰੀਆਂ ਅਤੇ ਪੁਲਿਸ ਦੇ ਕਥਿਤ ਗਠਜੋੜ ਨਾਲ ਚੱਲ ਰਹੇ ਗੋਰਖਧੰਦੇ ਨੂੰ ਬੇਨਕਾਬ ਕਰਕੇ, ਆਬਕਾਰੀ ਅਧਿਕਾਰੀਆਂ ਨੂੰ ਹਲੂਣ ਕੇ ਜਗਾਉਣ ਦਾ ਯਤਨ ਕੀਤਾ ਗਿਆ, ਜਿਸ ਤੋਂ ਬਾਅਦ ਠੇਕੇਦਾਰਾਂ ਨੂੰ ਸ਼ਹਿ ਦੇਣ ਵਾਲੇ ਕੁੱਝ ਅਧਿਕਾਰੀਆਂ ਅਤੇ ਸ਼ਰਾਬ ਠੇਕੇਦਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਆਬਕਾਰੀ ਅਧਿਕਾਰੀਆਂ ਨੇ ਆਪਣੇ ਵੱਲ ਉੱਠ ਰਹੀਂ, ਉੱਗਲ ਤੋਂ ੳਹਲੇ ਹੋਣ ਲਈ ਖੁਦ ਨੂੰ ਪਿੱਛੇ ਕਰ ਲਿਆ। ਜਦੋਂਕਿ ਸ਼ਰਾਬ ਠੇਕੇਦਾਰਾਂ ਨੇ ਖਬਰਾਂ ਨਾ ਲਾਉਣ ਲਈ, ਬਰਨਾਲਾ ਟੂਡੇ ਦੀ ਟੀਮ ਅਤੇ ਕੁੱਝ ਹੋਰ ਚੁਨਿੰਦਾ ਪੱਤਰਕਾਰਾਂ ਨੂੰ ਚੁੱਪ ਕਰਵਾਉਣ ਲਈ ਹਰ ਹੱਥਕੰਡਾ ਵਰਤਿਆ। ਪਰੰਤੂ ਮਾਮਲਾ ਜਿਉਂ ਦਾ ਤਿਉਂ ਬਰਕਰਾਰ ਰਹਿਣ ਕਾਰਣ, ਆਬਕਾਰੀ ਵਿਭਾਗ ਵਲੋਂ ਗੈਰਕਾਨੂੰਨੀ ਢੰਗ ਨਾਲ ਚੱਲ ਰਹੇ ਠੇਕਿਆਂ ਨੂੰ ਸੀਲ ਕਰ ਦਿੱਤਾ ਹੈ।

ਗੇਂਦ ਫਿਰ , ਆਬਕਾਰੀ ਅਧਿਕਾਰੀਆਂ ਦੇ ਪਾਲੇ ਵੱਲ

ਬੇਸ਼ੱਕ ਆਬਕਾਰੀ ਵਿਭਾਗ ਨੇ ਮਾਮਲਾ ਠੰਡਾ ਹੋਣ ਤੱਕ ਸ਼ਰਾਬ ਦੇ ਠੇਕਿਆਂ ਨੂੰ ਸੀਲ ਕਰਨ ਦੀ ਕਾਰਵਾਈ ਕਰ ਲਈ ਹੈ। ਪਰੰਤੂ ਸ਼ਰਾਬ ਦੇ ਨਜਾਇਜ਼ ਠੇਕਿਆਂ ਵਿੱਚ ਬੰਦ ਪਈ ਸ਼ਰਾਬ ਬਾਰੇ ਹੁਣ ਆਬਕਾਰੀ ਅਧਿਕਾਰੀ , ਠੇਕੇਦਾਰਾਂ ਖਿਲਾਫ ਕੋਈ ਕਿਹੋ ਜਿਹੀ ਕਾਨੂੰਨੀ ਜਾਂ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਉਣਗੇ , ਇਹ ਗੇਂਦ ਵੀ ਹੁਣ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਪਾਲੇ ਵਿੱਚ ਆ ਗਈ ਹੈ। ਇਸ ਤੋਂ ਇਲਾਵਾ ਵੱਡਾ ਸਵਾਲ ਇਹ ਵੀ ਹੈ ਕਿ ਕੀ ਵਿਭਾਗ ਦੇ ਆਲ੍ਹਾ ਅਧਿਕਾਰੀ , ਨਜਾਇਜ਼ ਠੇਕਿਆਂ ਨੂੰ ਚਲਦੇ ਰੱਖਣ ਲਈ ਸ਼ਹਿ ਦੇਣ ਵਾਲੇ ਅਧਿਕਾਰੀਆਂ ਜਾਂ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਕੋਈ ਜਾਂਚ ਕਰਕੇ,ਕਾਰਵਾਈ ਕਰਨਗੇ? ਇੱਨ੍ਹਾਂ ਵੱਡੇ ਸਵਾਲਾਂ ਦਾ ਜੁਆਬ ਹਾਲੇ ਸਮੇਂ ਦੀ ਗਰਭ ਵਿੱਚ ਪਲ ਰਿਹਾ ਹੈ।                             

ਕੀ ਹੈ ਨਿਯਮ ਅਤੇ ਹਦਾਇਤਾਂ
    ਵਰਣਨਯੋਗ ਹੈ ਕਿ ਰੋਡਾਂ ਉੱਪਰ ਵਧ ਰਹੀਆਂ ਸੜਕੀ ਦੁਰਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ 15 ਦਸੰਬਰ 2016 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਜਾਰੀ ਹੁਕਮਾਂ ਵਿੱਚ ਹਦਾਇਤ ਜਾਰੀ ਕੀਤੀ ਗਈ ਸੀ ਨਗਰ ਕੌਂਸਲ ਅਧੀਨ ਆਉਂਦੇ ਖੇਤਰ ਨੂੰ ਛੱਡ ਕੇ ਬਾਕੀ ਪੰਜਾਬ ਭਰ ਅੰਦਰ ਨੈਸ਼ਨਲ ਅਤੇ ਸਟੇਟ ਹਾਈਵੇਅ ਉੱਪਰ 220 ਮੀਟਰ ਦੀ ਦੂਰੀ ਤੋਂ ਅੰਦਰ ਸਰਾਬ ਦੇ ਠੇਕੇ ਅਤੇ ਅਹਾਤੇ ਨਾ ਖੋਲੇ ਜਾਣ। ਮਾਨਯੋਗ ਹਾਈ ਕੋਰਟ ਵਲੋਂ ਜਾਰੀ ਹੁਕਮਾਂ ਤੋਂ ਬਾਅਦ ਤਾਮਿਲਨਾਡੂ ਦੇ ਰਹਿਣ ਵਾਲੇ ਕੇ. ਬਾਲੂ ਵਲੋਂ ਮਾਨਯੋਗ ਸੁਪਰੀਮ ਕੋਰਟ ਵਿੱਚ ਸਿਵਲ ਅਪੀਲ ਨੰਬਰ – 12170/ 2016 ਦਾਇਰ ਕਰਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਜਾਰੀ ਕੀਤੇ 220 ਮੀਟਰ ਦੇ ਘੇਰੇ ਨੂੰ ਹੋਰ ਵਧਾਉਣ ਦੀ ਅਪੀਲ ਕੀਤੀ। ਜਿਸ ਤੇ 6 ਅਪ੍ਰੈਲ 2017 ਨੂੰ ਮਾਨਯੋਗ ਸੁਪਰੀਮ ਕੋਰਟ ਦੇ ਜਸਟਿਸ ਸ੍ਰੀ ਟੀ.ਅੱੈਸ.