ਅਫਸਰਾਂ ਦੇ ਸਾਹ ਸੁਕਾਉਣ ਲੱਗੇ ਕਣਕ ਨਾਲ ਭਰੀਆਂ ਬੋਰੀਆਂ ਦੇ ਅੰਬਾਰ 

Spread the love

ਅਸ਼ੋਕ ਵਰਮਾ , ਬਠਿੰਡਾ, 22 ਅਪਰੈਲ 2023

      ਪੰਜਾਬ ਦੇ ਖਰੀਦ ਕੇਂਦਰਾਂ ਪਈਆਂ ਕਣਕ ਨਾਲ ਭਰੀਆਂ ਹੋਈਆਂ ਬੋਰੀਆਂ ਦੇ ਅੰਬਾਰ ਅਫਸਰਾਂ ਨੂੰ ਡਰਾਉਣ ਲੱਗੇ ਹਨ। ਮਾਮਲਾ ਮੰਡੀਆਂ ਵਿੱਚੋਂ ਕਣਕ ਦੀ ਚੁਕਾਈ ਨਾਲ ਜੁੜਿਆ ਹੈ ਜਿਸ ਤੇ ਹਾਲ ਦੀ ਘੜੀ ਸੁਲਝਣ ਦੀ ਕੋਈ ਸੰਭਾਵਨਾ ਵੀ ਦਿਖਾਈ ਦੇ ਰਹੀ ਹੈ।ਪਹਿਲੀ ਦਫ਼ਾ ਹੈ ਕਿ ਲਿਫ਼ਟਿੰਗ ਕੀੜੀ ਚਾਲ ਚੱਲ ਰਹੀ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਅਧਿਕਾਰੀ ਇਸ ਮੁੱਦੇ ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।ਵੱਖ-ਵੱਖ ਜ਼ਿਲ੍ਹਿਆ ਵਿੱਚ ਪ੍ਰਸ਼ਾਸ਼ਨ ਪ੍ਰੈਸ ਨੋਟ ਜਾਰੀ ਕਰਕੇ ਸਭ ਅੱਛਾ ਕਰਾਰ ਦੇ ਰਿਹਾ ਹੈ ਜਦੋਂਕਿ ਕਿਸਾਨ ਖੁਦ ਨੂੰ ਫਸਿਆ ਮਹਿਸੂਸ ਕਰ ਰਹੇ ਹਨ।                           
      ਬਹੁਤੇ ਖ਼ਰੀਦ ਕੇਂਦਰਾਂ ਵਿੱਚ ਨਵੀਂ ਫ਼ਸਲ ਉਤਾਰਨ ਵਾਸਤੇ ਥਾਂ ਨਹੀਂ ਬਚੀ ਹੈ।  ਵਾਢੀ  ਤੇਜ਼ ਹੋਣ ਕਰਕੇ ਮੰਡੀਆਂ ਵਿੱਚ ਰੋਜ਼ਾਨਾ ਫ਼ਸਲ ਦੀ ਆਮਦ ਵਧ ਰਹੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ  ਇਸ ਵੇਲੇ ਵੱਖ-ਵੱਖ ਖ਼ਰੀਦ ਕੇਂਦਰਾਂ ਵਿੱਚ ਕਣਕ ਦੀ6 ਤੋਂ 7 ਕਰੋੜ  ਬੋਰੀ ਚੁਕਾਈ ਵੰਨਿਓਂ ਪਈ ਹੈ। ਦੂਜੇ ਪਾਸੇ ਡਿਪਟੀ ਕਮਿਸ਼ਨਰਾਂ ਦੇ ਡੰਡੇ ਦੇ ਡਰੋਂ ਖਰੀਦ ਇੰਸਪੈਕਟਰਾਂ ਨੂੰ ਹੱਥੋ-ਹੱਥੀ ਖਰੀਦ ਕਰਨੀ ਪੈ ਰਹੀ ਹੈ। ਨੱਕੋ-ਨੱਕ ਭਰੇ ਖਰੀਦ ਕੇਂਦਰ ਟਰੱਕਾਂ ਨੂੰ ਉਡੀਕ ਰਹੇ ਹਨ ਜਿਨ੍ਹਾਂ ਦਾ ਕੋਈ ਹੱਲ  ਨਿਕਲਦਾ ਦਿਖਾਈ ਨਹੀਂ ਦੇ ਰਿਹਾ ਹੈ।
