ਅਕਾਦਮਿਕ ਅਹੁਦਿਆਂ ‘ਤੇ ਪ੍ਰਸ਼ਾਸਨਿਕ ਅਧਿਕਾਰੀ ਲਗਾਉਣ ਦੀ ਨਿਖੇਧੀ

Spread the love

ਸਿੱਖਿਆ ਡਾਇਰੈਕਟਰਾਂ ਦੇ ਸਾਰੇ ਅਹੁਦੇ ਸਿੱਖਿਆ ਕਾਡਰ ਵਿੱਚੋਂ ਭਰੇ ਜਾਣ : ਡੀ.ਟੀ.ਐੱਫ.

ਰਘਵੀਰ ਹੈਪੀ , ਬਰਨਾਲਾ 9 ਜੂਨ 2023
     ਡਾਇਰੈਕਟਰ ਪੰਜਾਬ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਸ.ਸੀ.ਈ.ਆਰ.ਟੀ.) ਜਿਹੇ ਨਿਰੋਲ ਅਕਾਦਮਿਕ ਅਹੁਦੇ ਲਈ ਮੁੱਢ ਤੋਂ ਲੱਗਦੇ ਆ ਰਹੇ ਸਿੱਖਿਆ ਕਾਡਰ ਨਾਲ ਸਬੰਧਿਤ ਅਧਿਕਾਰੀ ਦੀ ਥਾਂ ਹੁਣ ਪੰਜਾਬ ਸਰਕਾਰ ਵੱਲੋਂ ਇਹ ਜਿੰਮੇਵਾਰੀ ਲਈ ਵੀ ਪ੍ਰਸ਼ਾਸਨਿਕ ਤਜਰਬਾ ਰੱਖਣ ਵਾਲੇ ਪੰਜਾਬ ਸਿਵਲ ਸੇਵਾਵਾਂ ਦੇ ਅਧਿਕਾਰੀ ਭਾਵ ਪੀ.ਸੀ.ਐੱਸ. ਨੂੰ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨੇ ਸਰਕਾਰ ਦੇ ਇਸ ਕਦਮ ਦਾ ਸਖ਼ਤ ਵਿਰੋਧ ਕਰਦਿਆਂ, ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਦੇ ਨਾਲ ਨਾਲ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਦੇ ਅਹੁਦੇ ਨੂੰ ਵੀ ਸਿੱਖਿਆ ਕਾਡਰ (ਪੀ.ਈ.ਐੱਸ.) ਵਿੱਚੋਂ ਹੀ ਭਰਨ ਦੀ ਮੰਗ ਕੀਤੀ ਹੈ।
      ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ, ਸਕੱਤਰ ਨਿਰਮਲ ਚੁਹਾਣਕੇ,ਸੂਬਾ ਕਮੇਟੀ ਮੈਂਬਰ ਗੁਰਮੇਲ ਭੁਟਾਲ, ਸੁਖਦੀਪ ਤਪਾ,ਜ਼ਿਲ੍ਹਾ ਖਜ਼ਾਨਚੀ ਲਖਵੀਰ ਠੁੱਲੀਵਾਲ,ਬਲਾਕ ਪ੍ਰਧਾਨ ਸੱਤਪਾਲ ਬਾਂਸਲ,ਮਾਲਵਿੰਦਰ ਸਿੰਘ ਤੇ ਅੰਮ੍ਰਿਤਪਾਲ ਕੋਟਦੁੰਨਾ ਨੇ ਇਸ ਸੰਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਅਧਿਆਪਕ ਜੱਥੇਬੰਦੀਆਂ ਪਿਛਲੇ ਕਈ ਸਾਲਾਂ ਤੋਂ ਮੰਗ ਕਰਦੀਆਂ ਆ ਰਹੀਆਂ ਸਨ, ਕਿ ਡੀ.ਪੀ.ਆਈ (ਸੈਕੰਡਰੀ ਸਿੱਖਿਆ) ਹੁਣ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਦਾ ਅਹੁਦਾ ਸਿੱਖਿਆ ਵਰਗੇ ਸੰਵੇਦਨਸ਼ੀਲ ਵਿਸ਼ੇ ਅਤੇ ਵਿਸ਼ੇਸ਼ ਮੁਹਾਰਤ ਨਾਲ ਸਬੰਧਿਤ ਹੋਣ ਕਾਰਨ ਸਿੱਖਿਆ ਵਿਭਾਗ ਦੇ ਸੀਨੀਅਰ ਸਿੱਖਿਆ ਅਧਿਕਾਰੀਆਂ ਵਿੱਚੋਂ ਹੀ ਭਰਿਆ ਜਾਣਾ ਚਾਹੀਦਾ ਹੈ। ਇੱਥੇ ਜ਼ਿਕਰਯੋਗ ਹੈ ਕੇ ਇਹ ਅਹੁਦਾ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ (ਸਾਲ 2007-2012) ਦੌਰਾਨ ਸਿੱਖਿਆ ਕਾਡਰ ਦੀ ਥਾਂ ਪੀ.