ਠਾਕੁਰ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਵਲੋਂ 32 ਪੰਨਿਆਂ ਦੇ ਜਾਰੀ ਹੁਕਮਾਂ ਚ ਇਸ ਦੂਰੀ ਨੂੰ ਵਧਾ ਕੇ 500 ਮੀਟਰ ਕਰ ਦਿੱਤਾ ਸੀ। ਮਾਨਯੋਗ ਸੁਪਰੀਮ ਕੋਰਟ ਵਲੋਂ ਜਾਰੀ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਦੇਸ ਭਰ ਅੰਦਰ ਹਰ ਸਾਲ 1ਲੱਖ 50 ਹਜਾਰ ਲੋਕ ਸੜਕੀ ਦੁਰਘਨਾਵਾਂ ਦਾ ਸਿਕਾਰ ਹੋ ਰਹੇ ਹਨ। ਜਿੰਨਾ ਵਿੱਚ ਜਿਆਦਾਤਰ ਦੁਰਘਟਨਾਵਾਂ ਸੜਕਾਂ ਕਿਨਾਰੇ ਖੁੱਲੇ ਸਰਾਬ ਦੇ ਠੇਕਿਆਂ ਕਾਰਨ ਵਾਪਰਦੀਆਂ ਹਨ। ਇਸਦੇ ਨਾਲ ਹੀ ਮਾਨਯੋਗ ਅਦਾਲਤ ਸੜਕਾਂ ਕਿਨਾਰੇ ਸਰਾਬ ਦੇ ਠੇਕਿਆਂ ਦੇ ਇਸਤਿਹਾਰੀ ਬੋਰਡ ਲਗਾਏ ਜਾਣ ਦੀ ਵੀ ਸਖ਼ਤ ਮਨਾਹੀ ਕੀਤੀ ਗਈ ਸੀ। ਹੁਕਮਾਂ ਵਿੱਚ ਇਹ ਵੀ ਜਿਕਰ ਕੀਤਾ ਗਿਆ ਸੀ ਕਿ ਇਹ ਹੁਕਮਾਂ 31ਮਾਰਚ 2017 ਤੋਂ ਬਾਅਦ ਆਉਣ ਵਾਲੇ ਨਵੇਂ ਵਰ੍ਹੇ ਤੋਂ ਲਾਗੂ ਹੋਣਗੇ। ਮਾਨਯੋਗ ਸੁਪਰੀਮ ਕੋਰਟ ਵਲੋਂ ਜਾਰੀ ਹੁਕਮਾਂ ਤੋਂ ਬਾਅਦ ‘ ਮਨੀਸਟਰੀ ਆਫ਼ ਰੋਡ ਟ੍ਰਾਂਸਪੋਰਟ ਐਂਡ ਹਾਈਵੇਅ ’ ਫਾਇਲ ਨੰਬਰ ਆਰ.ਡਬਲਿਊ / ਐੱਨ. ਐੱਚ. – 33044/ 309/2016/ਐੱਸ ਐਂਡ ਆਰ.(ਆਰ) ਵਲੋਂ ਏ .ਐੱਨ. ਆਈ. ਐੱਸ. ਓ. 9001: 2008 ਸਰਟੀਫਿਕੇਟ ਜਾਰੀ ਕਰਦਿਆਂ ਰਾਜਾਂ ਨੂੰ ਉਕਤ ਹੁਕਮਾਂ ਤੇ ਅਮਲ ਕਰਨ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਸਨ। ਪੰਜਾਬ ਸਰਕਾਰ ਵਲੋਂ ‘ਪੰਜਾਬ ਐਕਸਾਇਜ਼ ਅਮੈਂਡਮੈਂਟ ਬਿਲ 2017’ ਵਿੱਚ ਉਕਤ ਹੁਕਮਾਂ ਨੂੰ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪਰ ਇਸ ਸਭ ਦੇੇ ਬਾਵਜੂਦ ਠੇਕੇਦਾਰ , ਆਬਕਾਰੀ ਵਿਭਾਗ ਅਤੇੇੇ ਪੁਲਿਸ ਦੀ ਕਥਿਤ ਮਿਲੀ ਭੁਗਤ ਨਾਲ ਇਹ ਠੇਕੇ ਹਾਈਵੇ ਤੇ ਸ਼ਰੇਆਮ ਚੱਲ ਰਹੇ ਸਨ। 

Spread the love
Scroll to Top