             ਖ਼ਰੀਦ ਕੇਂਦਰਾਂ ਵਿੱਚ ਬਣੀ ਸਥਿਤੀ ਨੂੰ ਦੇਖਦਿਆਂ ਕਿਸਾਨ ਧਿਰਾਂ ਸੜਕਾਂ ਤੇ ਉਤਰਨ ਦੀ ਤਿਆਰੀ ਕਰਨ ਲੱਗੀਆਂ ਹਨ। ਅੱਜ ਬਠਿੰਡਾ ਜ਼ਿਲ੍ਹੇ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਕਿਸਾਨ ਜਥੇਬੰਦੀ ਨੇ ਕੌਮੀ ਮਾਰਗ ਜਾਮ ਕੀਤਾ ਹੈ। ਪਤਾ ਲੱਗਿਆ ਹੈ ਕਿ  ਕੇਂਦਰ ਸਰਕਾਰ ਦੀ ਨਵੀਂ ਰਣਨੀਤੀ ਕਰਕੇ ਸਮੱਸਿਆ ਪੈਦਾ ਹੋਈ ਹੈ।ਕੇਂਦਰੀ ਖ਼ੁਰਾਕ ਮੰਤਰਾਲੇ ਨੇ ਐਤਕੀ ਖ਼ਰੀਦ ਕੇਂਦਰਾਂ ਵਿੱਚੋਂ ਕਣਕ ਦੀ ਫ਼ਸਲ ਦੀ ਸਿੱਧੀ ਸਪਲਾਈ ਦੂਸਰੇ ਸੂਬਿਆਂ ਨੂੰ ਕਰਨੀ ਸ਼ੁਰੂ ਕੀਤੀ ਹੈ  ।
      ਹਾਲਾਂਕਿ ਖਰੀਦ ਨਾਲ ਜੁੜੇ ਅਧਿਕਾਰੀ ਜਲਦੀ ਦੀ ਸਥਿਤੀ ਠੀਕ ਹੋਣ ਦਾ ਦਾਅਵਾ ਕਰਦੇ ਹਨ ਫਿਰ ਵੀ ਇਸ ਵੇਲੇ ਖ਼ਰੀਦ ਕੇਂਦਰਾਂ ’ਚ ਕਣਕ ਦੀ ਫ਼ਸਲ ਦੀ ਲਿਫ਼ਟਿੰਗ ਚੁਣੌਤੀ ਬਣੀ ਹੋਈ  ਹੈ। ਗੁਦਾਮਾਂ ਵਿੱਚ ਭੰਡਾਰ ਕੀਤੇ ਜਾਣ ਵਾਲੀ ਫ਼ਸਲ ਲਈ ਐਤਕੀ ਮੌਕੇ  ਘੱਟ ਹਨ। ਗੁਦਾਮਾਂ ਅੱਗੇ ਲੰਮੀਆਂ ਕਤਾਰਾਂ ਲੱਗ ਗਈਆਂ ਹਨ ਕਿਉਂਕਿ ਕਣਕ ਦੀ ਫ਼ਸਲ ਗੁਦਾਮਾਂ ਵਿੱਚ ਉਤਾਰਨ ’ਤੇ ਸਮਾਂ ਲੱਗ ਰਿਹਾ ਹੈ। ਪੰਜਾਬ ਵਿੱਚੋਂ ਕਣਕ ਚੁੱਕਣ ਲਈ ਲੋੜ ਅਨੁਸਾਰ ਵਿਸ਼ੇਸ਼ ਰੇਲ ਗੱਡੀਆਂ ਵੀ ਉਪਲੱਬਧ ਨਹੀਂ ਹੋ ਰਹੀਆਂ ਹਨ। ਇਸ ਤਰ੍ਹਾਂ ਦੇ ਹਲਾਤਾਂ ਦਰਮਿਆਨ  ਮੰਡੀਆਂ ਫ਼ਸਲ ਨਾਲ ਨੱਕੋ-ਨੱਕ ਭਰ ਗਈਆਂ ਹਨ। 