ਸੀ.ਐੱਸ. ਕਾਡਰ ਵਿੱਚੋਂ ਭਰਨ ਦੀ ਸ਼ੂਰੁਆਤ ਕੀਤੀ ਗਈ, ਜਿਸ ਫ਼ੈਸਲੇ ਨੂੰ ਗੈਰ ਵਾਜਿਬ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਵੀ ਜ਼ਾਰੀ ਰੱਖਿਆ ਅਤੇ ਹੁਣ ਸਿੱਖਿਆ ਨੂੰ ਤਰਜੀਹੀ ਖੇਤਰ ਦੱਸਣ ਵਾਲੀ ‘ਆਪ’ ਸਰਕਾਰ ਨੇ ਬਾਕੀਆਂ ਤੋਂ ਇੱਕ ਕਦਮ ਅੱਗੇ ਜਾਂਦਿਆਂ, ਵਿੱਦਿਅਕ ਮਨੋਵਿਗਿਆਨ ਦੀ ਚੰਗੀ ਸਮਝ ਹੋਣ ਦੀ ਮੰਗ ਕਰਦੇ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਵਰਗੇ ਅਹੁਦੇ ‘ਤੇ ਵੀ ਪ੍ਰਸ਼ਾਸਨਿਕ ਅਧਿਕਾਰੀ ਹੀ ਬਿਠਾ ਦਿੱਤਾ ਹੈ। ਆਗੂਆਂ ਨੇ ਦੱਸਿਆ ਕਿ ਇਸ ਕੰਮ ਲਈ ਸਿੱਖਿਆ ਸ਼ਾਸਤਰੀ ਹੋਣ ਦੇ ਗੁਣਾਂ ਨਾਲ ਭਰਭੂਰ ਅਕਾਦਮਿਕ ਅਧਿਕਾਰੀ ਹੀ ਚਾਹੀਦਾ ਹੈ, ਕਿਉਂਕਿ ਇਸ ਸੰਸਥਾ ਦੀ ਅਹਿਮ ਜਿੰਮੇਵਾਰੀ ਰਾਜ ਦੀਆਂ ਲੋੜਾਂ ਅਨੁਸਾਰ ਪਾਠਕ੍ਰਮ ਢਾਂਚੇ ਦੀ ਉਸਾਰੀ ਕਰਨਾ, ਵਿਦਿਆਰਥੀਆਂ ਦੀ ਉਮਰ ਅਨੁਸਾਰ ਸਿਲੇਬਸ ਘੜਨਾ, ਪਾਠ ਪੁਸਤਕਾਂ ਵਿੱਚ ਸੋਧ, ਮੁਲਾਂਕਣ, ਵਿੱਦਿਅਕ ਖੋਜ ਅਤੇ ਅਧਿਆਪਕਾਂ ਦੀ ਟ੍ਰੇਨਿੰਗ ਦਾ ਕੰਮ ਸੁਚਾਰੂ ਰੂਪ ਵਿੱਚ ਚਲਾਉਣਾ ਹੈ। ਅਜਿਹੇ ਅਹੁਦੇ ‘ਤੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਲਗਾਉਣਾ ਇਸ ਅਹੁਦੇ ਨਾਲ ਅਨਿਆਂ ਦੇ ਸਮਾਨ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਕੂਲੀ ਸਿੱਖਿਆ ਮਹਿਕਮੇ ਦੇ ਡਾਇਰੈਕਟਰਾਂ ਦੇ ਤਿੰਨੋ ਅਹੁਦੇ ਡਾਇਰੈਕਟਰ ਐੱਸ.ਸੀ.ਈ.ਆਰ.ਟੀ., ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਅਤੇ ਡਾਇਰੈਕਟਰ ਸਕੂਲ ਸਿੱਖਿਆ (ਪ੍ਰਾਇਮਰੀ), ਸੀਨੀਅਰ ਸਿੱਖਿਆ ਅਧਿਕਾਰੀਆਂ ਵਿੱਚੋਂ ਲਗਾਉਣੇ ਯਕੀਨੀ ਹੋਣੇ ਚਾਹੀਦੇ ਹਨ।

Spread the love
Scroll to Top