   ਬਹੁਤੇ ਖ਼ਰੀਦ ਕੇਂਦਰਾਂ ਵਿੱਚ ਤਾਂ ਬਿਲਕੁਲ ਵੀ ਜਗ੍ਹਾ ਨਹੀਂ ਬਚੀ ਹੈ। ਕਿਸਾਨ ਆਖਦੇ ਹਨ ਕਿ ਉਹ ਕਿਸ ਖੂਹ ਖਾਤੇ ਪੈਣ। ਉਨ੍ਹਾਂ ਆਖਿਆ ਕਿ  ਦੁਰਪ੍ਰਬੰਧਾਂ ਕਰਕੇ ਉਹਨਾਂ ਨੂੰ ਕਈ ਕਈ  ਦਿਨ ਮੰਡੀਆਂ ਵਿੱਚ ਰਾਤਾਂ ਗੁਜਾਰਨੇ ਪੈ ਰਹੇ ਹਨ।ਵੇਰਵਿਆਂ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿੱਚੋ ਹੁਣ ਤੱਕ ਖ਼ਰੀਦ ਕੀਤੀ ਫ਼ਸਲ ਵਿੱਚੋਂ ਕਰੀਬ12 ਲੱਖ ਮੀਟਰਿਕ ਟਨ ਕਣਕ ਦੀ ਲਿਫ਼ਟਿੰਗ ਹੋਈ ਹੈ। ਤਕਰੀਬਨ 75 ਫ਼ੀਸਦੀ ਫ਼ਸਲ ਖਰੀਦ ਕੇਂਦਰਾਂ ਵਿੱਚ ਖੁੱਲ੍ਹੇ ਅਸਮਾਨ ਹੇਠਾਂ ਰੁਲ ਰਹੀ  ਹੈ।ਸੂਤਰ ਦੱਸਦੇ ਹਨ ਕਿ ਅਧਿਕਾਰੀਆਂ ਨੂੰ ਟਰੱਕ ਯੂਨੀਅਨਾਂ ਨਾਲ ਰਾਬਤਾ ਬਨਾਉਣ ਲਈ ਆਖ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਡਿਊਟੀ ਮੰਡੀਆਂ ਵਿੱਚ ਟਰੱਕ ਭੇਜਣ ’ਤੇ ਲਾ ਦਿੱਤੀ ਗਈ ਹੈ।
 ਸੜਕਾਂ ਤੇ ਉੱਤਰਾਂਗੇ: ਮਾਨ
    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਲਿਫਟਿੰਗ ਦੇ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਸਨ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਹਮਾਇਤੀ ਹੋਣ ਦੇ ਦਾਅਵੇ ਕਰਦੀ ਹੈ ਤਾਂ ਫਿਰ ਪ੍ਰਬੰਧ ਪੂਰੇ ਕਿਓਂ ਨਹੀਂ ਕੀਤੇ ਗਏ ਜੋ ਕਿ ਸਰਕਾਰ ਦੀ ਜਿੰਮੇਵਾਰੀ ਹਨ। ਉਨ੍ਹਾਂ ਕਿਹਾ ਕਿ ਜੇ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਝੱਲਣੀ ਪਈ ਤਾਂ ਉਹ ਸੜਕਾਂ ’ਤੇ ਉਤਰਨਗੇ।  ਉਨ੍ਹਾਂ ਸਮੂਹ ਕਿਸਾਨਾਂ ਨੂੰ ਸਰਕਾਰੀ ਵਤੀਰੇ ਖਿਲਾਫ ਇੱਕ ਜੁੱਟ ਹੋਕੇ ਅਵਾਜ ਉਠਾਉਣ ਦਾ ਸੱਦਾ ਵੀ ਦਿੱਤਾ।

Spread the love
Scroll to Top